ਕਾਹਨੂੰਵਾਨ ਛੰਭ ਵਿੱਚ ਨਗਰ ਕੌਂਸਲ ਗੁਰਦਾਸਪੁਰ ਵੱਲੋਂ ਸੁੱਟੇ ਜਾ ਰਹੇ ਕੂੜੇ ਨੂੰ ਬੰਦ ਕਰਨ ਸਬੰਧੀ ਡੀ. ਸੀ. ਨੂੰ ਦਿੱਤਾ ਮੰਗ ਪੱਤਰ
ਜਨਤਕ ਜਥੇਬੰਦੀਆਂ “ਘੱਲੂਘਾਰਾ ਕਾਹਨੂੰਵਾਨ ਛੰਭ ਬਚਾਓ ਮੰਚ” ਦੇ ਬੈਨਰ ਥੱਲੇ ਹੋਈਆਂ ਇਕਜੁੱਟ
ਗੁਰਦਾਸਪੁਰ, 18 ਜੁਲਾਈ 2024 (ਦੀ ਪੰਜਾਬ ਵਾਇਰ)। ਘੱਲੂਘਾਰਾ ਕਾਹਨੂੰਵਾਨ ਛੰਭ ਵਿੱਚ ਨਗਰ ਕੌਂਸਲ ਗੁਰਦਾਸਪੁਰ ਵੱਲੋਂ ਸੁੱਟੇ ਜਾ ਰਹੇ ਕੂੜੇ ਨੂੰ ਬੰਦ ਕਰਨ ਲਈ ਇਲਾਕੇ ਦੇ ਲੋਕਾਂ ਅਤੇ ਦੂਰ ਦੁਰਾਡੇ ਤੋਂ ਪਹੁੰਚੇ ਵਿਰਾਸਤ ਅਤੇ ਵਾਤਾਵਰਨ ਪ੍ਰੇਮੀਆਂ ਵੱਲੋਂ ਇਕੱਠੇ ਹੋ ਕੇ ਡਿਪਟੀ ਕਮਿਸ਼ਨ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਮਤਿ ਲੋਕਧਾਰਾ ਦੇ ਆਗੂ ਗੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਘੱਲੂਘਾਰਾ ਕਾਹਨੂੰਵਾਨ ਛੰਭ ਵਿੱਚ ਕੂੜਾ ਸੱਟੇ ਜਾਣ ਕਾਰਨ ਖ਼ਰਾਬ ਹੋ ਰਿਹਾ ਵਾਤਾਵਰਨ ਅਤੇ ਪਲੀਤ ਹੋ ਰਹੀ ਸ਼ਹੀਦਾਂ ਦੀ ਪਵਿੱਤਰ ਧਰਤੀ ਨੂੰ ਬਚਾਉਣ ਲਈ ਵੱਖ ਵੱਖ ਜਥੇਬੰਦੀਆਂ “ਘੱਲੂਘਾਰਾ ਕਾਹਨੂੰਵਾਨ ਛੰਭ ਬਚਾਓ ਮੰਚ” ਦੇ ਬੈਨਰ ਹੇਠ ਇੱਕ ਜੁੱਟ ਹੋਈਆਂ ਹਨ। ਇਸ ਮੁੱਦੇ ਨੂੰ ਲੈ ਕੇ ਇਲਾਕੇ ਭਰ ਦੇ ਲੋਕ ਅਤੇ ਦੂਰ ਦੁਰਾਡੇ ਤੋਂ ਪਹੁੰਚੇ ਵਿਰਾਸਤ ਅਤੇ ਵਾਤਾਵਰਨ ਪ੍ਰੇਮੀਆਂ ਨੇ ਅੱਜ 11 ਵਜੇ ਗੁਰੂ ਨਾਨਕ ਪਾਰਕ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਇਕੱਠੇ ਹੋਏ। ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਕਾਹਨੂੰਵਾਨ ਨਗਰ ਕੌਂਸਲ ਵੱਲੋਂ ਸੁੱਟੇ ਜਾ ਰਹੇ ਕੂੜੇ ਕਾਰਨ ਫੈਲ ਰਹੀਆਂ ਭਿਆਨਕ ਬਿਮਾਰੀਆਂ ਅਤੇ ਵਾਤਾਵਰਨ ਦੀ ਖ਼ਰਾਬੀ ਸਬੰਧੀ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਐਲਾਨ ਕੀਤਾ ਕਿ ਉਸ ਇਸ ਗੈਰ ਕਾਨੂੰਨੀ ਅਤੇ ਗੈਰ ਇਖ਼ਲਾਕੀ ਵਰਤਾਰੇ ਨੂੰ ਬੰਦ ਕਰਵਾਉਣ ਲਈ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਣਗੇ। ਜਿਸ ਤੋਂ ਬਾਅਦ ਪਿੰਡ ਚੋਪੜਾ ਕੋਟਲੀ ਸੈਣੀਆਂ ਅਤੇ ਇਕੱਤਰ ਹੋ ਸਮੂਹ ਲੋਕਾਂ ਨੇ ਡੀ. ਸੀ. ਦਫ਼ਤਰ ਤੱਕ ਰੋਸ ਮੁਜ਼ਾਹਰਾ ਕਰਨ ਤੋਂ ਬਾਅਦ ਮੰਗ ਪੱਤਰ ਸੌਂਪਿਆ।
ਇਸ ਮੌਕੇ ਰੋਸ ਮਾਰਚ ਦੀ ਅਗਵਾਈ ਕਰਦੇ ਸਮੇਂ ਵਰਿੰਦਰਜੀਤ ਸਿੰਘ ਜਾਗੋਵਾਲ, ਜਸਬੀਰ ਸਿੰਘ ਬਾਜਵਾ, ਅਮਰਜੀਤ ਸਿੰਘ ਚੋਪੜਾ, ਸਰਪੰਚ ਸਰਬਜੀਤ ਸਿੰਘ ਚੋਪੜਾ ਅਤੇ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਦੇ ਆਗੂ ਬਲਬੀਰ ਸਿੰਘ ਰੰਧਾਵਾ ਨੇ ਕਿਹਾ ਕਿ ਕਾਹਨੂੰਵਾਨ ਦੇ ਇਤਿਹਾਸਿਕ ਛੰਭ ਵਿੱਚ ਨਗਰ ਕੌਂਸਲ ਗੁਰਦਾਸਪੁਰ ਵੱਲੋਂ ਸ਼ਹਿਰ ਦਾ ਕੂੜਾ ਡੰਪ ਕੀਤਾ ਜਾਣਾ ਵਿਵਹਾਰਿਕ ਪੱਧਰ ਤੇ, ਉੱਥੋਂ ਦੇ ਵਸਨੀਕਾਂ ਦੀ ਸਿਹਤ ਸੰਭਾਲ ਪੱਖੋਂ, ਕਾਨੂੰਨੀ ਪੱਖੋਂ, ਕੁਦਰਤੀ ਵਾਤਾਵਰਨ ਦੀ ਸੰਭਾਲ ਕਰਨ ਪੱਖੋਂ ਅਤੇ ਛੋਟੇ ਘੱਲੂਘਾਰੇ ਦੀ ਇਤਿਹਾਸਕ ਅਤੇ ਵਿਰਾਸਤੀ ਪਵਿੱਤਰਤਾ ਪੱਖੋਂ ਕਿਸੇ ਵੀ ਤਰਾਂ ਜਾਇਜ਼ ਨਹੀਂ ਹੈ। ਗੁਰਦਾਸਪੁਰ ਨਗਰ ਕੌਂਸਲ ਵੱਲੋਂ ਵਗਦੇ ਪਾਣੀ ਅਤੇ ਚਰਾਂਦ ਵਿੱਚ ਕੀਤੀ ਜਾ ਰਹੀ ਇਹ ਕਾਰਵਾਈ ਗੈਰ ਕਾਨੂੰਨੀ ਹੈ। ਉਨ੍ਹਾਂ ਕਿਹਾ ਕਿ ਇਸ ਕੂੜਾ ਕਰਕਟ ਨੂੰ ਛੰਭ ਖੇਤਰ ਵਿੱਚ ਸੁੱਟਣਾ ਤੁਰੰਤ ਬੰਦ ਕੀਤਾ ਜਾਵੇ। ਇਸ ਮੌਕੇ ਰੋਸ ਮਾਰਚ ਦੀ ਅਗਵਾਈ ਕਰਨ ਵਾਲਿਆਂ ਵਿੱਚ ਸਵਿੰਦਰ ਸਿੰਘ ਕੋਟਲੀ ਸੈਣੀਆਂ, ਸੁਖਵੰਤ ਸਿੰਘ ਸਠਿਆਲੀ, ਕੁਲਵਿੰਦਰ ਸਿੰਘ ਕਿਸ਼ਨਪੁਰ, ਬੀਬੀ ਜਗਜੀਤ ਕੌਰ ਚੌਪੜਾ, ਬੀਬੀ ਰਵਿੰਦਰ ਕੌਰ ਚੌਪੜਾ, ਸਾਬਕਾ ਸਰਪੰਚ ਬਚਿੱਤਰ ਸਿੰਘ ਬਿੱਲਾ, ਕਸ਼ਮੀਰ ਸਿੰਘ ਚੋਪੜਾ ਆਦਿ ਸ਼ਾਮਲ ਸਨ।