ਕਮਾਂਡਰ ਨੇ ਰਿਹਾਈ ਦਾ ਕੋਈ ਹੁਕਮ ਮਿਲਣ ਤੋਂ ਕੀਤਾ ਇੰਨਕਾਰ – ਬਲਵਿੰਦਰ ਸਿੰਘ
ਰੂਸੀ ਫੌਜ ਵੱਧ ਤੋਂ ਵੱਧ ਭਾਰਤੀਆਂ ਨੂੰ ਫਰੰਟਲਾਈਨ ‘ਤੇ ਭੇਜ ਰਹੀ ਹੈ
ਗੁਰਦਾਸਪੁਰ, 13 ਜੁਲਾਈ 2024 (ਮੰਨਣ ਸੈਣੀ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਆਪਣੀ ਰੂਸ ਫੇਰੀ ਦੌਰਾਨ ਯੂਕਰੇਨ ਵਿਰੁੱਧ ਰੂਸੀ ਫੌਜ ਵਿੱਚ ਲੜ ਰਹੇ ਭਾਰਤੀਆਂ ਦਾ ਮੁੱਦਾ ਉਠਾਉਣ ਤੋਂ ਕੁਝ ਦਿਨ ਬਾਅਦ, ਗੁਰਦਾਸਪੁਰ (ਪੰਜਾਬ) ਦੇ ਇੱਕ ਵਿਅਕਤੀ ਗਗਨਦੀਪ ਸਿੰਘ ਦੀਆਂ ਘਰ ਵਾਪਸੀ ਦੀਆਂ ਉਮੀਦਾਂ ‘ਤੇ ਪਾਣੀ ਫਿਰ ਗਿਆ ਹੈ ਜਦੋਂ ਉਸ ਨੂੰ ਫਰੰਟਲਾਈਨ ‘ਤੇ ਵਾਪਸ ਜਾਣ ਲਈ ਆਖ ਦਿੱਤਾ ਗਿਆ।
ਗੁਰਦਾਸਪੁਰ ਤੋਂ ਗਗਨਦੀਪ ਸਿੰਘ ਭਾਰਤ ਦੇ ਉਨ੍ਹਾਂ ਕਈ ਬੰਦਿਆਂ ਵਿੱਚੋਂ ਇੱਕ ਹੈ ਜਿਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਰੂਸੀ ਫ਼ੌਜ ਵਿੱਚ ਉਨ੍ਹਾਂ ਦੀ ਮਰਜ਼ੀ ਦੇ ਖ਼ਿਲਾਫ਼ ਭਰਤੀ ਕੀਤਾ ਗਿਆ ਸੀ ਅਤੇ ਲੜਨ ਲਈ ਮਜਬੂਰ ਕੀਤਾ ਗਿਆ ਸੀ। ਗਗਨਦੀਪ ਸਿੰਘ ਕਲਾਨੌਰ ਦੇ ਪਿੰਡ ਡੇਹਰੀਵਾਲ ਦਾ ਰਹਿਣ ਵਾਲਾ ਹੈ।
ਇੱਥੇ ਦੱਸਣਯੋਗ ਹੈ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਗੱਲਬਾਤ ਤੋਂ ਬਾਅਦ ਭਾਰਤ ਪਰਤਣ ਦੀ ਇੱਛਾ ਰੱਖਣ ਵਾਲੇ ਭਾਰਤੀ ਨਾਗਰਿਕਾਂ ਦੀ ਰਿਹਾਈ ਲਈ ਸਹਿਮਤੀ ਦਿੱਤੀ ਸੀ। ਪਰ ਗਗਨਦੀਪ ਸਿੰਘ ਦੇ ਪਿਤਾ ਬਲਵਿੰਦਰ ਸਿੰਘ ਨੇ ਦੱਸਿਆ ਕਿ ਗਗਨਦੀਪ ਸਿੰਘ ਦੇ ਕਮਾਂਡਰ ਨੇ ਉਨ੍ਹਾਂ ਦੀ ਰਿਹਾਈ ਲਈ ਸਰਕਾਰ ਤੋਂ ਕੋਈ ਆਦੇਸ਼ ਮਿਲਣ ਤੋਂ ਇਨਕਾਰ ਕੀਤਾ ਹੈ।
“ਪੀਐਮ ਮੋਦੀ ਦੇ ਵਾਪਸ ਜਾਣ ਤੋਂ ਬਾਅਦ, ਹੁਣ ਪੂਰੀ ਯੂਨਿਟ ਫਰੰਟਲਾਈਨ ‘ਤੇ ਜਾ ਰਹੀ ਹੈ, ਅਤੇ ਗਗਨਦੀਪ ਨੂੰ ਵੀ ਯੂਨਿਟ ਵਿੱਚ ਸ਼ਾਮਲ ਹੋਣ ਲਈ ਕਿਹਾ ਗਿਆ ਹੈ। ਉਹ ਭਾਰਤ ਸਰਕਾਰ ਨੂੰ ਬੇਨਤੀ ਕਰਦੇ ਹਨ ਕਿ ਉਹ ਰੂਸ ਨਾਲ ਗੱਲ ਕਰੇ ਅਤੇ ਬੱਚਿਆ ਦੀਭਾਰਤ ਫੇਰੀ ਦਾ ਪ੍ਰਬੰਧ ਕਰੇ, ” ਬਲਵਿੰਦਰ ਸਿੰਘ ਨੇ ਕਿਹਾ । ਸਿੰਘ ਨੇ ਦੱਸਿਆ ਕਿ ਗਗਨਦੀਪ ਦੀ ਗੋਡੇ ਦੀ ਸੱਟ ਵੀ ਠੀਕ ਹੋ ਗਈ ਹੈ।
ਦੀ ਪੰਜਾਬ ਵਾਇਰ ਨਾਲ ਗੱਲਬਾਤ ਕਰਦੇ ਹੋਏ ਬਲਵਿੰਦਰ ਸਿੰਘ ਨੇ ਦੱਸਿਆ ਕਿ ਕਿਉਂਕਿ ਗਗਨਦੀਪ ਨੂੰ ਸੱਟ ਕਾਰਨ ਫਰੰਟਲਾਈਨ ਤੋਂ ਵਾਪਸ ਭੇਜ ਦਿੱਤਾ ਗਿਆ ਸੀ ਅਤੇ ਕੈਂਪ ਵਿੱਚ ਰਹਿੰਦੇ ਹੋਏ ਉਸ ਕੋਲ ਇੰਟਰਨੈਟ ਦੀ ਵਰਤੋਂ ਸੀ, ਪਰ ਕੱਲ ਤੋਂ ਉਸ ਦਾ ਫੋਨ ਨਹੀਂ ਲੱਗ ਰਿਹਾ।
ਉਨ੍ਹਾਂ ਕਿਹਾ ਕਿ ਗਗਨਦੀਪ ਅਨੁਸਾਰ “ਉੱਥੇ ਸਾਰੇ ਅਧਿਕਾਰੀ ਪੁਤਿਨ ਦੁਆਰਾ ਕੀਤੇ ਗਏ ਐਲਾਨ ਬਾਰੇ ਜਾਣਦੇ ਹਨ ਕਿ ਉਨ੍ਹਾਂ ਨੂੰ ਰਿਹਾ ਕੀਤਾ ਜਾਵੇਗਾ। ਉਨ੍ਹਾਂ ਨੂੰ ਪਹਿਲਾਂ ਸੂਚਿਤ ਕੀਤਾ ਗਿਆ ਸੀ ਕਿ ਉਨ੍ਹਾਂ ਨੂੰ ਘਰ ਵਾਪਸ ਭੇਜ ਦਿੱਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਗਗਨਦੀਪ ਅਨੁਸਾਰ ਉਸ ਦੀ ਯੂਨਿਟ ਦੇ ਉਸ ਦੇ ਭਾਰਤੀ ਦੋਸਤ ਪਹਿਲਾਂ ਹੀ ਫਰੰਟਲਾਈਨ ‘ਤੇ ਹਨ। “ ਉਸ ਦੇ ਦੋਸਤਾਂ ਨੇ ਉਨੂੰ ਦੱਸਿਆ ਕਿ ਫਰੰਟਲਾਈਨ ‘ਤੇ ਸਥਿਤੀ ਬਹੁਤ ਗੰਭੀਰ ਹੈ। ਉੱਤਰ ਪ੍ਰਦੇਸ਼ ਦਾ ਇੱਕ ਵਿਅਕਤੀ ਫਰੰਟਲਾਈਨ ‘ਤੇ ਸੀ। ਉਹ ਬੀਤੀ ਰਾਤ ਵਾਪਸ ਆਇਆ ਅਤੇ ਫਰੰਟਲਾਈਨ ‘ਤੇ ਭਿਆਨਕ ਹਾਲਾਤ ਬਿਆਨ ਕੀਤੇ। ਉਹ ਕਈ ਦਿਨਾਂ ਤੋਂ ਆਪਣੇ ਪੰਜਾਬੀ ਦੋਸਤਾਂ ਨਾਲ ਗੱਲ ਨਹੀਂ ਕਰ ਸਕਿਆ ਕਿਉਂਕਿ ਉਹ ਸਾਰੇ ਫਰੰਟਲਾਈਨ ‘ਤੇ ਹਨ। ਉਹ ਫਰੰਟਲਾਈਨ ਲਈ ਵੱਧ ਤੋਂ ਵੱਧ ਫੋਰਸ ਭੇਜ ਰਹੇ ਹਨ, ”ਸਿੰਘ ਨੇ ਕਿਹਾ।