ਚੁਣੇ ਗਏ ਖਿਡਾਰੀਆਂ ਨੂੰ ਮੁਫ਼ਤ ਰਿਹਾਇਸ਼, ਪੜ੍ਹਾਈ ਅਤੇ ਰੋਜ਼ਾਨਾ 200 ਰੁਪਏ ਦੀ ਖ਼ੁਰਾਕ ਮੁਹੱਈਆ ਕਰਵਾਈ ਜਾਵੇਗੀ
ਗੁਰਦਾਸਪੁਰ, 12 ਜੁਲਾਈ 2024 (ਦੀ ਪੰਜਾਬ ਵਾਇਰ)। ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਵੱਲੋਂ ਸੂਬੇ ਵਿਚ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਕੀਤੇ ਜਾ ਰਹੇ ਯਤਨਾਂ ਦੀ ਲੜੀ ਤਹਿਤ ਸਿੱਖਿਆ ਵਿਭਾਗ ਦੇ ਸਕੂਲਾਂ ਵਿੱਚ ਚੱਲਦੇ ਰਿਹਾਇਸ਼ੀ ਖੇਡ ਵਿੰਗਾਂ ਦੇ ਟਰਾਇਲ 15 ਤੋਂ 17 ਜੁਲਾਈ 2024 ਤੱਕ ਕਰਵਾਏ ਜਾ ਰਹੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਯੋਜਨਾ ਕਮੇਟੀ ਗੁਰਦਾਸਪੁਰ ਦੇ ਚੇਅਰਮੈਨ ਅਤੇ ਸੀਨੀਅਰ ਆਗੂ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਦੱਸਿਆ ਕਿ ਇਹਨਾਂ ਖੇਡ ਵਿੰਗਾਂ ਵਿੱਚ ਚੁਣੇ ਗਏ ਖਿਡਾਰੀਆਂ ਨੂੰ ਮੁਫ਼ਤ ਰਿਹਾਇਸ਼ ਅਤੇ ਪੜ੍ਹਾਈ ਦੇ ਨਾਲ-ਨਾਲ ਰੋਜ਼ਾਨਾ 200 ਰੁਪਏ ਦੀ ਖ਼ੁਰਾਕ ਵੀ ਮੁਹੱਈਆ ਕਰਵਾਈ ਜਾਵੇਗੀ।
ਚੇਅਰਮੈਨ ਜਗਰੂਪ ਸਿੰਘ ਸੇਖਵਾਂ ਨੇ ਦੱਸਿਆ ਕਿ 15 ਜੁਲਾਈ ਦਿਨ ਸੋਮਵਾਰ ਨੂੰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਾਲ ਰੋਡ ਅੰਮ੍ਰਿਤਸਰ ਵਿਖੇ ਬਾਸਕਟਬਾਲ (ਲੜਕੀਆਂ) ਅੰਡਰ-14, 17 ਅਤੇ 19 ਸਾਲ ਦੇ ਟਰਾਇਲ, ਸਰਕਾਰੀ ਕੋ-ਐਜੂਕੇਸ਼ਨ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਵਿਖੇ ਬਾਸਕਟਬਾਲ (ਲੜਕੇ) ਅੰਡਰ-14, 17 ਅਤੇ 19 ਸਾਲ ਦੇ ਟਰਾਇਲ, ਖ਼ਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਅੰਮ੍ਰਿਤਸਰ ਵਿਖੇ ਹਾਕੀ (ਲੜਕੀਆਂ) ਅੰਡਰ-14, 17 ਅਤੇ 19 ਸਾਲ ਦੇ ਟਰਾਇਲ, ਸਰਕਾਰੀ ਹਾਈ ਸਕੂਲ ਚਚਰਾੜੀ (ਜ਼ਿਲ੍ਹਾ ਲੁਧਿਆਣਾ) ਵਿਖੇ ਹਾਕੀ (ਲੜਕੇ) ਅੰਡਰ-14 ਸਾਲ ਦੇ ਟਰਾਇਲ, ਖ਼ਾਲਸਾ ਕੋ-ਐਜੂਕੇਸ਼ਨ ਸੀਨੀਅਰ ਸੈਕੰਡਰੀ ਸਕੂਲ ਬੱਡੋਂ (ਜ਼ਿਲ੍ਹਾ ਹੁਸ਼ਿਆਰਪੁਰ) ਵਿਖੇ ਫੁੱਟਬਾਲ (ਲੜਕੇ) ਅੰਡਰ-14, 17 ਅਤੇ 19 ਸਾਲ ਦੇ ਟਰਾਇਲ, ਸਰਕਾਰੀ ਕੋ-ਐਜੂਕੇਸ਼ਨ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਵਿਖੇ ਬਾਕਸਿੰਗ (ਲੜਕੇ) ਅੰਡਰ-14, 17 ਅਤੇ 19 ਸਾਲ ਦੇ ਟਰਾਇਲ ਅਤੇ ਸਿੱਖ ਗਰਲਜ਼ ਹਾਈ ਸਕੂਲ ਸਿਧਵਾਂ ਖ਼ੁਰਦ (ਜ਼ਿਲ੍ਹਾ ਲੁਧਿਆਣਾ) ਵਿਖੇ ਬਾਕਸਿੰਗ (ਲੜਕੀਆਂ) ਅੰਡਰ-17 ਸਾਲ ਦੇ ਟਰਾਇਲ ਹੋਣਗੇ।
ਇਸੇ ਤਰ੍ਹਾਂ 16 ਜੁਲਾਈ ਦਿਨ ਮੰਗਲਵਾਰ ਨੂੰ ਸ੍ਰੀ ਗੁਰੂ ਅਰਜਨ ਦੇਵ ਸਰਕਾਰੀ ਕੰਨ੍ਹਿਆਂ ਸੀਨੀਅਰ ਸੈਕੰਡਰੀ ਸਕੂਲ ਤਰਨਤਾਰਨ ਵਿਖੇ ਹਾਕੀ (ਲੜਕੀਆਂ) ਅੰਡਰ-14, 17 ਅਤੇ 19 ਸਾਲ ਦੇ ਟਰਾਇਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਰਖੜ (ਜ਼ਿਲ੍ਹਾ ਲੁਧਿਆਣਾ) ਵਿਖੇ ਹਾਕੀ (ਲੜਕੇ) ਅੰਡਰ-14, 17 ਅਤੇ 19 ਸਾਲ ਦੇ ਟਰਾਇਲ, ਸੰਤ ਅਤਰ ਸਿੰਘ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਪਾਲਦੀ (ਜ਼ਿਲ੍ਹਾ ਹੁਸ਼ਿਆਰਪੁਰ) ਵਿਖੇ ਫੁੱਟਬਾਲ (ਲੜਕੇ) ਅੰਡਰ-14 ਸਾਲ ਦੇ ਟਰਾਇਲ, ਸਰਕਾਰੀ ਹਾਈ ਸਕੂਲ ਥੂਹੀ (ਜ਼ਿਲ੍ਹਾ ਪਟਿਆਲਾ) ਵਿਖੇ ਕਬੱਡੀ ਨੈਸ਼ਨਲ (ਲੜਕੇ) ਅੰਡਰ-14 ਸਾਲ ਦੇ ਟਰਾਇਲ ਅਤੇ ਸ੍ਰੀ ਗੁਰੂ ਅਰਜਨ ਦੇਵ ਸਰਕਾਰੀ ਕੰਨ੍ਹਿਆਂ ਸੀਨੀਅਰ ਸੈਕੰਡਰੀ ਸਕੂਲ ਤਰਨਤਾਰਨ ਵਿਖੇ ਜੂਡੋ (ਲੜਕੀਆਂ) ਅੰਡਰ-14, 17 ਅਤੇ 19 ਸਾਲ ਦੇ ਟਰਾਇਲ ਹੋਣਗੇ।
ਚੇਅਰਮੈਨ ਸ. ਜਗਰੂਪ ਸਿੰਘ ਸੇਖਵਾਂ ਨੇ ਦੱਸਿਆ ਕਿ 17 ਜੁਲਾਈ ਦਿਨ ਬੁੱਧਵਾਰ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਮਪੁਰ (ਜ਼ਿਲ੍ਹਾ ਲੁਧਿਆਣਾ) ਵਿਖੇ ਹਾਕੀ (ਲੜਕੇ) ਅੰਡਰ-14 ਸਾਲ ਦੇ ਟਰਾਇਲ ਅਤੇ ਸਰਕਾਰੀ ਸਪੋਰਟਸ ਸਕੂਲ ਘੁੱਦਾ (ਜ਼ਿਲ੍ਹਾ ਬਠਿੰਡਾ) ਵਿਖੇ ਵਾਲੀਬਾਲ (ਲੜਕੀਆਂ) ਅੰਡਰ-14, 17 ਅਤੇ 19 ਸਾਲ, ਬਾਸਕਟਬਾਲ (ਲੜਕੇ) ਅੰਡਰ-14, 17 ਅਤੇ 19 ਸਾਲ, ਐਥਲੈਟਿਕਸ (ਲੜਕੇ-ਲੜਕੀਆਂ) ਅੰਡਰ-14, 17 ਅਤੇ 19 ਸਾਲ, ਕੁਸ਼ਤੀ (ਲੜਕੇ-ਲੜਕੀਆਂ) ਅੰਡਰ-14, 17 ਅਤੇ 19 ਸਾਲ, ਹਾਕੀ (ਲੜਕੇ) ਅੰਡਰ-14 ਅਤੇ 17, ਹਾਕੀ (ਲੜਕੀਆਂ) ਅੰਡਰ-19 ਸਾਲ, ਬਾਕਸਿੰਗ (ਲੜਕੇ) ਅੰਡਰ-17 ਅਤੇ 19 ਸਾਲ, ਬਾਕਸਿੰਗ (ਲੜਕੀਆਂ) ਅੰਡਰ-17 ਅਤੇ 19 ਸਾਲ, ਸ਼ੂਟਿੰਗ (ਲੜਕੇ) ਅੰਡਰ-14 ਸਾਲ, ਸ਼ੂਟਿੰਗ (ਲੜਕੀਆਂ) ਅੰਡਰ-14 ਅਤੇ 17 ਸਾਲ, ਫੁੱਟਬਾਲ (ਲੜਕੇ) ਅੰਡਰ-17 ਅਤੇ 19 ਸਾਲ, ਤੈਰਾਕੀ (ਲੜਕੇ) ਅੰਡਰ-17 ਅਤੇ 19 ਸਾਲ, ਤੈਰਾਕੀ (ਲੜਕੀਆਂ) ਅੰਡਰ-17 ਅਤੇ 19 ਸਾਲ, ਵੇਟ ਲਿਫ਼ਟਿੰਗ (ਲੜਕੇ) ਅੰਡਰ-17 ਸਾਲ, ਵੇਟ ਲਿਫ਼ਟਿੰਗ (ਲੜਕੀਆਂ) ਅੰਡਰ-17 ਸਾਲ ਅਤੇ ਕਬੱਡੀ (ਲੜਕੇ) ਅੰਡਰ-14 ਸਾਲ ਦੇ ਟਰਾਇਲ ਕਰਵਾਏ ਜਾਣਗੇ।
ਸ. ਜਗਰੂਪ ਸਿੰਘ ਸੇਖਵਾਂ ਨੇ ਦੱਸਿਆ ਕਿ ਚੁਣੇ ਗਏ ਖਿਡਾਰੀਆਂ ਦਾ ਸਪੋਰਟਸ ਵਿੰਗ ਵਿੱਚ ਰਹਿਣਾ ਲਾਜ਼ਮੀ ਹੋਵੇਗਾ। ਸਾਰੇ ਚਾਹਵਾਨ ਖਿਡਾਰੀ ਨਿਰਧਾਰਿਤ ਮਿਤੀਆਂ ਨੂੰ ਸਵੇਰੇ 10 ਵਜੇ ਦਰਸਾਏ ਗਏ ਸਥਾਨਾਂ ਤੇ ਟਰਾਇਲ ਦੇਣ ਲਈ ਖੇਡ ਪ੍ਰਾਪਤੀਆਂ ਅਤੇ ਵਿੱਦਿਅਕ ਯੋਗਤਾ ਸਬੰਧੀ ਅਸਲ ਸਰਟੀਫਿਕੇਟ ਅਤੇ 4-4 ਫ਼ੋਟੋਆਂ ਲੈ ਕੇ ਆਪਣੇ ਮਾਤਾ-ਪਿਤਾ ਜਾਂ ਵਾਰਿਸ ਸਮੇਤ ਹਾਜ਼ਰ ਹੋਣ। ਇਹਨਾਂ ਖੇਡ ਵਿੰਗਾਂ ਲਈ ਅੰਡਰ-14 ਸਾਲ ਲਈ 01/01/2011, ਅੰਡਰ-17 ਸਾਲ ਲਈ 01/01/2008 ਅਤੇ ਅੰਡਰ-19 ਸਾਲ ਲਈ 01/01/2006 ਜਾਂ ਇਸ ਤੋਂ ਬਾਅਦ ਜਨਮ ਲੈਣ ਵਾਲੇ ਖਿਡਾਰੀ ਵਿਚਾਰੇ ਜਾਣਗੇ। ਬਾਹਰਲੇ ਰਾਜਾਂ ਤੋ ਸਿੱਧੇ ਤੌਰ ਕੋਈ ਵੀ ਖਿਡਾਰੀ ਇਹਨਾਂ ਟਰਾਇਲਾਂ ਵਿੱਚ ਹਿੱਸਾ ਨਹੀਂ ਲੈ ਸਕਦਾ।