ਝੋਨੇ ਦੀ ਸਿੱਧੀ ਬਿਜਾਈ ਦੀ ਤਕਨੀਕ ਅਪਣਾਉਣ ਵਾਲੇ ਕਿਸਾਨ 15 ਜੁਲਾਈ ਤੱਕ ਆਨ-ਲਾਈਨ ਪੋਰਟਲ ਤੇ ਆਪਣਾ ਨਾਮ ਕਰਾ ਸਕਦੇ ਹਨ ਦਰਜ਼ – ਮੁੱਖ ਖੇਤੀਬਾੜੀ ਅਫ਼ਸਰ
ਗੁਰਦਾਸਪੁਰ, 11 ਜੁਲਾਈ 2024 (ਦੀ ਪੰਜਾਬ ਵਾਇਰ )। ਜ਼ਮੀਨ ਹੇਠਲੇ ਪਾਣੀ ਦੇ ਪੱਧਰ ਨੂੰ ਹੋਰ ਨੀਵਾਂ ਜਾਣ ਤੋਂ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਸਨਮਾਨ ਰਾਸ਼ੀ ਵਜੋਂ ਪ੍ਰਤੀ ਹੈਕਟੇਅਰ 3750 ਰੁਪਏ ਦਿੱਤੇ ਜਾਂਦੇ ਹਨ। ਇਹ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫ਼ਸਰ ਗੁਰਦਾਸਪੁਰ ਡਾ. ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਦੀ ਪਹਿਲੀ ਤਸਦੀਕ ਲਈ ਪੋਰਟਲ ਖੋਲ੍ਹ ਦਿੱਤਾ ਗਿਆ ਹੈ। ਜਿਹੜੇ ਕਿਸਾਨਾਂ ਨੇ ਸਿੱਧੀ ਬਿਜਾਈ ਕਰਕੇ ਅਜੇ ਤੱਕ ਪੋਰਟਲ ਤੇ ਆਨਲਾਈਨ ਆਪਣਾ ਨਾਮ ਦਰਜ ਨਹੀਂ ਕੀਤਾ, ਉਹ ਕਿਸਾਨ 15 ਜੁਲਾਈ 2024 ਤੱਕ ਆਨਲਾਈਨ ਪੋਰਟਲ https://agrimachinerypb.com/home/DSR23Department ‘ਤੇ ਆਪਣਾ ਨਾਮ ਦਰਜ ਕਰਵਾ ਸਕਦੇ ਹਨ।
ਮੁੱਖ ਖੇਤੀਬਾੜੀ ਅਫ਼ਸਰ ਡਾ. ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਕਰਨ ਨਾਲ ਮਜ਼ਦੂਰੀ, ਸਮੇਂ, ਖੇਤੀ ਲਾਗਤ ਖ਼ਰਚੇ ਅਤੇ ਜ਼ਮੀਨ ਹੇਠਲੇ ਪਾਣੀ ਦੀ ਬੱਚਤ ਹੁੰਦੀ ਹੈ। ਸਿੱਧੀ ਬਿਜਾਈ ਤਕਨੀਕ ਵਿੱਚ ਨਦੀਨਾਂ ਦੀ ਰੋਕਥਾਮ ਲਈ ਸਹੀ ਨਦੀਨ ਨਾਸ਼ਕ ਦਵਾਈਆਂ ਦੀ ਸਮੇਂ ਸਿਰ ਅਤੇ ਸਹੀ ਤਕਨੀਕ ਅਪਣਾ ਕੇ ਵਰਤੋਂ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਜੇਕਰ ਪੈਂਡੀਮੈਥਾਲੀਨ ਨਦੀਨ ਨਾਸ਼ਕ ਵਰਤਣ ਦੇ ਬਾਵਜੂਦ ਜੇਕਰ ਖੇਤ ਵਿੱਚ ਨਦੀਨ ਮੌਜੂਦ ਹਨ ਤਾਂ ਨਦੀਨਾਂ ਦੀ ਮੌਜੂਦਗੀ ਦੇ ਹਿਸਾਬ ਨਾਲ ਨਦੀਨ ਨਾਸ਼ਕ ਦੀ ਚੋਣ ਕਰਕੇ ਹੀ ਛਿੜਕਾਅ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਜੇਕਰ ਝੋਨੇ ਦੀ ਫ਼ਸਲ ਵਿੱਚ ਗੁੜਤ ਮਧਾਣਾ, ਤੱਕੜੀ ਘਾਹ, ਚੀਨੀ ਘਾਹ ਜਾਂ ਚਿੜੀ ਘਾਹ ਹੈ ਤਾਂ 400 ਮਿਲੀ ਲੀਟਰ ਫਿਨੋਕਸਾਪਰੋਪ -ਪੀ ਇਥਾਇਲ 6.7 ਈ ਸੀ, ਜੇਕਰ ਸਵਾਂਕ, ਸਵਾਂਕੀ ਜਾਂ ਮੋਥਾ/ਮੁਰਕ ਹੈ ਤਾਂ 100 ਮਿਲੀ ਲੀਟਰ ਬਿਸਪੈਰੀਬੈਕ 10 ਐੱਸ ਸੀ ,ਜੇਕਰ ਚੌੜੇ ਪੱਤੇ ਵਾਲੇ ਨਦੀਨ, ਮੇਥਾ, ਗੱਡੀ ਵਾਲਾ ਮੋਥਾਡੀਲਾਮੁਰਕ ਨਦੀਨ ਹਨ ਤਾਂ 8 ਗਰਾਮ ਐਲਮਿਕਸ (ਕਲੋਰੀ ਮਿਯੂਰਾਨ+ਮੈਟਸਲਫੂਰਾਨ ਮਿਥਾਇਲ) ਅਤੇ ਜੇਕਰ ਸਵਾਂਕ, ਸਵਾਂਕੀ, ਮੋਥੇ ਜਾਂ ਚੀਨੀ ਘਾਹ ਹੈ ਤਾਂ 900 ਮਿਲੀ ਲੀਟਰ ਪਿਨੋਕਸਾਸੁਲਮ+ਸਾਈਹੈਲੋਫੌਪ ਨੂੰ 100-150 ਲੀਟਰ ਪਾਣੀ ਵਿੱਚ ਘੋਲ ਕੇ ਨਦੀਨ 2-4 ਪੱਤਿਆਂ ਦੀ ਅਵਸਥਾ ਤੇ ਛਿੜਕਾਅ ਕਰਨਾ ਚਾਹੀਦਾ। ਉਨ੍ਹਾਂ ਕਿਹਾ ਕਿ ਨਦੀਨ-ਨਾਸ਼ਕ ਦਾ ਛਿੜਕਾਅ ਹਮੇਸ਼ਾਂ ਵੱਤਰ ਖੇਤ ਵਿੱਚ ਕਰੋ ਅਤੇ ਹਫ਼ਤੇ ਬਾਅਦ ਪਾਣੀ ਲਗਾਇਆ ਜਾਵੇ।
ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਸਨਮਾਨ ਰਾਸ਼ੀ ਦੀ ਅਦਾਇਗੀ ਲਾਭਪਾਤਰੀ ਦੇ ਅਨਾਜ ਖ਼ਰੀਦ ਈਮੰਡੀਕਰਨ ਪੋਰਟਲ ‘ਤੇ ਰਜਿਸਟਰਡ ਬੈਂਕ ਖਾਤਾ ਨੰਬਰ ‘ਤੇ ਹੀ ਕੀਤੀ ਜਾਵੇਗੀ। ਜੇਕਰ ਕਿਸੇ ਕਿਸਾਨ ਨੂੰ ਪੋਰਟਲ ਉੱਪਰ ਨਾਮ ਦਰਜ ਕਰਨ ਵਿੱਚ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਉਹ ਕਿਸਾਨ ਸਬੰਧਿਤ ਬਲਾਕ ਖੇਤੀਬਾੜੀ ਅਫ਼ਸਰ ਨਾਲ ਸੰਪਰਕ ਕਰਕੇ ਆਪਣਾ ਨਾਮ ਪੋਰਟਲ ਤੇ ਦਰਜ ਕਰਵਾ ਸਕਦੇ ਹਨ।