ਪੰਜਾਬ ਪ੍ਰਦੇਸ਼ ਵਪਾਰ ਮੰਡਲ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਭੇਜਿਆ ਮੰਗ ਪੱਤਰ, ਗੁਰਦਾਸਪੁਰ ਮੁਕੇਰੀਆਂ ਰੇਲਵੇ ਲਾਈਨ ਬਣਾਈ ਜਾਵੇ
ਗੁਰਦਾਸਪੁਰ, 4 ਜੁਲਾਈ 2024 (ਦੀ ਪੰਜਾਬ ਵਾਇਰ)। ਵਪਾਰੀਆਂ ਦੀ ਮੰਗਾਂ ਨੂੰ ਲੈ ਕੇ ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਇੱਕ ਵਫ਼ਦ ਨੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਮਹਾਜਨ ਦੀ ਪ੍ਰਧਾਨਗੀ ਹੇਠ ਪੰਜਾਬ ਦੇ ਮੁੱਖ ਮੰਤਰੀ ਦੇ ਨਾਂ ਡੀਸੀ ਨੂੰ ਮੰਗ ਪੱਤਰ ਸੌਂਪਿਆਂ।
ਜ਼ਿਲ੍ਹਾ ਪ੍ਰਧਾਨ ਦਰਸ਼ਨ ਮਹਾਜਨ ਨੇ ਦੱਸਿਆ ਕਿ ਸਰਕਾਰ ਤੋਂ ਬਿਨ੍ਹਾਂ ਤਨਖਾਹ ਲਿਆ ਆਪਣੇ ਕੌਲੋ ਵਕੀਲਾਂ, ਅਕਾਉਂਟੈਂਟਾ ਦੀਆਂ ਭਾਰੀ ਫੀਸਾਂ ਭਰ ਕੇ ਗਾਹਕਾਂ ਤੋਂ ਘੱਟ ਪੈਸੇ ਵਸੂਲਦੇ ਹਨ ਅਤੇ ਸਟੇਸ਼ਨਰੀ ਦੀ ਫੀਸ ਵੀ ਆਪਣੇ ਤੌਰ ’ਤੇ ਵਸੂਲਦੇ ਹਨ ਅਤੇ ਜੀ.ਐਸ.ਟੀ ਤੇ ਹੋਰ ਕਰ ਸਰਕਾਰ ਨੂੰ ਜਮਾ ਕਰਵਾਉਂਦਾ ਹੈ। ਵਪਾਰੀਆਂ ਵੱਲੋਂ ਅਦਾ ਕੀਤੇ ਟੈਕਸਾਂ ਨੂੰ ਸਰਕਾਰ ਆਮ ਲੋਕਾਂ ਲਈ ਮੁਫਤ ਬਿਜਲੀ, ਮੁਫਤ ਰਾਸ਼ਨ ਅਤੇ ਹੋਰ ਮੁਫਤ ਸਕੀਮਾਂ ‘ਤੇ ਖਰਚ ਕਰਦੀ ਹੈ, ਪਰ ਸਰਕਾਰ ਟੈਕਸ ਦਾਤਾਵਾਂ ਨੂੰ ਕੋਈ ਖਾਸ ਰਾਹਤ ਨਹੀਂ ਦਿੰਦੀ।
ਉਨ੍ਹਾਂ ਮੰਗ ਕੀਤੀ ਕਿ ਜੇਕਰ ਕਿਸੇ ਦੁਕਾਨ ਜਾਂ ਵਪਾਰਕ ਅਦਾਰੇ ਨੂੰ ਅੱਗ ਲੱਗ ਜਾਂਦੀ ਹੈ ਤਾਂ ਇਸ ਨੂੰ ਕੁਦਰਤੀ ਆਫ਼ਤ ਮੰਨ ਕੇ ਉਸ ਦੇ ਮੁੜ ਵਸੇਬੇ ਲਈ ਮੁਆਵਜ਼ਾ ਦੇਣਾ ਯਕੀਨੀ ਬਣਾਇਆ ਜਾਵੇ ਅਤੇ 10 ਲੱਖ ਰੁਪਏ ਦਾ ਵਪਾਰੀਆ ਦਾ ਸਿਹਤ ਬੀਮਾ ਕੀਤਾ ਜਾਵੇ। ਇਸੇ ਤਰ੍ਹਾਂ ਸਰਕਾਰ ਵਪਾਰੀਆਂ ਨੂੰ 60 ਸਾਲ ਬਾਅਦ 10,000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦੇਵੇ। ਬਿਜਲੀ ਦੇ ਕਮਰਸ਼ੀਅਲ ਰੇਟਾ ਨੂੰ ਇੰਡਸਟਰੀ ਰੇਟ 5 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਦੇਵੇ। ਉਨ੍ਹਾਂ ਮੰਗ ਕੀਤੀ ਕਿ ਗੁਰਦਾਸਪੁਰ ਮੁਕੇਰੀਆਂ ਰੇਲਵੇ ਲਾਈਨ ਬਣਾਈ ਜਾਵੇ ਤਾਂ ਜੋ ਵਪਾਰ ਵਿਚ ਸੁਧਾਰ ਹੋ ਸਕੇ ਅਤੇ ਆਮ ਆਦਮੀ ਨੂੰ ਵੀ ਰੇਲਵੇ ਦੀਆਂ ਬਿਹਤਰ ਸਹੂਲਤਾਂ ਮਿਲ ਸਕਣ।