ਗੁਰਦਾਸਪੁਰ

ਡੇਂਗੂ, ਮਲੇਰੀਆ ਰੋਕਥਾਮ ਲਈ ਜ਼ਿਲ੍ਹੇ ਵਿੱਚ 71 ਬਰੀਡਿੰਗ ਚੈੱਕਰ ਕੀਤੇ ਨਿਯੁਕਤ – ਚੇਅਰਮੈਨ ਰਮਨ ਬਹਿਲ

ਡੇਂਗੂ, ਮਲੇਰੀਆ ਰੋਕਥਾਮ ਲਈ ਜ਼ਿਲ੍ਹੇ ਵਿੱਚ 71 ਬਰੀਡਿੰਗ ਚੈੱਕਰ ਕੀਤੇ ਨਿਯੁਕਤ – ਚੇਅਰਮੈਨ ਰਮਨ ਬਹਿਲ
  • PublishedJuly 1, 2024

ਮੱਛਰ ਅਤੇ ਉਸ ਦਾ ਲਾਰਵਾ ਖ਼ਤਮ ਕਰਨ ਵਿੱਚ ਸਿਹਤ ਵਿਭਾਗ ਵੱਲੋਂ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ – ਰਮਨ ਬਹਿਲ

ਗੁਰਦਾਸਪੁਰ, 1 ਜੁਲਾਈ 2024 ( ਦੀ ਪੰਜਾਬ ਵਾਇਰ )। ਡੇਂਗੂ, ਮਲੇਰੀਆ ਅਤੇ ਹੋਰ ਵੈਕਟਰ ਬੋਰਨ ਬਿਮਾਰੀਆਂ ਦੀ ਰੋਕਥਾਮ ਲਈ ਸਿਹਤ ਵਿਭਾਗ ਵੱਲੋਂ ਮਾਸਟਰ ਪਲਾਨ ਤਿਆਰ  ਕੀਤਾ ਗਿਆ ਹੈ। ਅੱਜ ਤੋਂ ਪੂਰੇ  ਜ਼ਿਲ੍ਹੇ ਵਿੱਚ ਬਰੀਡਿੰਗ ਚੈਕਿੰਗ ਸ਼ੁਰੂ ਕੀਤੀ ਜਾ ਰਹੀ ਹੈ। ਇਹ ਗੱਲ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਜੀ ਨੇ ਦਫ਼ਤਰ ਸਿਵਲ ਸਰਜਨ ਗੁਰਦਾਸਪੁਰ ਵਿਖੇ 71 ਬਰੀਡਿੰਗ ਚੈੱਕਰ ਦੀ ਨਿਯੁਕਤੀ ਸਮੇਂ ਆਪਣੇ ਸੰਬੋਧਨ ਵਿੱਚ ਕਹੀ।

ਚੇਅਰਮੈਨ ਸ੍ਰੀ ਰਮਨ ਬਹਿਲ ਜੀ ਨੇ ਕਿਹਾ ਕਿ ਹਰ ਸਾਲ ਮੱਛਰਾਂ ਕਾਰਨ ਬਹੁਤ ਸਾਰੇ ਰੋਗ ਫੈਲਦੇ ਹਨ, ਜੋ ਕਿ ਜਾਨਲੇਵਾ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੀ ਕੋਸ਼ਿਸ਼ ਹੈ ਕਿ ਇਨ੍ਹਾਂ ਮੌਤਾਂ ਨੂੰ ਰੋਕਿਆ ਜਾਵੇ । ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਅੱਜ ਤੋਂ ਮੱਛਰ ਅਤੇ ਇਸ ਲਾਰਵਾ ਦੇ ਖ਼ਾਤਮੇ ਲਈ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਬਰੀਡਿੰਗ ਚੈੱਕਰ ਘਰਾਂ, ਦਫ਼ਤਰਾਂ , ਬਿਲਡਿੰਗਾਂ  ਵਿੱਚ ਜਾ ਕੇ ਮੱਛਰ ਦਾ ਲਾਰਵਾ ਚੈੱਕ ਕਰਨਗੇ।  ਉਨ੍ਹਾਂ ਕਿਹਾ ਕਿ ਲਾਰਵਾ ਨਸ਼ਟ ਕਰਕੇ ਮੱਛਰਾਂ ਦੀ ਰੋਕਥਾਮ ਕੀਤੀ ਜਾਵੇਗੀ । ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿ ਕਿਹਾ ਉਹ ਵੀ ਸਿਹਤ ਵਿਭਾਗ ਨੂੰ ਇਸ ਮੁਹਿੰਮ ਵਿੱਚ ਸਹਿਯੋਗ ਕਰਨ, ਤਾਂ ਜੋ ਮੱਛਰਾਂ ਤੋਂ ਹੋਣ ਵਾਲੇ ਰੋਗਾਂ ਤੋਂ ਬਚਿਆ ਜਾ ਸਕੇ।

ਇਸ ਮੌਕੇ ਸਿਵਲ ਸਰਜਨ ਗੁਰਦਾਸਪੁਰ ਡਾ. ਵਿੰਮੀ ਮਹਾਜਨ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਛੱਪੜਾਂ ਵਿੱਚ ਗੰਬੂਝੀਆ ਮੱਛੀਆਂ ਪਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਹਰੇਕ ਸ਼ੁੱਕਰਵਾਰ ਡੇਗੂੰ ਤੇ ਵਾਰ ਮੁਹਿੰਮ ਤਹਿਤ ਸਿਹਤ ਮੁਲਾਜ਼ਮ ਡਰਾਈ ਡੇ ਮਨਾਉਂਦੇ ਹਨ। ਇਸ ਦੌਰਾਨ ਜਿੱਥੇ ਵੀ ਪਾਣੀ ਖੜ੍ਹਾ ਮਿਲੇ ਅਤੇ ਮੱਛਰ ਪੈਦਾ ਹੋਣ ਦਾ ਖ਼ਦਸ਼ਾ ਹੋਵੇ , ਉੱਥੇ ਪਾਣੀ ਨੂੰ ਖੜ੍ਹਾ ਹੋਣ ਤੋ ਰੋਕਿਆ ਜਾਂਦਾ ਹੈ। ਆਲੇ ਦੁਆਲੇ ਦੀ ਸਫ਼ਾਈ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਲੋਕਾਂ ਨੂੰ ਡੇਗੂੰ ਅਤੇ ਮਲੇਰੀਆ ਦੇ ਲੱਛਣਾਂ ਬਾਰੇ ਜਾਗਰੂਕ ਕਰਦੇ ਹੋਏ ਇਸ ਦੀ ਰੋਕਥਾਮ ਕੀਤੀ ਜਾ ਰਹੀ ਹੈ।

ਇਸ ਮੌਕੇ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਤੇਜਿੰਦਰ ਕੌਰ, ਜ਼ਿਲ੍ਹਾ ਸਿਹਤ ਅਫ਼ਸਰ ਡਾ.ਸਵਿਤਾ,  ਡੀਡੀਐੱਚਓ ਡਾ. ਲੋਕੇਸ਼ ਗੁਪਤਾ, ਡੀਐਮਸੀ ਡਾ. ਰੋਮੀ ਰਾਜਾ ਮਹਾਜਨ, ਜ਼ਿਲ੍ਹਾ ਐਪੀਡਮੋਲੋਜਿਸਟ ਡਾ.ਪ੍ਰਭਜੋਤ ਕੌਰ ਕਲਸੀ, ਡਾ. ਮਮਤਾ, ਮਾਸ ਮੀਡੀਆ ਅਫ਼ਸਰ ਵਿਜੇ ਠਾਕੁਰ ਆਦਿ ਹਾਜ਼ਰ ਸਨ।

Written By
The Punjab Wire