ਗੁਰਦਾਸਪੁਰ ਪੰਜਾਬ

ਨਸ਼ਿਆਂ ਦੇ ਖ਼ਾਤਮੇ ਲਈ ਵਧੀਕ ਡਿਪਟੀ ਕਮਿਸ਼ਨਰ ਸੁਭਾਸ਼ ਚੰਦਰ ਨੇ ਜ਼ਿਲ੍ਹਾ ਵਾਸੀਆਂ ਦਾ ਸਹਿਯੋਗ ਮੰਗਿਆ

ਨਸ਼ਿਆਂ ਦੇ ਖ਼ਾਤਮੇ ਲਈ ਵਧੀਕ ਡਿਪਟੀ ਕਮਿਸ਼ਨਰ ਸੁਭਾਸ਼ ਚੰਦਰ ਨੇ ਜ਼ਿਲ੍ਹਾ ਵਾਸੀਆਂ ਦਾ ਸਹਿਯੋਗ ਮੰਗਿਆ
  • PublishedJune 25, 2024

ਨਸ਼ਾ ਤਸਕਰਾਂ ਦੀ ਜਾਣਕਾਰੀ ਦੇਣ ਲਈ ਟੋਲ ਫ਼ਰੀ ਨੰਬਰ 1800-180-1852 ’ਤੇ ਸੰਪਰਕ ਕੀਤਾ ਜਾਵੇ – ਵਧੀਕ  ਡਿਪਟੀ ਕਮਿਸ਼ਨਰ

ਵਿਲੇਜ ਡਿਫੈਂਸ ਕਮੇਟੀਆਂ ਨੂੰ ਨਸ਼ਿਆਂ ਦੀ ਰੋਕਥਾਮ ਲਈ ਸਰਗਰਮ ਭੂਮਿਕਾ ਨਿਭਾਉਣ ਲਈ ਕਿਹਾ

ਗੁਰਦਾਸਪੁਰ, 25 ਜੂਨ 2024 ( ਦੀ ਪੰਜਾਬ ਵਾਇਰ )। ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਸੁਭਾਸ਼ ਚੰਦਰ ਦੀ ਪ੍ਰਧਾਨਗੀ ਹੇਠ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਕਾਨਫ਼ਰੰਸ ਹਾਲ ਵਿਖੇ ਜ਼ਿਲ੍ਹਾ ਪੱਧਰੀ ਨਾਰਕੋ ਕੋਆਰਡੀਨੇਸ਼ਨ ਕਮੇਟੀ ਦੀ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ  ਐੱਸ.ਡੀ.ਐੱਮ. ਗੁਰਦਾਸਪੁਰ ਡਾ. ਕਰਮਜੀਤ ਸਿੰਘ, ਐੱਸ.ਡੀ.ਐੱਮ. ਕਲਾਨੌਰ ਸ੍ਰੀਮਤੀ ਜਯੋਤਸਨਾ ਸਿੰਘ, ਐੱਸ.ਡੀ.ਐੱਮ. ਦੀਨਾਨਗਰ ਸ੍ਰੀ ਗੁਰਦੇਵ ਸਿੰਘ ਧਾਮ, ਡੀ.ਡੀ.ਪੀ.ਓ. ਸ੍ਰੀ ਸਤੀਸ਼ ਕੁਮਾਰ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਰੋਮੀ ਰਾਜਾ, ਸਕੱਤਰ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਸ੍ਰੀ ਰਾਜੀਵ ਸਿੰਘ, ਤਹਿਸੀਲਦਾਰ ਜਗਤਾਰ ਸਿੰਘ, ਲਖਵਿੰਦਰ ਸਿੰਘ, ਡਿਪਟੀ ਡੀਈਓ. ਸ. ਲਖਵਿੰਦਰ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ।

ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸੁਭਾਸ਼ ਚੰਦਰ ਨੇ ਸਿਵਲ ਤੇ ਪੁਲਿਸ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜ਼ਿਲ੍ਹੇ ਵਿੱਚੋਂ ਨਸ਼ੇ ਦੇ ਖ਼ਾਤਮੇ ਲਈ ਚਲਾਏ ਜਾ ਰਹੇ ਵਿਸ਼ੇਸ਼ ਅਭਿਆਨ ਵਿੱਚ ਸਮਾਜ ਦੇ ਹਰ ਵਰਗ ਦਾ ਸਹਿਯੋਗ ਲਿਆ ਜਾਵੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਰਹੱਦੀ ਪਿੰਡਾਂ ਵਿੱਚ ਬਣਾਈਆਂ ਵਿਲੇਜ ਡਿਫੈਂਸ ਕਮੇਟੀਆਂ ਨੂੰ ਹੋਰ ਸਰਗਰਮ ਕੀਤਾ ਜਾਵੇ ਤਾਂ ਜੋ ਉਹ ਸਰਹੱਦ ਪਾਰੋਂ ਡਰੋਨ ਰਾਹੀਂ ਹੁੰਦੀ ਤਸਕਰੀ ਨੂੰ ਰੋਕਣ ਲਈ ਆਪਣਾ ਸਹਿਯੋਗ ਦੇ ਸਕਣ।  ਉਨ੍ਹਾਂ ਵਿਲੇਜ ਡਿਫੈਂਸ ਕਮੇਟੀਆਂ ਦੇ ਨੁਮਾਇੰਦਿਆਂ ਅਤੇ ਸਰਹੱਦੀ ਪਿੰਡਾਂ ਦੇ ਵਸਨੀਕਾਂ ਨੂੰ ਅਪੀਲ ਕੀਤੀ ਹੈ ਕਿ ਕਿਸੇ ਵੀ ਤਰਾਂ ਦੀ ਸ਼ੱਕੀ ਗਤੀਵਿਧੀ ਦਾ ਪਤਾ ਲੱਗਣ ’ਤੇ ਉਹ ਤੁਰੰਤ ਜ਼ਿਲ੍ਹਾ ਪੱਧਰ ’ਤੇ ਬਣੇ ਕੰਟਰੋਲ ਰੂਮ ਦੇ ਨੰਬਰ 1800-180-1852 ’ਤੇ ਜਾਂ ਬੀ.ਐੱਸ.ਐੱਫ., ਜਾਂ ਨੇੜੇ ਦੇ ਥਾਣੇ ਦੀ ਪੁਲਿਸ ਨੂੰ ਸੂਚਨਾ ਚੇਣ। ਉਨ੍ਹਾਂ ਕਿਹਾ ਕਿ ਸੂਚਨਾ ਦੇਣ ਵਾਲੇ ਦੀ ਜਾਣਕਾਰੀ ਬਿਲਕੁਲ ਗੁਪਤ ਰੱਖੀ ਜਾਵੇਗੀ।

ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਸੁਭਾਸ਼ ਚੰਦਰ ਨੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਕੂਲਾਂ/ਕਾਲਜਾਂ ਵਿੱਚ ਨਸ਼ਿਆਂ ਖ਼ਿਲਾਫ਼ ਵਿਸ਼ੇਸ਼ ਜਾਗਰੂਕਤਾ ਪ੍ਰੋਗਰਾਮ ਕਰਵਾਏ ਜਾਣ। ਇਸਦੇ ਨਾਲ ਹੀ ਓਨਾਂ ਅਧਿਕਾਰੀਆਂ ਨੂੰ ਓਟ ਕੇਂਦਰਾਂ ਦੀ ਸਮੇਂ-ਸਮੇਂ ਜਾਂਚ ਕਰਨ ਦੀਆਂ ਹਦਾਇਤਾਂ ਵੀ ਦਿੱਤੀਆਂ। ਉਨ੍ਹਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਓਟ ਕੇਂਦਰਾਂ ਵਿੱਚ ਨਸ਼ਾ ਛੱਡਣ ਦੀ ਦਵਾਈ ਲੈ ਰਹੇ ਮਰੀਜ਼ਾਂ ਦੀ ਰੋਜ਼ਾਨਾਂ ਕੌਂਸਲਿੰਗ ਵੀ ਕੀਤੀ ਜਾਵੇ ਤਾਂ ਜੋ ਉਹ ਨਸ਼ੇ ਛੱਡਣ ਲਈ ਮਾਨਸਿਕ ਤੌਰ ‘ਤੇ ਵੀ ਤਿਆਰ ਹੋ ਸਕਣ।

ਉਨ੍ਹਾਂ ਕਿਹਾ ਕਿ ਨਸ਼ਾ ਇੱਕ ਸਮਾਜਿਕ ਬੁਰਾਈ ਹੈ ਅਤੇ ਇਸ ਨੂੰ ਸਮਾਜ ਦੇ ਸਾਰੇ ਵਰਗਾਂ ਦਾ ਸਹਿਯੋਗ ਲੈ ਕੇ ਖ਼ਤਮ ਕੀਤਾ ਜਾਵੇਗਾ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਨਸ਼ਾ ਵਿਰੋਧੀ ਮੁਹਿੰਮ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਰਕਾਰ ਦਾ ਪੂਰਾ ਸਾਥ ਦੇਣ।

Written By
The Punjab Wire