ਗੁਰਦਾਸਪੁਰ

ਪੁੱਛਗਿੱਛ ਲਈ ਹੁਸ਼ਿਆਰਪੁਰ ਤੋਂ ਹਿਰਾਸਤ ‘ਚ ਲੈ ਕੇ ਗੁਰਦਾਸਪੁਰ ਲਿਆਂਦੇ ਜਾ ਰਹੇ ਦੋਸ਼ੀ ਦੀ ਸ਼ੱਕੀ ਹਾਲਾਤਾਂ ‘ਚ ਮੌਤ

ਪੁੱਛਗਿੱਛ ਲਈ ਹੁਸ਼ਿਆਰਪੁਰ ਤੋਂ ਹਿਰਾਸਤ ‘ਚ ਲੈ ਕੇ ਗੁਰਦਾਸਪੁਰ ਲਿਆਂਦੇ ਜਾ ਰਹੇ ਦੋਸ਼ੀ ਦੀ ਸ਼ੱਕੀ ਹਾਲਾਤਾਂ ‘ਚ ਮੌਤ
  • PublishedJune 14, 2024

ਗੁਰਦਾਸਪੁਰ, 14 ਜੂਨ 2024 (ਦੀ ਪੰਜਾਬ ਵਾਇਰ)। ਸੀ.ਆਈ.ਏ ਸਟਾਫ ਗੁਰਦਾਸਪੁਰ ਵੱਲੋਂ ਹੁਸ਼ਿਆਰਪੁਰ ਤੋਂ ਗੈਰ-ਕਾਨੂੰਨੀ ਹਥਿਆਰਾਂ ਦੇ ਮਾਮਲੇ ‘ਚ ਪੁੱਛਗਿੱਛ ਲਈ ਬਲਕਾਰ ਸਿੰਘ ਨਾਂ ਦੇ ਵਿਅਕਤੀ ਦੀ ਪੁਲਸ ਹਿਰਾਸਤ ‘ਚ ਸ਼ੱਕੀ ਕਾਰਨਾ ਕਾਰਨ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਉਕਤ ਵਿਅਕਤੀ ਨੂੰ ਗੁਰਦਾਸਪੁਰ ਲਿਆਂਦਾ ਜਾ ਰਿਹਾ ਸੀ ਪਰ ਰਸਤੇ ‘ਚ ਉਸ ਦੀ ਤਬੀਅਤ ਖਰਾਬ ਹੋਣ ਕਾਰਨ ਪੁਲਸ ਹਿਰਾਸਤ ‘ਚ ਉਸ ਦੀ ਮੌਤ ਹੋ ਗਈ ਪਰ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ। ਉਸ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਫਿਲਹਾਲ ਉਸਦੀ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ ਅਤੇ ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਇਹ ਮਾਮਲਾ ਬੀਤੇ ਦਿਨ ਧਾਰੀਵਾਲ ਥਾਣਾ ਅਧੀਨ ਪੈਂਦੇ ਪਿੰਡ ਸੁਜਾਨਪੁਰ ਤੋਂ ਜੰਮੂ-ਕਸ਼ਮੀਰ ਤੋਂ ਅਪਰਾਧਿਕ ਪ੍ਰਵਿਰਤੀ ਵਾਲੇ ਵਿਅਕਤੀ ਪਿੰਟੂ ਕੁਮਾਰ ਉਰਫ਼ ਲੁੱਡਣ ਸਾਂਸੀ ਦੀ ਗ੍ਰਿਫ਼ਤਾਰੀ ਨਾਲ ਸਬੰਧਤ ਹੈ।

ਦੱਸ ਦੇਈਏ ਕਿ ਬੀਤੇ ਦਿਨ ਪੰਜਾਬ ਪੁਲਿਸ ਅਤੇ ਐਂਟੀ ਗੈਂਗਸਟਰ ਟਾਸਕ ਫੋਰਸ ਦੀ ਟੀਮ ਨੇ ਧਾਰੀਵਾਲ ਦੇ ਪਿੰਡ ਸੁਜਾਨਪੁਰ ਤੋਂ ਅਪਰਾਧਿਕ ਪ੍ਰਵਿਰਤੀ ਵਾਲੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਸੀ, ਜੋ ਜੰਮੂ-ਕਸ਼ਮੀਰ ਵਿੱਚ ਕਈ ਅਪਰਾਧਿਕ ਘਟਨਾਵਾਂ ਅਤੇ ਜੰਮੂ ਵਿੱਚ ਕਤਲ ਵਰਗੇ ਗੰਭੀਰ ਮਾਮਲਿਆਂ ਵਿੱਚ ਸ਼ਾਮਲ ਹੈ। ਉਸ ਦੇ ਖਿਲਾਫ ਕਸ਼ਮੀਰ ‘ਚ ਵੀ ਅਪਰਾਧਿਕ ਮਾਮਲੇ ਚੱਲ ਰਹੇ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਪਿੰਟੂ ਉਰਫ਼ ਲੁੱਡਣ ਸਾਂਸੀ ਪੁੱਤਰ ਪ੍ਰੇਮ ਪਾਲ ਵਾਸੀ ਕਲਿਆਣ ਥਾਣਾ ਅਰਨੀਆ, ਜੰਮੂ-ਕਸ਼ਮੀਰ ਜੰਮੂ-ਕਸ਼ਮੀਰ ਪੁਲਿਸ ਨੂੰ ਵੱਖ-ਵੱਖ ਵਾਰਦਾਤਾਂ ‘ਚ ਲੋੜੀਂਦਾ ਹੈ | ਪੁਲਸ ਅਧਿਕਾਰੀਆਂ ਨੂੰ ਜੰਮੂ-ਕਸ਼ਮੀਰ ਪੁਲਸ ਰਾਹੀਂ ਉਸ ਬਾਰੇ ਸੂਚਨਾ ਮਿਲੀ ਕਿ ਉਹ ਇਨ੍ਹੀਂ ਦਿਨੀਂ ਸੁਜਾਨਪੁਰ ‘ਚ ਰਹਿੰਦੇ ਆਪਣੇ ਇਕ ਰਿਸ਼ਤੇਦਾਰ ਦੇ ਘਰ ਲੁਕਿਆ ਹੋਇਆ ਹੈ। ਉਸ ਨੂੰ ਕਾਬੂ ਕਰਨ ਲਈ ਜੰਮੂ-ਕਸ਼ਮੀਰ ਪੁਲਿਸ ਨੇ ਜ਼ਿਲ੍ਹਾ ਗੁਰਦਾਸਪੁਰ ਪੁਲਿਸ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਅਤੇ ਅਧਿਕਾਰੀਆਂ ਦੇ ਨਿਰਦੇਸ਼ਾਂ ‘ਤੇ ਧਾਰੀਵਾਲ ਪੁਲਿਸ ਅਤੇ ਏ.ਜੀ.ਟੀ.ਐਫ ਦੀ ਟੀਮ ਨੇ ਉਸਨੂੰ ਕਾਬੂ ਕਰਨ ਲਈ ਪਿੰਡ ਸੁਜਾਨਪੁਰ ਵਿਖੇ ਛਾਪੇਮਾਰੀ ਕੀਤੀ।

ਪਿੰਡ ਸੁਜਾਨਪੁਰ ਦੇ ਲੋਕਾਂ ਅਨੁਸਾਰ ਪੁਲੀਸ ਨੂੰ ਦੇਖ ਕੇ ਲੁਧਣ ਸਾਂਸੀ ਤੋਂ ਵੀ ਹਵਾਈ ਫਾਇਰ ਕੀਤੇ ਗਏ। ਪਰ ਪੁਲਿਸ ਨੇ ਪਿੰਡ ਦੇ ਲੋਕਾਂ ਦੀ ਮਦਦ ਨਾਲ ਉਸਨੂੰ ਕਾਬੂ ਕਰ ਲਿਆ। ਉਸ ਖਿਲਾਫ ਗੈਰ-ਕਾਨੂੰਨੀ ਹਥਿਆਰ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਪੁਲਿਸ ਸੂਤਰਾਂ ਦੇ ਹਵਾਲੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਲੁਧਣ ਸਾਂਸੀ ਪਾਸੋਂ ਕੀਤੀ ਗਈ ਪੁੱਛਗਿੱਛ ਦੌਰਾਨ ਬਲਕਾਰ ਸਿੰਘ ਪੁੱਤਰ ਰਘੁਬੀਰ ਸਿੰਘ ਵਾਸੀ ਜੱਸੋਵਾਲ ਦਾ ਨਾਂਅ ਲਿਆ ਗਿਆ | ਜਿਸ ਨੂੰ ਸੀਆਈਏ ਸਟਾਫ ਗੁਰਦਾਸਪੁਰ ਵੱਲੋਂ ਪੁੱਛਗਿੱਛ ਲਈ ਹੁਸ਼ਿਆਰਪੁਰ ਤੋਂ ਲਿਆਂਦਾ ਜਾ ਰਿਹਾ ਸੀ। ਇਸ ਦੌਰਾਨ ਰਸਤੇ ‘ਚ ਹੀ ਉਸ ਦੀ ਸ਼ੱਕੀ ਹਾਲਾਤਾਂ ‘ਚ ਮੌਤ ਹੋ ਗਈ। ਫਿਲਹਾਲ ਪੁਲਸ ਅਧਿਕਾਰੀ ਇਸ ਮਾਮਲੇ ‘ਚ ਚੁੱਪ ਧਾਰੀ ਬੈਠੇ ਹਨ।

Written By
The Punjab Wire