ਗੁਰਦਾਸਪੁਰ ਪੰਜਾਬ

ਗੁਰਦਾਸਪੁਰ ਵਿਧਾਨ ਸਭਾ ਹਲਕੇ ਚ ਪਿਛਲਿਆ ਚੋਣਾਂ ਅਨੁਸਾਰ ਵਧਿਆ ਆਮ ਆਦਮੀ ਪਾਰਟੀ ਦਾ ਗਰਾਫ਼

ਗੁਰਦਾਸਪੁਰ ਵਿਧਾਨ ਸਭਾ ਹਲਕੇ ਚ ਪਿਛਲਿਆ ਚੋਣਾਂ ਅਨੁਸਾਰ ਵਧਿਆ ਆਮ ਆਦਮੀ ਪਾਰਟੀ ਦਾ ਗਰਾਫ਼
  • PublishedJune 5, 2024

ਇਸੇ ਤਰਾਂ ਜਾਰੀ ਰਹੇਗਾ ਹਲਕੇ ਦੇ ਵੋਟਰਾਂ ਦੀ ਸੇਵਾ ਅਤੇ ਸਰਵਪੱਖੀ ਵਿਕਾਸ-ਰਮਨ ਬਹਿਲ

ਗੁਰਦਾਸਪੁਰ, 5 ਜੂਨ 2024 (ਦੀ ਪੰਜਾਬ ਵਾਇਰ)। ਗੁਰਦਾਸਪੁਰ ਵਿੱਚ ਐਲਾਨੇ ਗਏ ਚੋਂਣ ਨਤੀਜਿਆਂ ਦੌਰਾਨ ਵੱਖ-ਵੱਖ ਹਲਕਿਆਂ ਅੰਦਰ ਵੱਖ-ਵੱਖ ਪਾਰਟੀਆਂ ਦੇ ਵੋਟ ਬੈਂਕ ਵਿੱਚ ਵੱਡਾ ਘਾਟਾ ਵਾਧਾ ਦਰਜ ਕੀਤਾ ਗਿਆ ਹੈ। ਜਿਸ ਤਹਿਤ ਜੇਕਰ ਇਕੱਲੇ ਵਿਧਾਨ ਸਭਾ ਹਲਕਾ ਗੁਰਦਾਸਪੁਰ ਦੀ ਗੱਲ ਕੀਤੀ ਜਾਵੇ ਤਾਂ ਇਸ ਹਲਕੇ ਵਿੱਚ ਆਮ ਆਦਮੀ ਪਾਰਟੀ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਮੁਕਾਬਲੇ ਵੋਟ ਬੈਂਕ ਵਿੱਚ ਵਾਧਾ ਹਾਸਿਲ ਕਰਨ ਵਿੱਚ ਵੱਡੀ ਸਫਲਤਾ ਹਾਸਿਲ ਕੀਤੀ ਹੈ।

ਅੰਕੜਿਆਂ ਮੁਤਾਬਕ ਗੁਰਦਾਸਪੁਰ ਵਿਧਾਨ ਸਭਾ ਹਲਕੇ ਵਿੱਚ ਆਮ ਆਦਮੀ ਪਾਰਟੀ ਦਾ ਗਰਾਫ ਕਾਫੀ ਉੱਚਾ ਹੋਇਆ ਹੈ। ਜਿਸ ਤਹਿਤ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਮਨ ਬਹਿਲ ਨੂੰ ਮਿਲੀਆਂ 29500 ਵੋਟਾਂ ਦੇ ਮੁਕਾਬਲੇ ਇਸ ਵਾਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼ੈਰੀ ਕਲਸੀ ਨੂੰ ਗੁਰਦਾਸਪੁਰ ਵਿਧਾਨ ਸਭਾ ਹਲਕੇ ਵਿੱਚ 34 ਹਜਾਰ 228 ਵੋਟਾਂ ਲੈਣ ਵਿੱਚ ਕਾਮਯਾਬ ਹੋਏ ਹਨ। ਇਸ ਕਾਰਨ ਇਸ ਹਲਕੇ ਅੰਦਰ ਆਪ ਦੀਆਂ 4700 ਤੋਂ ਜ਼ਿਆਦਾ ਵੋਟਾਂ ਵਧੀਆਂ ਹਨ

ਜੇਕਰ ਦੂਜੀਆਂ ਪਾਰਟੀਆਂ ਨੂੰ ਪਈਆਂ ਵੋਟਾਂ ਦਾ ਲੇਖਾ ਜੋਖਾ ਕੀਤਾ ਜਾਵੇ ਤਾਂ ਇਸ ਮੌਕੇ ਕਾਂਗਰਸ ਦੇ ਵੋਟ ਬੈਂਕ ਵਿੱਚ ਕਰੀਬ 6700 ਵੋਟਾਂ ਦੀ ਗਿਰਾਵਟ ਆਈ ਹੈ ਕਿਉਂਕਿ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਦੇ ਉਮੀਦਵਾਰ ਬਰਿੰਦਰਮੀਤ ਸਿੰਘ ਪਾਹੜਾ ਨੂੰ ਵਿਧਾਨ ਸਭਾ ਚੋਣਾਂ ਮੌਕੇ 43743 ਵੋਟਾਂ ਪਈਆਂ ਸਨ ਜਦੋਂ ਕਿ ਇਨਾਂ ਲੋਕ ਸਭਾ ਚੋਣਾਂ ਦੌਰਾਨ ਇਸ ਹਲਕੇ ਅੰਦਰ ਸੁਖਜਿੰਦਰ ਸਿੰਘ ਰੰਧਾਵਾ ਕਾਂਗਰਸੀ ਉਮੀਦਵਾਰ ਨੂੰ 36981 ਵੋਟਾਂ ਪੈਣ ਕਾਰਨ ਕਾਂਗਰਸ ਦੇ ਵੋਟ ਬੈਂਕ ਵਿੱਚ ਕਰੀਬ 6762 ਵੋਟਾਂ ਦੀ ਗਿਰਾਵਟ ਆਈ ਹੈ। ਇਸ ਤਰ੍ਹਾਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਵੋਟ ਬੈਂਕ ਵਿੱਚਲਾ ਫਰਕ ਘੱਟ ਕੇ ਸਿਰਫ 2700 ਵੋਟਾਂ ਦਾ ਹੀ ਰਹਿ ਗਿਆ ਹੈ ਅਤੇ ਕਾਂਗਰਸ ਜਿੱਤਣ ਵਿੱਚ ਕਾਮਯਾਬ ਰਹੀ।

ਸ਼੍ਰੋਮਣੀ ਅਕਾਲੀ ਦਲ ਨੂੰ ਇਸ ਹਲਕੇ ਅੰਦਰ ਵੱਡਾ ਝਟਕਾ ਲੱਗਾ ਹੈ ਜਿਸ ਦੇ ਵੋਟ ਬੈਂਕ ਵਿੱਚ 26 ਹਜਾਰ ਤੋਂ ਜ਼ਿਆਦਾ ਵੋਟਾਂ ਦੀ ਵੱਡੀ ਗਿਰਾਵਟ ਆਈ ਹੈ ਜਦੋਂ ਕਿ ਭਾਜਪਾ ਦਾ ਵੋਟ ਬੈਂਕ ਵੀ ਗੁਰਦਾਸਪੁਰ ਹਲਕੇ ਵਿੱਚ ਵਧਿਆ ਹੈ।

ਉਧਰ ਇਸ ਸਬੰਧੀ ਗੱਲ ਕਰਦੇ ਹੋਏ ਅਤੇ ਹਲਕੇ ਦੇ ਲੋਕਾਂ ਦਾ ਧੰਨਵਾਦ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਤੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਨੇ ਕਿਹਾ ਕਿ ਉਹ ਹਲਕੇ ਦੇ ਲੋਕਾਂ ਦੇ ਹਮੇਸ਼ਾ ਰਿਣੀ ਰਹਿਣਗੇ ਜਿਨਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕਰਵਾਏ ਜਾ ਰਹੇ ਕੰਮਾਂ ‘ਤੇ ਮੋਹਰ ਲਗਾਉਂਦਿਆਂ ਇਸ ਹਲਕੇ ਵਿੱਚ ਪਾਰਟੀ ਦਾ ਗਰਾਫ ਉੱਚਾ ਕੀਤਾ ਹੈ। ਉਨਾਂ ਹਲਕੇ ਦੇ ਸਮੂਹ ਵੋਟਰਾਂ ਨੂੰ ਭਰੋਸਾ ਦਿੱਤਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਉਹ ਇਸੇ ਤਰ੍ਹਾਂ ਹਲਕੇ ਦੀ ਚੜ੍ਹਦੀ ਕਲਾ ਅਤੇ ਵਿਕਾਸ ਕਾਰਜਾਂ ਲਈ ਯਤਨਸ਼ੀਲ ਰਹਿਣਗੇ।

Written By
The Punjab Wire