ਪੋਲਿੰਗ ਬੂਥ ਤੋਂ ਬਾਹਰੀ ਵਿਅਕਤੀਆਂ ਨੂੰ ਬਾਹਰ ਕੱਢਣ ਦੇ ਦੋਸ਼ਾ ਤਲੇ ਹੋਈ ਆਪ ਅਤੇ ਕਾਂਗਰਸ ਵਿਚਾਲੇ ਤਕਰਾਰ
ਗੁਰਦਾਸਪੁਰ, 1 ਜੂਨ 2024 (ਮੰਨਨ ਸੈਣੀ)। ਗੁਰਦਾਸਪੁਰ ਦੇ ਟੈਗੋਰ ਮੋਰੀਅਲ ਸਕੂਲ ਦੇ ਬੂਥ ਨੰਬਰ 105 ਅਤੇ 106 ‘ਤੇ ਪੋਲਿੰਗ ਬੂਥ ਤੋਂ ਬਾਹਰੀ ਵਿਅਕਤੀਆਂ ਨੂੰ ਬਾਹਰ ਕੱਢਣ ਨੂੰ ਲੈ ਕੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਵਰਕਰਾਂ ਵਿਚਾਲੇ ਤਕਰਾਰ ਹੋ ਗਈ। ਇਸ ਦੌਰਾਨ ਸਥਾਨਕ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਅਤੇ ਆਮ ਆਦਮੀ ਪਾਰਟੀ ਦੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਵੀ ਮੌਕੇ ’ਤੇ ਪੁੱਜੇ। ਇਸ ਤੋਂ ਬਾਅਦ ਦੋਵੇਂ ਆਗੂ ਪੁਲੀਸ ਅਧਿਕਾਰੀਆਂ ਖ਼ਿਲਾਫ਼ ਜ਼ੋਰਦਾਰ ਬੋਲਦੇ ਨਜ਼ਰ ਆਏ। ਉਧਰ, ਡੀਐਸਪੀ ਸੁਖਪਾਲ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਮਾਮਲਾ ਸ਼ਾਂਤ ਕੀਤਾ।
ਜਿਸ ਤੋਂ ਬਾਅਦ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਵਿਚਾਲੇ ਬਹਿਸ ਹੋ ਗਈ। ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਕਾਂਗਰਸ ‘ਤੇ ਜਾਅਲੀ ਵੋਟਾਂ ਪਾਉਣ ਦੇ ਦੋਸ਼ ਲਾਏ। ਇਸ ਦੌਰਾਨ ਚੇਅਰਮੈਨ ਰਮਨ ਬਹਿਲ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਮੌਕੇ ‘ਤੇ ਪਹੁੰਚ ਗਏ, ਹਾਲਾਂਕਿ ਉਥੇ ਮੌਜੂਦ ਪੁਲਿਸ ਅਧਿਕਾਰੀਆਂ ਨੇ ਉਨ੍ਹਾਂ ਨੂੰ ਜਾਅਲੀ ਵੋਟਿੰਗ ਦਾ ਕੋਈ ਮਾਮਲਾ ਨਾ ਹੋਣ ਦਾ ਭਰੋਸਾ ਦਿੱਤਾ। ਬੂਥ ‘ਤੇ ਕੋਈ ਬਾਹਰੀ ਵਿਅਕਤੀ ਮੌਜੂਦ ਨਹੀਂ ਹੈ।
ਇਸ ਦੌਰਾਨ ਕਾਂਗਰਸੀ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਵੀ ਮੌਕੇ ‘ਤੇ ਪਹੁੰਚ ਗਏ ਅਤੇ ਬਹੁਤ ਹੀ ਸ਼ਾਂਤਮਈ ਮਾਹੌਲ ‘ਚ ਦੋਵਾਂ ਆਗੂਆਂ ਰਮਨ ਬਹਿਲ ਅਤੇ ਬਰਿੰਦਰਮੀਤ ਸਿੰਘ ਪਾਹੜਾ ਵਿਚਕਾਰ ਗੱਲਬਾਤ ਹੋਈ ਅਤੇ ਮਾਮਲਾ ਸੁਲਝਾ ਲਿਆ ਗਿਆ | ਉਨ੍ਹਾਂ ਕਿਹਾ ਕਿ ਪਹਿਲਾਂ ਵਾਂਗ ਹੀ ਸ਼ਾਂਤਮਈ ਮਾਹੌਲ ਵਿੱਚ ਵੋਟਾਂ ਪੈ ਰਹੀਆਂ ਹਨ।
ਇਸ ਸਬੰਧੀ ਡੀਐਸਪੀ ਸੁਖਪਾਲ ਸਿੰਘ ਨੇ ਕਿਹਾ ਕਿ ਇਹ ਦੋਸ਼ ਕਾਂਗਰਸ ਤੇ ‘ਆਪ’ ਵੱਲੋਂ ਇੱਕ ਦੂਜੇ ’ਤੇ ਲਾਏ ਜਾ ਰਹੇ ਹਨ। ਡੀਐਸਪੀ ਸਿੰਘ ਨੇ ਦੱਸਿਆ ਕਿ ਟੈਗੋਰ ਮੈਮੋਰੀਅਲ ਸਕੂਲ ਗੋਪਾਲ ਨਗਰ ਵਿੱਚ ਚੱਲ ਰਹੀ ਵੋਟਿੰਗ ਦੌਰਾਨ ਕਾਂਗਰਸੀ ਮਹਿਲਾ ਕੌਂਸਲਰ ਦੇ ਪੁੱਤਰ ਨਕੁਲ ਮਹਾਜਨ ਨੇ ਦੋਸ਼ ਲਾਇਆ ਸੀ ਕਿ ਬਾਹਰੀ ਵਿਅਕਤੀ ਬੂਥ ’ਤੇ ਆ ਕੇ ਜਾਅਲੀ ਵੋਟਾਂ ਪਾ ਰਹੇ ਹਨ।ਪਰ ਚੈਕਿੰਗ ਦੌਰਾਨ ਅਜਿਹਾ ਕੁਝ ਨਹੀਂ ਮਿਲਿਆ।
ਉਨ੍ਹਾਂ ਕਿਹਾ ਕਿ ਅਜੇ ਤੱਕ ਕਿਸੇ ਵੀ ਧਿਰ ਵੱਲੋਂ ਪੁਲੀਸ ਨੂੰ ਕੋਈ ਲਿਖਤੀ ਸ਼ਿਕਾਇਤ ਨਹੀਂ ਦਿੱਤੀ ਗਈ ਹੈ। ਪੁਲਿਸ ਨੇ ਸਮਾਂ ਰਹਿੰਦੇ ਮਾਮਲਾ ਸ਼ਾਂਤ ਕੀਤਾ।
ਉਧਰ ਦੂਜੇ ਪਾਸੇ ਸ਼ਹਿਰ ਅੰਦਰ ਇਹ ਵੀ ਚਰਚਾ ਰਹੀ ਕਿ ਦੋਹਾਂ ਧਿਰਾਂ ਦਰਮਿਆਨ ਹੱਥੋਪਾਈ ਵੀ ਹੋਈ। ਹਾਲਾਕਿ ਇਸ ਦੀ ਕਿਸੇ ਨੇ ਵੀ ਕੋਈ ਪੁਸ਼ਟੀ ਨਹੀਂ ਕੀਤੀ।