ਡਿਪਟੀ ਕਮਿਸ਼ਨਰ ਵੱਲੋਂ ਸੀ-ਵਿਜ਼ਲ, ਇਨਕੋਰ ਸਮੇਤ ਵੱਖ-ਵੱਖ ਸੈਂਟਰਾਂ ਦਾ ਦੌਰਾ
ਹਾਜ਼ਰ ਸਟਾਫ਼ ਨੂੰ ਪੂਰੀ ਚੌਕਸੀ ਨਾਲ ਡਿਊਟੀ ਨਿਭਾਉਣ ਦੀਆਂ ਹਦਾਇਤਾਂ ਦਿੱਤੀਆਂ
ਗੁਰਦਾਸਪੁਰ, 29 ਮਈ 2024 (ਦੀ ਪੰਜਾਬ ਵਾਇਰ )। ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਚਲਾਏ ਜਾ ਰਹੇ ਸੀ-ਵਿਜ਼ਲ ਸੈਂਟਰ, ਇਨਕੋਰ, ਐੱਫ.ਐੱਸ.ਟੀ. ਦੀ ਲਾਈਵ ਫੀਡਿੰਗ ਸੈਂਟਰ, ਆਲ ਆਈ.ਟੀ. ਐਪਲੀਕੇਸ਼ਨ ਅਤੇ ਵੈੱਬ ਕਾਸਟਿੰਗ ਦਾ ਜ਼ਿਲ੍ਹਾ ਚੋਣ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ ਸ੍ਰੀ ਵਿਸ਼ੇਸ਼ ਸਾਰੰਗਲ ਵੱਲੋਂ ਅੱਜ ਸ਼ਾਮ ਨੂੰ ਜਾਇਜਾ ਲਿਆ ਗਿਆ। ਇਸ ਮੌਕੇ ਉਨ੍ਹਾਂ ਨੇ ਸੀ-ਵਿਜ਼ਲ ਐਪ ਉੱਪਰ ਆਈਆਂ ਸ਼ਿਕਾਇਤਾਂ ਅਤੇ ਉਨ੍ਹਾਂ ਦੇ ਨਿਪਟਾਰੇ ਸਬੰਧੀ ਕੀਤੀ ਕਾਰਵਾਈ ਨੂੰ ਚੈੱਕ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਇਨਕੋਰ ਪੋਰਟਲ ਉੱਪਰ ਵੱਖ-ਵੱਖ ਉਮੀਦਵਾਰਾਂ ਵੱਲੋਂ ਚੋਣਾਂ ਸਬੰਧੀ ਅਪਲਾਈ ਕੀਤੀਆਂ ਅਰਜ਼ੀਆਂ ਅਤੇ ਪ੍ਰਵਾਨਗੀਆਂ ਦੇ ਰਿਕਾਰਡ ਨੂੰ ਵੀ ਚੈੱਕ ਕੀਤਾ। ਇਸ ਉਪਰੰਤ ਉਨ੍ਹਾਂ ਵੱਲੋਂ ਐੱਫ.ਐੱਸ.ਟੀ. ਟੀਮਾਂ ਦੀ ਲਾਈਵ ਫੀਡਿੰਗ ਨੂੰ ਕੰਟਰੋਲ ਰੂਮ ਵਿੱਚ ਦੇਖਿਆ ਗਿਆ ਅਤੇ ਆਲ ਆਈ.ਟੀ. ਐਪਲੀਕੇਸ਼ਨ ਰਾਹੀਂ ਕੀਤੇ ਜਾ ਰਹੇ ਕੰਮ ਦੀ ਚੈਕਿੰਗ ਵੀ ਕੀਤੀ। ਇਸ ਮੌਕੇ ਉਨ੍ਹਾਂ ਵੱਖ-ਵੱਖ ਸੈਂਟਰਾਂ ਵਿੱਚ ਤਾਇਨਾਤ ਡਿਊਟੀ ਸਟਾਫ਼ ਨੂੰ ਹੋਰ ਵੀ ਚੌਕਸੀ ਨਾਲ ਆਪਣੀ ਡਿਊਟੀ ਨੂੰ ਨਿਭਾਉਣ ਦੀਆਂ ਹਦਾਇਤਾਂ ਦਿੱਤੀਆਂ।
ਡਿਪਟੀ ਕਮਿਸ਼ਨਰ ਸ੍ਰੀ ਵਿਸ਼ੇਸ਼ ਸਾਰੰਗਲ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਲੋਕ ਸਭਾ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਜ਼ਿਲ੍ਹੇ ਵਿੱਚ ਸ਼ਾਂਤਮਈ, ਅਜ਼ਾਦ, ਨਿਰਪੱਖ ਅਤੇ ਤਰੁੱਟੀ ਰਹਿਤ ਚੋਣਾਂ ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕਰਨ ਤੋਂ ਇਲਾਵਾ ਵੱਖ-ਵੱਖ ਟੀਮਾਂ ਵੱਲੋਂ ਪੂਰੇ ਜ਼ਿਲ੍ਹੇ ਵਿੱਚ ਦਿਨ-ਰਾਤ ਚੌਕਸੀ ਵਰਤੀ ਜਾ ਰਹੀ ਹੈ। ਉਨ੍ਹਾਂ ਜ਼ਿਲ੍ਹੇ ਦੇ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ 1 ਜੂਨ ਵਾਲੇ ਦਿਨ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਲੋਕਤੰਤਰ ਦੀ ਮਜ਼ਬੂਤੀ ਵਿੱਚ ਆਪਣਾ ਯੋਗਦਾਨ ਜ਼ਰੂਰ ਪਾਉਣ। ਇਸ ਮੌਕੇ ਉਨ੍ਹਾਂ ਦੇ ਨਾਲ ਚੋਣ ਤਹਿਸੀਲਦਾਰ ਸ. ਮਨਜਿੰਦਰ ਸਿੰਘ ਬਾਜਵਾ ਤੇ ਹੋਰ ਅਧਿਕਾਰੀ ਵੀ ਮੌਜੂਦ ਸਨ।