Close

Recent Posts

ਗੁਰਦਾਸਪੁਰ ਪੰਜਾਬ

ਵਿਸ਼ੇਸ਼ ਪੁਲਿਸ ਤੇ ਖ਼ਰਚਾ ਆਬਜ਼ਰਵਰ ਵੱਲੋਂ ਪੋਲਿੰਗ ਸਟਾਫ਼ ਨੂੰ ਆਪਣੀ ਚੋਣ ਡਿਊਟੀ ਕੌਮੀ ਫ਼ਰਜ਼ ਸਮਝਕੇ ਨਿਭਾਉਣ ਦਾ ਸੱਦਾ

ਵਿਸ਼ੇਸ਼ ਪੁਲਿਸ ਤੇ ਖ਼ਰਚਾ ਆਬਜ਼ਰਵਰ ਵੱਲੋਂ ਪੋਲਿੰਗ ਸਟਾਫ਼ ਨੂੰ ਆਪਣੀ ਚੋਣ ਡਿਊਟੀ ਕੌਮੀ ਫ਼ਰਜ਼ ਸਮਝਕੇ ਨਿਭਾਉਣ ਦਾ ਸੱਦਾ
  • PublishedMay 27, 2024

ਆਜ਼ਾਦ ਤੇ ਨਿਰਪੱਖ ਚੋਣਾਂ ਲਈ ਕਾਨੂੰਨ ਨੂੰ ਸਖ਼ਤੀ ਨਾਲ ਲਾਗੂ ਕਰਨ ’ਤੇ ਦਿੱਤਾ ਜ਼ੋਰ

ਵਿਸ਼ੇਸ਼ ਪੁਲਿਸ ਤੇ ਖ਼ਰਚਾ ਆਬਜ਼ਰਵਰਾਂ ਨੇ ਪੋਲਿੰਗ ਪ੍ਰਬੰਧਾਂ ਦਾ ਲਿਆ ਜਾਇਜ਼ਾ

ਸ਼ੱਕੀ ਬੈਂਕ ਲੈਣ-ਦੇਣ ਦੀ ਰੋਜ਼ਾਨਾ ਦੇ ਆਧਾਰ ‘ਤੇ ਕੀਤੀ ਜਾਵੇ ਜਾਂਚ

ਜ਼ਿਲ੍ਹਾ ਚੋਣ ਅਫ਼ਸਰ ਨੇ ਚੋਣਾਂ ਨਿਰਵਿਘਨ ਤੇ ਸੁਚਾਰੂ ਢੰਗ ਨਾਲ ਕਰਵਾਉਣ ਦਾ ਦਿੱਤਾ ਭਰੋਸਾ

ਗੁਰਦਾਸਪੁਰ, 27 ਮਈ 2024 (ਦੀ ਪੰਜਾਬ ਵਾਇਰ )। ਲੋਕ ਸਭਾ ਹਲਕਾ 01-ਗੁਰਦਾਸਪੁਰ ਲਈ ਚੋਣ ਕਮਿਸ਼ਨ ਵੱਲੋਂ ਪੰਜਾਬ ਲਈ ਨਿਯੁਕਤ ਕੀਤੇ ਵਿਸ਼ੇਸ਼ ਪੁਲਿਸ ਆਬਜ਼ਰਵਰ ਸ੍ਰੀ ਦੀਪਕ ਮਿਸ਼ਰਾ ਅਤੇ ਵਿਸ਼ੇਸ਼ ਖਰਚਾ ਆਬਜ਼ਰਵਰ ਬੀ.ਆਰ. ਬਾਲਾਕ੍ਰਿਸ਼ਨਨ ਨੇ ਅਧਿਕਾਰੀਆਂ ਨੂੰ ਆਪਣੀ ‘ਰਾਸ਼ਟਰੀ ਡਿਊਟੀ’ ਪੂਰੀ ਲਗਨ ਅਤੇ ਤਨਦੇਹੀ ਨਾਲ ਨਿਭਾਉਣ ਦਾ ਸੱਦਾ ਦਿੱਤਾ ਹੈ ਤਾਂ ਜੋ 1 ਜੂਨ ਨੂੰ ਹੋਣ ਵਾਲੀ ਗੁਰਦਾਸਪੁਰ ਲੋਕ ਸਭਾ ਚੋਣ ਸੁਤੰਤਰ, ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹੀ ਜਾ ਸਕੇ।

ਜਨਰਲ ਆਬਜ਼ਰਵਰ ਸ੍ਰੀ ਕੇ, ਮਹੇਸ਼, ਪੁਲਿਸ ਆਬਜ਼ਰਵਰ ਸ੍ਰੀ ਕੁਸ਼ਲ ਪਾਲ ਸਿੰਘ, ਖਰਚਾ ਆਬਜ਼ਰਵਰ ਸ੍ਰੀ ਹਰਸ਼ਦ ਵੇਂਗੁਲੇਰਕਰ, ਜ਼ਿਲ੍ਹਾ ਚੋਣ ਅਫ਼ਸਰ ਗੁਰਦਾਸਪੁਰ ਸ੍ਰੀ ਵਿਸ਼ੇਸ਼ ਸਾਰੰਗਲ, ਐੱਸ.ਐੱਸ.ਪੀ. ਗੁਰਦਾਸਪੁਰ ਸ੍ਰੀ ਹਰੀਸ਼ ਦਾਯਮਾ, ਐੱਸ.ਐੱਸ.ਪੀ. ਬਟਾਲਾ ਮੈਡਮ ਅਸ਼ਵਨੀ ਗੋਟਿਆਲ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸੁਭਾਸ਼ ਚੰਦਰ ਸਮੇਤ ਹੋਰ ਸਿਵਲ ਤੇ ਪੁਲਿਸ ਅਧਿਕਾਰੀਆਂ ਤੋਂ ਇਲਾਵਾ ਜ਼ਿਲ੍ਹਾ ਪਠਾਨਕੋਟ ਦੇ ਅਧਿਕਾਰੀਆਂ ਨਾਲ ਵੀਡੀਓ ਕਾਨਫ਼ਰੰਸ ਨਾਲ ਕੀਤੀ ਵਿਸਥਾਰਤ ਮੀਟਿੰਗ ਦੌਰਾਨ ਉਨ੍ਹਾਂ ਕਿਹਾ ਕਿ ਸ਼ਾਂਤੀਪੂਰਨ ਵੋਟਿੰਗ ਚੋਣ ਕਮਿਸ਼ਨ ਦੀ ਪ੍ਰਮੁੱਖ ਤਰਜੀਹ ਹੈ, ਜਿਸ ਨੂੰ ਕਾਨੂੰਨ ਨੂੰ ਸਖ਼ਤੀ ਨਾਲ ਲਾਗੂ ਕਰਦਿਆਂ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ।

ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਚੋਣ ਅਧਿਕਾਰੀ ਧਾਰਾ 144 ਤਹਿਤ ਪੋਲਿੰਗ ਬੂਥ ਦੇ 100 ਮੀਟਰ ਦੇ ਘੇਰੇ ਵਿੱਚ ਕਿਸੇ ਵੀ ਤਰ੍ਹਾਂ ਦਾ ਇਕੱਠ ਨਾ ਹੋਣ ਦੇਣ ਤਾਂ ਜੋ ਹਰੇਕ ਵੋਟਰ ਨੂੰ ਸੁਰੱਖਿਆ ਦੀ ਭਾਵਨਾ ਪ੍ਰਦਾਨ ਕੀਤੀ ਜਾ ਸਕੇ ਅਤੇ ਉਹ ਬਿਨਾਂ ਕਿਸੇ ਡਰ ਦੇ ਆਪਣੀ ਵੋਟ ਪਾ ਸਕਣ।

ਵੋਟਾਂ ਤੋਂ ਪਹਿਲਾਂ ਦੇ ਆਖ਼ਰੀ 3-4 ਦਿਨਾਂ ਨੂੰ ਮਹੱਤਵਪੂਰਨ ਪੜਾਅ ਕਰਾਰ ਦਿੰਦਿਆਂ ਵਿਸ਼ੇਸ਼ ਪੁਲਿਸ ਆਬਜ਼ਰਵਰ ਸ੍ਰੀ ਦੀਪਕ ਮਿਸ਼ਰਾ ਨੇ ਆਦਰਸ਼ ਚੋਣ ਜ਼ਾਬਤੇ ਨੂੰ ਸਖ਼ਤੀ ਨਾਲ ਲਾਗੂ ਕਰਨ, ਫਲਾਇੰਗ ਸਕੂਐਡ, ਸਟੈਟਿਕ ਸਰਵੇਲੈਂਸ ਟੀਮਾਂ ਅਤੇ ਅੰਤਰ-ਜ਼ਿਲ੍ਹਾ ਚੈੱਕ ਪੋਸਟਾਂ ਦੇ ਕੰਮਕਾਜ ਦੀ ਸਮੀਖਿਆ ਵੀ ਕੀਤੀ।

ਉਨ੍ਹਾਂ ਅੱਗੇ ਕਿਹਾ ਕਿ ਚੋਣਾਂ ਦੌਰਾਨ ਸ਼ਰਾਬ ਅਤੇ ਨਕਦੀ ਦੀ ਵਰਤੋਂ ਨੂੰ ਰੋਕਣ ਲਈ ਸ਼ਰਾਬ ਦੇ ਉਤਪਾਦਨ/ਸ਼ਰਾਬ ਦੇ ਠੇਕਿਆਂ ‘ਤੇ ਨਿਗਰਾਨੀ ਰੱਖਣ ਦੇ ਨਾਲ-ਨਾਲ ਵਾਹਨਾਂ ਦੀ ਚੈਕਿੰਗ ਖ਼ਾਸ ਕਰ ਅੰਤਰਰਾਜੀ ਤੇ ਅੰਤਰ-ਜ਼ਿਲ੍ਹਾ ਨਾਕਿਆਂ ‘ਤੇ ਯਕੀਨੀ ਬਣਾਉਣ ਲਈ ਢੁਕਵੇਂ ਅਮਲ ਨੂੰ ਯਕੀਨੀ ਬਣਾਇਆ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਕਿਹਾ ਕਿ ਆਬਜ਼ਰਵਰਾਂ/ਆਰ.ਓ./ਏ.ਆਰ.ਓਜ਼/ਅਤੇ ਉਨ੍ਹਾਂ ਦੇ ਪੁਲਿਸ ਹਮਰੁਤਬਾ ਨੂੰ ਪੋਲਿੰਗ ਬੂਥਾਂ ਖ਼ਾਸ ਕਰ ਵਲਨਰੇਬਲ ਪੋਲਿੰਗ ਬੂਥਾਂ ਅਤੇ ਖ਼ਰਚੇ ਪੱਖੋਂ ਸੰਵੇਦਨਸ਼ੀਲ ਖੇਤਰਾਂ ਦਾ ਦੌਰਾ ਕਰਨਾ ਚਾਹੀਦਾ ਹੈ।

ਮੀਟਿੰਗ ਵਿੱਚ ਬੋਲਦਿਆਂ ਵਿਸ਼ੇਸ਼ ਖਰਚਾ ਆਬਜ਼ਰਵਰ ਬੀ. ਆਰ. ਬਾਲਾਕ੍ਰਿਸ਼ਨਨ ਨੇ ਸਹਾਇਕ ਖ਼ਰਚਾ ਆਬਜ਼ਰਵਰਾਂ ਨੂੰ ਕਿਹਾ ਕਿ ਬੈਂਕਿੰਗ ਅਤੇ ਫਾਈਨਾਂਸ ਕਾਰਪੋਰੇਸ਼ਨਾਂ ਦੇ ਲੈਣ-ਦੇਣ ‘ਤੇ ਬਾਜ਼ ਨਜ਼ਰ ਰੱਖੀ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਉਮੀਦਵਾਰਾਂ ਦੇ ਸੋਸ਼ਲ ਮੀਡੀਆ ਖਾਤਿਆਂ ਦੀ ਨਿਯਮਿਤ ਤੌਰ ‘ਤੇ ਜਾਂਚ ਕੀਤੀ ਜਾਣੀ ਚਾਹੀਦੀ ਹੈ ਅਤੇ ਪੋਸਟਾਂ ਦੀ ਪ੍ਰਮੋਸ਼ਨ/ਬੂਸਟਿੰਗ ‘ਤੇ ਹੋਏ ਖ਼ਰਚੇ ਨੂੰ ਉਮੀਦਵਾਰਾਂ ਦੇ ਖਾਤੇ ਵਿੱਚ ਦਰਜ ਕੀਤਾ ਜਾਵੇ।

ਇਸ ਦੌਰਾਨ ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਵਿਸ਼ੇਸ਼ ਸਾਰੰਗਲ ਨੇ ਵਿਸ਼ੇਸ਼ ਆਬਜ਼ਰਵਰਾਂ ਨੂੰ ਭਰੋਸਾ ਦਿਵਾਇਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਜ਼ਾਦ ਅਤੇ ਨਿਰਪੱਖ ਚੋਣਾਂ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ 1 ਜੂਨ ਨੂੰ ਨਿਰਵਿਘਨ ਪੋਲਿੰਗ ਕਰਵਾਉਣ ਲਈ ਚੋਣ ਅਮਲੇ ਨੂੰ ਸਿਖਲਾਈ ਪ੍ਰਦਾਨ ਕੀਤੀ ਗਈ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਸਾਰੇ 1553 ਪੋਲਿੰਗ ਬੂਥਾਂ ’ਤੇ ਘੱਟੋ-ਘੱਟ ਸਹੂਲਤਾਂ ਜਿਵੇਂ ਰੈਂਪ, ਬਿਜਲੀ, ਪੀਣ ਵਾਲਾ ਪਾਣੀ, ਫ਼ਰਨੀਚਰ, ਵੋਟਰਾਂ ਲਈ ਛਾਂਦਾਰ ਵੇਟਿੰਗ ਏਰੀਆ, ਪਖਾਨੇ, ਵ੍ਹੀਲ ਚੇਅਰ ਦੀ ਸਹੂਲਤ ਤੋਂ ਇਲਾਵਾ ਗਰਮੀ ਦੇ ਮੱਦੇਨਜ਼ਰ ਛਬੀਲ, ਓ.ਆਰ.ਐੱਸ., ਕੂਲਰ ਅਤੇ ਵਾਧੂ ਪੱਖੇ ਆਦਿ ਮੁਹੱਈਆ ਕਰਵਾਏ ਜਾਣਗੇ।

ਐੱਸ.ਐੱਸ.ਪੀ. ਗੁਰਦਾਸਪੁਰ ਸ੍ਰੀ ਹਰੀਸ਼ ਦਾਯਮਾ ਅਤੇ ਐੱਸ.ਐੱਸ.ਪੀ. ਬਟਾਲਾ ਮੈਡਮ ਅਸ਼ਵਨੀ ਗੋਟਿਆਲ ਨੇ ਦੱਸਿਆ ਕਿ ਗੁਰਦਾਸਪੁਰ ਤੇ ਬਟਾਲਾ ਪੁਲਿਸ ਜ਼ਿਲ੍ਹਿਆਂ ਵਿੱਚ ਲੋਕ ਸਭਾ ਚੋਣਾਂ ਦੌਰਾਨ ਵੋਟਿੰਗ ਸ਼ਾਂਤਮਈ ਢੰਗ ਨਾਲ ਕਰਵਾਉਣ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ।

Written By
The Punjab Wire