ਪੁਲਵਾਮਾ ਵਿੱਚ ਸ਼ਹੀਦ ਹੋਏ ਸ਼ਹੀਦਾ ਦੀ ਸ਼ਹਾਦਤ ਦੀ ਜਾਂਚ ਦਾ ਕੀ ਬਣਿਆ, ਕਿੱਥੋ ਆਇਆ ਆਰਡੀਐਕਸ- ਰੰਧਾਵਾ
ਪ੍ਰਧਾਨ ਮੰਤਰੀ ਨੂੰ ਜਵਾਬ ਦੇਣ ਲਈ ਗੁਰਦਾਸਪੁਰ ਆਉਣਗੇ ਰਾਹੁਲ ਗਾਂਧੀ – ਸੁਖਜਿੰਦਰ ਰੰਧਾਵਾ
ਗੁਰਦਾਸਪੁਰ, 21 ਮਈ 2024 (ਮੰਨਨ ਸੈਣੀ)। ਪ੍ਰਧਾਨ ਮੰਤਰੀ ਮੋਦੀ ਪਹਿਲਾਂ ਵੀ ਦੋ ਵਾਰ ਗੁਰਦਾਸਪੁਰ ਆ ਚੁੱਕੇ ਹਨ ਪਰ ਉਨ੍ਹਾਂ ਗੁਰਦਾਸਪੁਰ ਨੂੰ ਕੀ ਦਿੱਤਾ ਹੈ, ਗੁਰਦਾਸਪੁਰ ਦੀ ਗੱਲ ਤਾਂ ਛੱਡੋ, ਉਨ੍ਹਾਂ ਨੇ ਪੰਜਾਬ ਦੇ ਵਿਕਾਸ ਲਈ ਕਿਹੜੇ-ਕਿਹੜੇ ਪ੍ਰੋਜੈਕਟ ਦਿੱਤੇ ਹਨ? ਇਹ ਸਵਾਲ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਪੁੱਛੇ ਹਨ। ਰੰਧਾਵਾ ਇਸ ਵਾਰ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਹਨ ਅਤੇ ਚੋਣਾਂ ਲੜ੍ਹ ਰਹੇ ਹਨ। ਦੱਸਣਯੋਗ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ 24 ਮਈ ਨੂੰ ਗੁਰਦਾਸਪੁਰ ਪਹੁੰਚ ਰਹੇ ਹਨ।
ਰੰਧਾਵਾ ਨੇ ਕਿਹਾ ਕਿ ਗੁਰਦਾਸਪੁਰ ਪਹਿਲਾਂ ਵੀ ਪਾਕਿਸਤਾਨ ਨਾਲ ਹਿੱਕ ਨਾਲ ਹਿੱਕ ਢਾਹ ਕੇ ਲੜਾਈ ਲੜਦਾ ਰਿਹਾ ਹੈ ਅਤੇ ਹਮੇਸ਼ਾ ਜਿੱਤਦਾ ਰਿਹਾ ਹੈ। ਇਸ ਸਮੇਂ ਗੁਰਦਾਸਪੁਰ ਪਾਕਿਸਤਾਨ ਤੋਂ ਆ ਰਹੇ ਨਸ਼ਿਆਂ ਵਿਰੁੱਧ ਲੜਾਈ ਲੜ ਰਿਹਾ ਹੈ, ਜਿਸ ਵਿਚ ਵੀ ਉਹ ਜਿੱਤ ਹੀ ਦਰਜ ਕਰੇਗਾ। ਰੰਧਾਵਾ ਨੇ ਕਿਹਾ ਕਿ ਦੇਸ਼ ਲਈ ਕੁਰਬਾਨੀਆਂ ਦੇਣ, ਦੇਸ਼ ਦੀ ਸੁਰੱਖਿਆ ਅਤੇ ਦੇਸ਼ ਨੂੰ ਅੰਨ ਮੁਹੱਈਆ ਕਰਵਾਉਣ ਵਿਚ ਪੰਜਾਬੀ ਸਭ ਤੋਂ ਅੱਗੇ ਹਨ। ਪਰ ਅੱਜ ਅਗਨੀਵੀਰ ਯੋਜਨਾ ਕਾਰਨ ਦੇਸ਼ ਦੇ ਨੌਜਵਾਨ ਚਿੰਤਤ ਹਨ ਅਤੇ ਕਿਸਾਨ ਵਿਰੋਧੀ ਨੀਤੀਆਂ ਕਾਰਨ ਦੇਸ਼ ਦੇ ਕਿਸਾਨ ਸੜਕਾਂ ‘ਤੇ ਹਨ।
ਰੰਧਾਵਾ ਨੇ ਪੁਲਵਾਮਾ ਹਮਲੇ ‘ਚ ਸ਼ਹੀਦ ਹੋਏ ਜਵਾਨਾਂ ਦੀ ਜਾਂਚ ‘ਤੇ ਵੀ ਸਵਾਲ ਉਠਾਏ, ਜਿਸ ‘ਚ ਉਨ੍ਹਾਂ ਨੇ ਜੰਮੂ-ਕਸ਼ਮੀਰ ਦੇ ਤਤਕਾਲੀ ਰਾਜਪਾਲ ਸਤਿਆਪਾਲ ਮਲਿਕ ਦੇ ਬਿਆਨਾਂ ਦਾ ਹਵਾਲਾ ਦਿੱਤਾ। ਉਨ੍ਹਾਂ ਕਿਹਾ ਕਿ ਇਹ ਕੋਈ ਅਜਿਹਾ ਵਿਸ਼ਾ ਨਹੀਂ ਹੈ ਜਿਸ ‘ਤੇ ਚੁੱਪੀ ਰੱਖੀ ਜਾ ਸਕੇ। ਜਾਂਚ ਤੋਂ ਪਤਾ ਚੱਲਣਾ ਚਾਹੀਦਾ ਹੈ ਕਿ ਇੰਨੀ ਵੱਡੀ ਮਾਤਰਾ ਵਿੱਚ ਆਰਡੀਐਕਸ ਕਿੱਥੋਂ ਆਇਆ।
ਬਟਾਲਾ ਵਿੱਚ ਹੋਏ ਇਕ ਇੱਕਠ ਮੌਕੇ ਸੰਬੋਧਨ ਕਰਦਿਆਂ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਨਰਿੰਦਰ ਮੋਦੀ ਗੁਰਦਾਸਪੁਰ ਪਹੁੰਚ ਰਹੇ ਹਨ ਅਤੇ ਇਸ ਦਾ ਮੂੰਹ ਤੋੜਵਾਂ ਜਵਾਬ ਦੇਣ ਲਈ ਰਾਹੁਲ ਗਾਂਧੀ ਵੀ ਇੱਥੇ ਆ ਕੇ ਜਨਤਾ ਨਾਲ ਮੁਖਾਤਿਬ ਹੋਣਗੇ। ਉਨ੍ਹਾਂ ਕਿਹਾ ਕਿ ਇਸੇ ਸਟੇਜ ਤੋਂ ਉਹ ਪੰਜਾਬ ਦੇ ਮੌਜੂਦਾ ਭਾਜਪਾ ਪ੍ਰਧਾਨ ਸੁਨੀਲ ਜਾਖੜ ਦੇ ਸਾਰੇ ਭੇਦ ਖੋਲ੍ਹਣਗੇ।