ਰਵੀਕਰਨ ਕਾਹਲੋਂ ਨੇ ਫੜਿਆ ਕਮਲ ਦਾ ਫੁੱਲ
ਵਿਰੋਧੀ ਆਗੂਆਂ ਦੀ ਭਾਜਪਾ ਚ ਆਮਦ ਲੋਕ ਸਭਾ ਚੋਣਾਂ ਚ ਦੇਵੇਗੀ ਚੰਗੇ ਨਤੀਜੇ; ਜਾਖੜ
ਚੰਡੀਗੜ੍ਹ, 16 ਮਈ 2024 (ਦੀ ਪੰਜਾਬ ਵਾਇਰ)। ‘ਆਏ ਦਿਨ ਵਿਰੋਧੀ ਪਾਰਟੀਆਂ ਦੇ ਆਗੂਆਂ ਤੇ ਸਮਾਜ ਸੇਵੀਆਂ ਦੀ ਭਾਜਪਾ ਚ ਧੜਾਧੜ ਸ਼ਮੂਲੀਅਤ ਇਹ ਸੰਕੇਤ ਦੇ ਰਹੀ ਹੈ ਕਿ ਪੰਜਾਬ ਚ ਬੀਜੇਪੀ ਲਈ ਲੋਕ ਸਭਾ ਚੋਣਾਂ ਦੇ ਨਤੀਜੇ ਵਰਨਣਯੋਗ ਜਿੱਤਾਂ ਵਾਲੇ ਹੋਣਗੇ।’ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਸ਼੍ਰੋਮਣੀ ਅਕਾਲੀ ਦਲ ਮਾਝਾ ਯੂਥ ਵਿੰਗ ਦੇ ਪ੍ਰਧਾਨ ਤੇ 2022 ਦੀਆਂ ਵਿਧਾਨ ਸਭਾ ਚੋਣਾਂ ਚ ਡੇਰਾ ਬਾਬਾ ਨਾਨਕ ਦੇ ਉਮੀਦਵਾਰ ਰਹੇ ਰਵੀਕਰਨ ਸਿੰਘ ਕਾਹਲੋਂ ਤੇ ਸਮੱਰਥਕਾਂ ਨੂੰ ਭਾਜਪਾ ਚ ਸ਼ਾਮਲ ਕਰਨ ਦੌਰਾਨ ਗੱਲਬਾਤ ਮੌਕੇ ਕੀਤਾ।
ਚੰਡੀਗੜ੍ਹ ਸਥਿਤ ਭਾਰਤੀ ਭਾਰਤੀ ਜਨਤਾ ਪਾਰਟੀ ਦੇ ਸੂਬਾਈ ਦਫਤਰ ਚ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਰਵੀ ਕਰਨ ਸਿੰਘ ਤੇ ਸਾਥੀਆਂ ਨੂੰ ਭਾਜਪਾ ਚ ਸ਼ਾਮਲ ਕਰਕੇ ਸਨਮਾਨਤ ਕੀਤਾ। ਵਰਨਣਯੋਗ ਹੈ ਕਿ ਰਵੀਕਰਨ ਸਿੰਘ ਕਾਹਲੋਂ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਤੇ ਪੇਂਡੂ ਵਿਕਾਸ ਮਹਿਕਮੇ ਦੇ ਸਾਬਕਾ ਮੰਤਰੀ ਨਿਰਮਲ ਸਿੰਘ ਕਾਹਲੋਂ ਦੇ ਪੁੱਤਰ ਹਨ। ਉਹ ਪੰਜਾਬ ਟਿਊਬਵੈੱਲ ਕਾਰਪੋਰੇਸ਼ਨ ਦੇ ਸਾਬਕਾ ਚੇਅਰਮੈਨ ਵੀ ਰਹੇ ਤੇ ਮਾਝਾ ਚ ਸ਼੍ਰੋਮਣੀ ਅਕਾਲੀ ਦਲ ਦਾ ਵੱਡਾ ਚਿਹਰਾ ਸਨ।
ਇਸ ਮੌਕੇ ਯਾਦਵਿੰਦਰ ਸਿੰਘ ਮਾਨੋਚਾਹਲ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਯੂਥ ਅਕਾਲੀ ਦਲ, ਪਰਮੀਤ ਸਿੰਘ ਬੇਦੀ ਪ੍ਰੈਜ਼ੀਡੈਂਟ ਮਿਉਂਸੀਪਲ ਕਮੇਟੀ ਡੇਰਾ ਬਾਬਾ ਨਾਨਕ, ਗੁਰਦੇਵ ਸਿੰਘ ਸਾਬਕਾ ਵਾਈਸ ਚੇਅਰਮੈਨ ਮਾਰਕੀਟ ਕਮੇਟੀ ਡੇਰਾ ਬਾਬਾ ਨਾਨਕ, ਗਗਨਦੀਪ ਸਿੰਘ ਜਨਰਲ ਸਕੱਤਰ ਯੂਥ ਵਿੰਗ ਸ਼੍ਰੋਮਣੀ ਅਕਾਲੀ ਦਲ, ਜਗਦੀਪ ਸਿੰਘ ਰਿੰਕੂ ਜਨਰਲ ਸਕੱਤਰ ਯੂਥ ਵਿੰਗ ਸ਼੍ਰੋਮਣੀ ਅਕਾਲੀ ਦਲ, ਬਲਜੀਤ ਸਿੰਘ ਰਾਜੂ ਜਨਰਲ ਸਕੱਤਰ ਅੰਮ੍ਰਿਤਸਰ ਅਰਬਨ, ਨਿਰਮਲ ਸਿੰਘ ਰੱਤਾ, ਹਰਮਨਪ੍ਰੀਤ ਸਿੰਘ ਕਲਾਨੌਰ ਵਾਈਸ ਪ੍ਰੈਜ਼ੀਡੈਂਟ ਯੂਥ ਵਿੰਗ ਸ਼੍ਰੋਮਣੀ ਅਕਾਲੀ ਦਲ ਨੇ ਭਾਜਪਾ ਦਾ ਪੱਲਾ ਫੜਿਆ।
ਇਸ ਮੌਕੇ ਪ੍ਰਧਾਨ ਜਾਖੜ ਨੇ ਕਾਂਗਰਸ ਤੇ ਆਮ ਆਦਮੀ ਪਾਰਟੀ ਚ ਵੀ ਸੰਨ੍ਹ ਲਾਉਂਦਿਆਂ ਕਾਂਗਰਸੀ ਆਗੂ ਤੇ ਪੇਡਾ ਦੇ ਸਾਬਕਾ ਵਾਇਸ ਚੇਅਰਮੈਨ ਡਾਕਟਰ ਕਰਨ ਵੜਿੰਗ, ਸ਼ੀਸ਼ਪਾਲ ਗੋਇਲ ਚੇਅਰਮੈਨ ਗਰੀਵਿਨਸ ਸੈਲ, ਹਲਕਾ ਸਾਊਥ ਲੁਧਿਆਣਾ ਨੂੰ ਭਾਜਪਾ ਚ ਸ਼ਾਮਲ ਕੀਤਾ।
ਇਸੇ ਤਰ੍ਹਾਂ ਸੰਦੀਪ ਮਿੱਤਲ ਸੋਸ਼ਲ ਵਰਕਰ ਤੇ ਮੈਂਬਰ ਆਪ, ਰਿਸ਼ਵ ਮੈਂਬਰ ਆਪ, ਵਿਵੇਕ ਕੁਮਾਰ ਮੈਂਬਰ ਆਪ, ਪ੍ਰਮੋਦ ਮੈਂਬਰ ਆਪ (ਸਾਰੇ ਲੁਧਿਆਣਾ ਸਾਊਥ) ਨੇ ਵੀ ਭਾਜਪਾ ਦਾ ਪੱਲਾ ਫੜਿਆ।
ਉਕਤ ਵਿਰੋਧੀ ਪਾਰਟੀਆਂ ਚੋਂ ਭਾਜਪਾ ਚ ਆਏ ਸਾਰੇ ਆਗੂਆਂ ਨੂੰ ਸੂਬਾ ਪ੍ਰਧਾਨ ਸੁਨੀਲ ਜਾਖੜ, ਭਾਜਪਾ ਦੇ ਕੌਮੀ ਸਕੱਤਰ ਮਨਜਿੰਦਰ ਸਿੰਘ ਸਿਰਸਾ, ਸੂਬਾ ਜਨਰਲ ਸਕੱਤਰ ਬੀਜੇਪੀ ਪਰਮਿੰਦਰ ਸਿੰਘ ਬਰਾੜ ਤੇ ਪੰਜਾਬ ਭਾਜਪਾ ਮੀਡੀਆ ਸੈੱਲ ਦੇ ਮੁਖੀ ਵਿਨਿਤ ਜੋਸ਼ੀ ਨੇ ਸਾਂਝੇ ਤੌਰ ਉੱਤੇ ਸਨਮਾਨਤ ਕੀਤਾ। ਇਸ ਮੌਕੇ ਭਾਜਪਾ ਆਗੂ ਤੇ ਵਰਕਰ ਹਾਜ਼ਰ ਸਨ।