ਉਮੀਦਵਾਰ ਸ਼ੈਰੀ ਕਲਸੀ ਦੇ ਹੱਕ ਵਿੱਚ CM ਮਾਨ 16 ਮਈ ਨੂੰ ਪਹੁੰਚ ਰਹੇ ਕਾਦੀਆਂ
ਗੁਰਦਾਸਪੁਰ, 15 ਮਈ 2024 (ਦੀ ਪੰਜਾਬ ਵਾਇਰ)। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੱਲ 16 ਮਈ ਨੂੰ ਕਾਂਗਰਸ ਦੇ ਸੱਭ ਤੋਂ ਸੀਨੀਅਰ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਗੜ੍ਹ ਵਿੱਚ ਦਹਾੜ ਲਗਾਉਣ ਆ ਰਹੇ ਹਨ। ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਦੇ ਹੱਕ ਵਿੱਚ ਚੋਣ ਪ੍ਰਚਾਰ ਨੂੰ ਹੋਰ ਬਲ ਦੇਣ ਲਈ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਪੂਰੀ ਲੀਡਰਸ਼ਿਪ ਨਾਲ ਕਾਦੀਆਂ ਪਹੁੰਚ ਰਹੇ ਹਨ। ਇਹ ਜਾਣਕਾਰੀ ਹਲਕਾ ਕਾਦੀਆਂ ਦੇ ਇੰਚਾਰਜ ਅਤੇ ਪਾਰਟੀ ਦੇ ਸੀਨੀਅਰ ਆਗੂ ਵੀ ਜਗਰੂਪ ਸਿੰਘ ਸੇਖਵਾਂ ਵੱਲੋਂ ਦਿੱਤੀ ਗਈ।
ਜਗਰੂਪ ਸੇਖਵਾਂ ਨੇ ਦੱਸਿਆ ਕਿ 16 ਮਈ ਨੂੰ ਕਾਦੀਆਂ ਦੇ ਆਈ.ਟੀ.ਆਈ ਗਰਾਊਂਡ ਵਿਖੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਜਿਸ ਵਿੱਚ ਪੰਜਾਬ ਦੇ ਸੀਐਮ ਭਗਵੰਤ ਸਿੰਘ ਮਾਨ ਪਹੁੰਚ ਰਹੇ ਹਨ, ਜੋ ਇੱਕ ਭਾਸ਼ਣ ਰਾਹੀਂ ਲੋਕਾਂ ਨੂੰ ਸੰਬੋਧਨ ਕਰਨਗੇ। ਜਗਰੂਪ ਸੇਖਵਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼ੈਰੀ ਕਲਸੀ ਨੂੰ ਲੋਕਾਂ ਵੱਲੋਂ ਬਹੁਤ ਪਿਆਰ ਮਿਲ ਰਿਹਾ ਹੈ। ਆਮ ਆਦਮੀ ਪਾਰਟੀ ਦੀਆਂ ਲੋਕ ਭਲਾਈ ਨੀਤੀਆਂ ਕਾਰਨ ਭਾਜਪਾ ਦੇ ਕੱਦਵਾਰ ਨੇਤਾ ਸਵਰਨ ਸਲਾਰੀਆਂ ਵੱਲੋਂ ਵੀ ਆਪ ਜੁਆਇਨ ਕਰ ਲਈ ਗਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕਾਦੀਆਂ ਦੀ ਰੈਲੀ ਦੌਰਾਨ ਵਰਕਰਾਂ ਦਾ ਭਾਰੀ ਇਕੱਠ ਵੇਖਣ ਨੂੰ ਮਿਲੇਗਾ।