ਗੁਰਦਾਸਪੁਰ

7 ਮਈ ਤੋਂ ਲੋਕ ਸਭਾ ਚੋਣਾਂ ਲਈ ਕਾਗਜ਼ ਭਰ ਸਕਣਗੇ ਉਮੀਦਵਾਰ – ਰਿਟਰਨਿੰਗ ਅਫ਼ਸਰ

7 ਮਈ ਤੋਂ ਲੋਕ ਸਭਾ ਚੋਣਾਂ ਲਈ ਕਾਗਜ਼ ਭਰ ਸਕਣਗੇ ਉਮੀਦਵਾਰ – ਰਿਟਰਨਿੰਗ ਅਫ਼ਸਰ
  • PublishedMay 6, 2024

16 ਲੱਖ ਦੇ ਕਰੀਬ ਵੋਟਰ ਚੁਣਨਗੇ ਗੁਰਦਾਸਪੁਰ ਦਾ ਲੋਕ ਸਭਾ ਮੈਂਬਰ

ਗੁਰਦਾਸਪੁਰ, 6 ਮਈ 2024 ( ਦੀ ਪੰਜਾਬ ਵਾਇਰ )। ਗੁਰਦਾਸਪੁਰ ਲੋਕ ਸਭਾ ਹਲਕੇ ਦੀਆਂ ਚੋਣਾਂ ਲੜਨ ਲਈ ਕੱਲ ਭਾਵ 7 ਮਈ ਤੋਂ ਲੈ ਕੇ 14 ਮਈ ਤੱਕ ਉਮੀਦਵਾਰ ਆਪਣੇ ਨਾਮਜ਼ਦਗੀ ਕਾਗਜ਼ ਦਾਖਲ ਕਰਵਾ ਸਕਣਗੇ। ਇਹ ਨਾਮਜ਼ਦਗੀ ਕਾਗਜ਼ ਡਿਪਟੀ ਕਮਿਸ਼ਨਰ ਦਫ਼ਤਰ, ਗੁਰਦਾਸਪੁਰ ਦੇ ਕਮਰਾ ਨੰਬਰ 213 ਵਿਚ ਸਵੇਰੇ 11:00 ਤੋਂ ਬਾਅਦ ਦੁਪਹਿਰ 3:00 ਵਜੇ ਤੱਕ ਜਮਾਂ ਕਰਵਾਏ ਜਾ ਸਕਣਗੇ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਵਿਸ਼ੇਸ਼ ਸਾਰੰਗਲ, ਆਈ.ਏ.ਐੱਸ., ਰਿਟਰਨਿੰਗ ਅਫ਼ਸਰ, 01 ਲੋਕ ਸਭਾ ਹਲਕਾ ਗੁਰਦਾਸਪੁਰ ਨੇ  ਦੱਸਿਆ ਕਿ 11 ਅਤੇ 12 ਮਈ ਨੂੰ ਸ਼ਨੀਵਾਰ ਅਤੇ ਐਤਵਾਰ ਦੀ ਛੁੱਟੀ ਹੋਵੇਗੀ ਅਤੇ ਇਨ੍ਹਾਂ ਦੋ ਦਿਨਾਂ ਵਿੱਚ ਨਾਮਜ਼ਦਗੀਆਂ ਨਹੀਂ ਲਈਆਂ ਜਾਣਗੀਆਂ। ਉਨਾਂ ਏਥੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਭਾਂਵੇ 10 ਮਈ ਨੂੰ ਪਰਸੂਰਾਮ ਜੈਯੰਤੀ ਦੀ ਪੰਜਾਬ ਸਰਕਾਰ ਵੱਲੋਂ ਛੁੱਟੀ ਘੋਸ਼ਿਤ ਕੀਤੀ ਗਈ ਹੈ ਪਰ ਉਸ ਦਿਨ ਨਾਮਜ਼ਦਗੀ ਕਾਗਜ਼ ਲਏ ਜਾਣਗੇ।

ਰਿਟਰਨਿੰਗ ਅਫ਼ਸਰ, 01 ਲੋਕ ਸਭਾ ਹਲਕਾ ਗੁਰਦਾਸਪੁਰ ਸ੍ਰੀ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਇਸ ਬਾਬਤ ਸਾਰੀਆਂ ਪਾਰਟੀਆਂ ਦੇ ਪ੍ਰਤੀਨਿਧੀਆਂ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ। ਉਨਾਂ ਦੱਸਿਆ ਕਿ ਕੋਈ ਵੀ ਉਮੀਦਵਾਰ ਕਾਗਜ਼ ਦਾਖਲ ਕਰਵਾਉਣ ਮੌਕੇ ਆਪਣੇ ਸਮੇਤ 5 ਵਿਅਕਤੀਆਂ ਤੋਂ ਵੱਧ ਕਿਸੇ ਨੂੰ ਨਾਲ ਲੈ ਕੇ ਜ਼ਿਲ੍ਹਾ ਚੋਣ ਅਧਿਕਾਰੀ ਦੇ ਦਫ਼ਤਰ ਦੇ 100 ਮੀਟਰ ਘੇਰੇ ਦੇ ਅੰਦਰ ਨਹੀਂ ਆ ਸਕਦੇ।

ਉਨਾਂ ਦੱਸਿਆ ਕਿ ਇਸ ਵਾਰ ਗੁਰਦਾਸਪੁਰ ਲੋਕ ਸਭਾ ਹਲਕੇ ਵਿੱਚ 1614387 ਵੋਟਰ ਆਪਣੇ ਵੋਟ ਹੱਕ ਦੀ ਵਰਤੋਂ ਕਰਨਗੇ, ਜਿੰਨਾਂ ਵਿਚ 842773 ਮਰਦ ਅਤੇ 749113 ਔਰਤਾਂ, 37 ਟਰਾਂਸਜੇਡਰ ਵੋਟਰ ਅਤੇ 22464 ਸਰਵਿਸ ਵੋਟਰ ਸ਼ਾਮਿਲ ਹਨ।

ਰਿਟਰਨਿੰਗ ਅਫ਼ਸਰ, 01 ਲੋਕ ਸਭਾ ਹਲਕਾ ਗੁਰਦਾਸਪੁਰ ਨੇ ਦੱਸਿਆ ਕਿ 15 ਮਈ ਨੂੰ ਨਾਮਜ਼ਦਗੀ ਕਾਗਜ਼ਾਂ ਦੀ ਪੜਤਾਲ ਹੋਵੇਗੀ ਅਤੇ 17 ਮਈ ਨੂੰ ਬਾਅਦ ਦੁਪਹਿਰ 3:00 ਵਜੇ ਤੱਕ ਉਮੀਦਵਾਰ ਆਪਣੇ ਕਾਗਜ਼ ਵਾਪਸ ਲੈ ਸਕਣਗੇ। ਉਨ੍ਹਾਂ ਕਿਹਾ ਕਿ ਵੋਟਾਂ 1 ਜੂਨ ਨੂੰ ਸਵੇਰੇ 7:00 ਵਜੇ ਤੋਂ ਸ਼ਾਮ 6:00 ਵਜੇ ਤੱਕ ਪੈਣਗੀਆਂ ਤੇ ਗਿਣਤੀ 4 ਜੂਨ ਨੂੰ ਹੋਵੇਗੀ। ਇਸ ਮੌਕੇ ਉਨਾਂ ਦੱਸਿਆ ਕਿ ਉਮੀਦਵਾਰ 95 ਲੱਖ ਰੁਪਏ ਤੱਕ ਚੋਣ ਖਰਚਾ ਕਰ ਸਕਣਗੇ ਅਤੇ ਨਾਮਜ਼ਦਗੀ ਫੀਸ ਜਨਰਲ ਲਈ 25 ਹਜ਼ਾਰ ਰੁਪਏ ਤੇ ਰਿਜ਼ਰਵ ਕੈਟਾਗਰੀ ਲਈ 12.5 ਹਜ਼ਾਰ ਰੁਪਏ ਹੋਵੇਗੀ। ਉਨਾਂ ਕਿਹਾ ਕਿ 85 ਸਾਲ ਤੋਂ ਵੱਧ ਉਮਰ ਅਤੇ ਦਿਵਆਂਗ ਵੀ ਘਰ ਬੈਠੇ ਆਪਣੀ ਵੋਟ ਦੀ ਵਰਤੋਂ ਕਰ ਸਕਣਗੇ, ਜਿੰਨਾ ਦੀ ਗਿਣਤੀ ਕ੍ਰਮਵਾਰ 35629 ਅਤੇ 10777 ਹੈ। ਉਨਾਂ ਦੱਸਿਆ ਕਿ ਇਸ ਵਾਰ 48104 ਵੋਟਰ ਪਹਿਲੀ ਵਾਰ ਆਪਣੇ ਵੋਟ ਹੱਕ ਦੀ ਵਰਤੋਂ ਕਰਨਗੇ।  

Written By
The Punjab Wire