ਮੋਦੀ ਸਰਕਾਰ ਦੀਆਂ ਫਾਸ਼ੀਵਾਦੀ ਵਿਰੋਧੀ ਨੀਤੀਆਂ ਖ਼ਿਲਾਫ਼ ਮਨਾਇਆ ਕਿਰਤੀਆਂ ਦਾ ਦਿਹਾੜਾ
ਡਾਕਖਾਨਾ ਚੌਂਕ ਤੱਕ ਕੀਤਾ ਰੋਸ ਮਾਰਚ।
ਗੁਰਦਾਸਪੁਰ 1 ਮਈ 2024 (ਦੀ ਪੰਜਾਬ ਵਾਇਰ)। ਸਥਾਨਕ ਰਾਮ ਸਿੰਘ ਦੱਤ ਹਾਲ ਵਿਖੇ ਵੱਖ ਵੱਖ ਟ੍ਰੇਡ ਯੂਨੀਅਨਾਂ ਅਤੇ ਮੁਲਾਜ਼ਮ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਕਿਰਤੀਆਂ ਦੇ ਦਿਨ ਨੂੰ ਫਾਸ਼ੀਵਾਦੀ ਵਿਰੋਧੀ ਦਿਵਸ ਦੇ ਤੌਰ ਮਨਾਇਆ। ਕੇਂਦਰ ਸਰਕਾਰ ਦੀਆਂ ਮਜ਼ਦੂਰ ਵਿਰੋਧੀ ਨੀਤੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਡਾਕਖਾਨਾ ਚੌਂਕ ਤੱਕ ਰੋਸ ਮਾਰਚ ਕੀਤਾ। ਲੋਕਾਂ ਨੂੰ ਜਾਗਰੂਕ ਕਰਦਿਆਂ ਮੋਦੀ ਸਰਕਾਰ ਨੂੰ ਹਰਾਉਣ , ਵਿਰੋਧੀ ਪਾਰਟੀਆਂ ਨੂੰ ਸੁਆਲ ਕਰਨ, ਅਤੇ ਆਪਣੀ ਜਥੇਬੰਦਕ ਤਾਕਤ ਨੂੰ ਮਜ਼ਬੂਤ ਕਰਨ ਦਾ ਸੱਦਾ ਦਿੱਤਾ।ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਆਗੂ ਰਾਜ ਕੁਮਾਰ ਪੰਡੋਰੀ, ਡੀ ਐਮ ਐਪ ਦੇ ਅਨੇਕ ਚੰਦ ਪਾਹੜਾ, ਗੁਰਦਿਆਲ ਚੰਦ ਡੀ ਟੀ ਐਫ ,,ਬਲਵਿੰਦਰ ਕੌਰ ਅਲੀ ਸ਼ੇਰ, ਆਸ਼ਾ ਵਰਕਰਜ ਯੂਨੀਅਨ, ਇਫਟੂ ਦੇ ਸੁਖਦੇਵ ਰਾਜ ਬਹਿਰਾਮਪੁਰ ,ਅਸ਼ਵਨੀ ਸ਼ਰਮਾ ਜਮਹੂਰੀ ਅਧਿਕਾਰ ਸਭਾ ਸੁਨੀਲ ਕੁਮਾਰ ਇਫਟੂ ਅਧਾਰਿਤ ਪ੍ਰਧਾਨਗੀ ਮੰਡਲ ਦੀ ਅਗਵਾਈ ਹੇਠ ਵੱਖ ਵੱਖ ਅੰਦੋਲਨਾਂ ਵਿੱਚ ਸ਼ਹੀਦ ਹੋਏ ਮਜ਼ਦੂਰਾਂ ਕਿਸਾਨਾਂ ਅਤੇ ਇਨਕਲਾਬੀ ਲੋਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ।
ਵੱਡੀ ਗਿਣਤੀ ਵਿਚ ਹਾਜ਼ਰ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਜਮਹੂਰੀ ਅਧਿਕਾਰ ਸਭਾ ਦੇ ਪ੍ਰੈਸ ਸਕੱਤਰ ਅਮਰਜੀਤ ਸਾਸਤਰੀ, ਜੋਗਿੰਦਰ ਪਾਲ ਘੁਰਾਲਾ, ਹਰਜਿੰਦਰ ਸਿੰਘ ਵਡਾਲਾ ਬਾਂਗਰ, ਮੇਜ਼ਰ ਸਿੰਘ ਕੋਟ ਟੋਡਰ ਮੱਲ, ਬਲਵਿੰਦਰ ਕੌਰ ਰਾਵਲਪਿੰਡੀ, ਗੁਰਵਿੰਦਰ ਕੌਰ ਬਹਿਰਾਮਪੁਰ ਨੇ ਕਿਹਾ ਕਿ ਪਹਿਲੀ ਮਈ ਦਾ ਦਿਨ ਉਹਨਾਂ ਸ਼ਿਕਾਗੋ, ਅਮਰੀਕਾ ਦੇ ਮਜਦੂਰ ਸ਼ਹੀਦਾਂ ਦੀ ਯਾਦ ‘ਚ ਮਨਾਇਆ ਜਾਂਦਾ ਹੈ, ਜਿਨ੍ਹਾਂ ਨੇ ਅੱਠ ਘੰਟੇ ਕੰਮ ਦਿਹਾੜੀ ਲਾਗੂ ਕਰਵਾਉਣ ਲਈ ਆਪਣੀਆਂ ਜਿੰਦਗੀਆਂ ਵਾਰ ਦਿੱਤੀਆਂ ਸਨ। ਸਾਰੇ ਸੰਸਾਰ ਦੇ ਮਜਦੂਰ ਪਹਿਲੀ ਮਈ ਨੂੰ ਆਪਣੇ ਮਹਿਰੂਮ ਸ਼ਹੀਦਾਂ ਨੂੰ ਜੋਸ਼-ਖਰੋਸ਼ ਨਾਲ਼ ਯਾਦ ਕਰਦੇ ਹੋਏ ਉਹਨਾਂ ਦੀਆਂ ਕੁਰਬਾਨੀਆਂ ਨੂੰ ਸਿਜਦੇ ਕਰਦੇ ਹਨ ਅਤੇ ਆਉਣ ਵਾਲ਼ੇ ਸਮੇਂ ਆਪਣੇ ਹੱਕੀ ਸੰਘਰਸ਼ਾਂ ਲਈ ਇੱਕਜੁਟ ਹੋਣ ਦੀ ਪ੍ਰੇਰਣਾ ਲੈਂਦੇ ਹਨ। ਇਹ ਦਿਨ ਸੰਸਾਰ ਭਰ ਦੇ ਮਜਦੂਰਾਂ ਨੂੰ ਦੇਸ਼, ਕੌਮ, ਜਾਤ, ਧਰਮ, ਨਸਲ ਆਦਿ ਵੰਡੀਆਂ ਤੋਂ ਉੱਪਰ ਉੱਠ ਕੇ ਲੋਟੂ ਸਰਮਾਏਦਾਰਾਂ ਅਤੇ ਹਾਕਮ ਸਰਕਾਰਾਂ ਦੀਆਂ ਲੋਕ ਦੋਖੀ ਨੀਤੀਆਂ ਵਿਰੁੱਧ ਇੱਕਜੁਟ ਘੋਲ ਕਰਨ ਦੀ ਸੇਧ ਦਿੰਦਾ ਹੈ। ਉਹਨਾਂ ਕਿਹਾ ਕਿ ਮੌਜੂਦਾ ਸੰਸਾਰ ਹਾਲਤਾਂ ਵਿੱਚ ਜਦ ਸਰਮਾਏਦਾਰਾ-ਸਾਮਰਾਜੀ ਲੁੱਟ ਪਹਿਲਾਂ ਦੇ ਕਿਸੇ ਵੀ ਸਮੇਂ ਤੋਂ ਕਿਤੇ ਵਧੇਰੇ ਤਿੱਖੀ ਹੋ ਚੁੱਕੀ ਹੈ ਇਸ ਲਈ ਅੱਜ ਦੇ ਸਮੇਂ ਕੌਮਾਂਤਰੀ ਮਜਦੂਰ ਦਿਵਸ ਦਾ ਮਹੱਤਵ ਬਹੁਤ ਵੱਧ ਜਾਂਦਾ ਹੈ।
ਕੇਂਦਰ ਦੀ ਫਾਸੀਵਾਦੀ ਮੋਦੀ ਸਰਕਾਰ ਲਗਾਤਾਰ ਲੋਕਾਂ ਦਾ ਧਿਆਨ ਮਹਿੰਗਾਈ, ਗਰੀਬੀ, ਬੇਰੋਜਗਾਰੀ ਜਿਹੇ ਅਸਲ ਮੁੱਦਿਆਂ ਤੋਂ ਹਟਾ ਕੇ ਉਹਨਾਂ ਵਿੱਚ ਫਿਰਕੂ ਜਹਿਰ ਘੋਲ਼ਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਸੂਬਾ ਸਰਕਾਰਾਂ ਵੀ ਭਾਂਵੇ ਕਿਸੇ ਵੀ ਪਾਰਟੀ ਦੀਆਂ ਹੋਣ ਕਿਰਤੀਆਂ-ਮਜਦੂਰਾਂ ਵਿਰੋਧੀ ਨਿੱਜੀਕਰਨ, ਉਦਾਰੀਕਰਨ ਅਤੇ ਸੰਸਾਰੀਕਰਨ ਦੀਆਂ ਨੀਤੀਆਂ ਨੂੰ ਹੱਲਾਸ਼ੇਰੀ ਦੇ ਕੇ ਲੋਕਾਂ ਦੀਆਂ ਜਿੰਦਗੀਆਂ ਨੂੰ ਔਖਾ ਕਰ ਰਹੀਆਂ । ਵੱਧ ਰਹੀ ਮਹਿੰਗਾਈ ਵਿੱਚ ਮਜਦੂਰਾਂ-ਕਿਰਤੀਆਂ ਨੂੰ ਘਰ ਦੇ ਖਰਚੇ ਚਲਾਉਣ ਲਈ 12-14 ਘੰਟੇ ਕੰਮ ਕਰਨਾ ਪੈ ਰਿਹਾ ਹੈ। ਲੋਕ-ਪੱਖੀ ਸਹੂਲਤਾਂ ਤੇ ਡਾਕੇ ਮਾਰੇ ਜਾ ਰਹੇ ਹਨ। ਲੋਕ ਦੋਖੀ ਨੀਤੀਆਂ ਖਿਲਾਫ਼ ਉੱਠਦੀਆਂ ਅਵਾਜਾਂ ਨੂੰ ਚੁੱਪ ਕਰਵਾਉਣ ਲਈ ਕਾਲ਼ੇ ਕਨੂੰਨ ਪਾਸ ਕੀਤੇ ਜਾ ਰਹੇ ਹਨ। ਚੋਣਾਂ ਸਮੇਂ ਮੋਦੀ ਸਰਕਾਰ ਨੂੰ ਹਰਾਉਣ, ਵਿਰੋਧੀ ਪਾਰਟੀਆਂ ਨੂੰ ਸੁਆਲ ਕਰਨ, ਆਪਣੀਆਂ ਆਪਣੀਆਂ ਜਥੇਬੰਦੀਆਂ ਨੂੰ ਮਜ਼ਬੂਤ ਕਰਨ ਦੇ ਮਤੇ ਪਾਸ ਕੀਤੇ ਗਏ। ਇਸ ਸਮੇਂ ਹੋਰਨਾਂ ਤੋਂ ਇਲਾਵਾ ਪ੍ਰਿੰਸੀਪਲ ਅਮਰਜੀਤ ਸਿੰਘ ਮਨੀ, ਹਰਭਜਨ ਸਿੰਘ ਮਾਂਗਟ, ਰਣਜੀਤ ਸਿੰਘ ਧਾਲੀਵਾਲ,ਸੁਨੀਲ ਕੁਮਾਰ ਬਰਿਆਰ, ਸੰਦੀਪ ਮੋਜਾਂ ਜੋਤੀ ਲਾਲ ਪਾਹੜਾ, ਜਤਿੰਦਰ ਬਿੱਟੂ, ਰੂਪ ਲਾਲ, ਵੱਸਣ ਸਿੰਘ, ਮਿੰਟੂ, ਗੁਰਮੇਲ ਸਿੰਘ, ਦੇਵ ਰਾਜ, ਸੰਦੀਪ ਕੁਮਾਰ, ਸੁਰਿੰਦਰ ਪਾਲ, ਪਵਨ ਕੁਮਾਰ, ਮੰਗਲ ਮਸੀਹ, ਰਾਜੂ, ਅਮਰਜੀਤ ਸਿੰਘ ਕੋਠੇ ਘੁਰਾਲਾ ਵੀਨਾ ਕੁਮਾਰੀ ਸੱਜਣ ਸਿੰਘ, ਭਜਨ ਲਾਲ ਤਿਲਕ ਰਾਜ ਸੰਸਾਰ ਦੇਵ, ਜਗਦੀਸ਼ ਰਾਜ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।