ਦੀਨਾਨਗਰ ’ਚ ‘ਆਪ’ ਨੂੰ ਝਟਕਾ, ਦੋਦਵਾਂ ਦੀ ਸਾਬਕਾ ਸਰਪੰਚ ਦੋ ਦਰਜਨ ਸਾਥੀਆਂ ਸਮੇਤ ਕਾਂਗਰਸ ਚ ਸ਼ਾਮਲ
ਦੀਨਾਨਗਰ, 29 ਅਪ੍ਰੈਲ 2024 (ਦੀ ਪੰਜਾਬ ਵਾਇਰ)। ਪਿੰਡ ਦੋਦਵਾਂ ਦੀ ਸਾਬਕਾ ਸਰਪੰਚ ਬੇਵੀ ਭਗਤ ਨੇ ਆਮ ਆਦਮੀ ਪਾਰਟੀ ਨੂੰ ਅਲਵਿਦਾ ਆਖਦਿਆਂ ਅੱਜ ਕਾਂਗਰਸ ਪਾਰਟੀ ’ਚ ਘਰ ਵਾਪਸੀ ਕਰ ਲਈ। ਉਨ੍ਹਾਂ ਕਿਹਾ ਕਿ ਉਹ ਹਲਕੇ ਅੰਦਰ ਕਾਂਗਰਸੀ ਵਿਧਾਇਕਾ ਅਰੁਣਾ ਚੌਧਰੀ ਦੁਆਰਾ ਕਰਵਾਏ ਵਿਕਾਸ ਕੰਮਾਂ ਅਤੇ ਵਰਕਰਾਂ ਨੂੰ ਦਿੱਤੇ ਜਾਂਦੇ ਮਾਣ ਸਨਮਾਨ ਤੋਂ ਬੇਹੱਦ ਪ੍ਰਭਾਵਿਤ ਹਨ ਅਤੇ ਅੱਜ ਤੋਂ ਅਰੁਣਾ ਚੌਧਰੀ ਦੀ ਰਹਿਨੁਮਾਈ ਹੇਠ ਕੰਮ ਕਰਨਗੇ। ਉਨ੍ਹਾਂ ਪਾਰਟੀ ਬਦਲਣ ਪਿੱਛੇ ਦੂਜਾ ਕਾਰਨ ਆਮ ਆਦਮੀ ਪਾਰਟੀ ’ਚ ਵਰਕਰਾਂ ਦੀ ਕੋਈ ਕਦਰ ਨਾ ਹੋਣਾ ਦੱਸਿਆ ਅਤੇ ਇਸਦੇ ਲਈ ਦੀਨਾਨਗਰ ਦੇ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਨੂੰ ਕਸੂਰਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਅੱਗੇ ਕੀਤੇ ਇਸ ਹਲਕਾ ਇੰਚਾਰਜ ਦੀ ਵਜ੍ਹਾ ਕਾਰਨ ਵਰਕਰਾਂ ਦਾ ਮਨੋਬਲ ਲਗਾਤਾਰ ਡਿੱਗਦਾ ਜਾ ਰਿਹਾ ਹੈ ਅਤੇ ਉਹ ਪਾਰਟੀ ਅੰਦਰ ਘੁੱਟਣ ਮਹਿਸੂਸ ਕਰ ਰਹੇ ਹਨ। ਬੇਵੀ ਭਗਤ ਨੇ ਕਿਹਾ ਕਿ ਉਂਜ ਹੋਰਨਾਂ ਪਾਰਟੀਆਂ ਵੱਲੋਂ ਵੀ ਉਨ੍ਹਾਂ ਨਾਲ ਸੰਪਰਕ ਕੀਤਾ ਗਿਆ ਪਰ ਉਹ ਕਾਂਗਰਸ ਪਾਰਟੀ ਨੂੰ ਸਭ ਤੋਂ ਚੰਗਾ ਸਮਝਦੇ ਹਨ। ਉਨ੍ਹਾਂ ਦੇ ਪਤੀ ਸੇਵਾਮੁਕਤ ਸਬ ਇੰਸਪੈਕਟਰ ਭਗਵਾਨ ਦਾਸ ਨੇ ਵੀ ਆਮ ਆਦਮੀ ਪਾਰਟੀ ਅਤੇ ਹਲਕਾ ਇੰਚਾਰਜ ’ਤੇ ਕਈ ਤਰ੍ਹਾਂ ਦੇ ਇਲਜ਼ਾਮ ਲਗਾਏ ਅਤੇ ਕਿਹਾ ਕਿ ਵਰਕਰਾਂ ਦੀ ਕਦਰ ਨਾ ਕਰਨ ਵਾਲੇ ਇਸ ਆਗੂ ਤੋਂ ਅਨੇਕਾਂ ਵਰਕਰ ਦੁੱਖੀ ਹਨ ਜੋ ਆਉਣ ਵਾਲੇ ਦਿਨਾਂ ’ਚ ‘ਆਪ’ ਪਾਰਟੀ ਨੂੰ ਅਲਵਿਦਾ ਆਖ਼ ਸਕਦੇ ਹਨ।
ਇਸ ਦੌਰਾਨ ਵਿਧਾਇਕਾ ਅਰੁਣਾ ਚੌਧਰੀ ਤੇ ਸੀਨੀਅਰ ਨੇਤਾ ਅਸ਼ੋਕ ਚੌਧਰੀ ਨੇ ਬੇਵੀ ਭਗਤ ਅਤੇ ਉਸਦੇ ਦੋ ਦਰਜਨ ਦੇ ਕਰੀਬ ਸਾਥੀਆਂ ਨੂੰ ਸਿਰੋਪੇ ਪਾ ਕੇ ਕਾਂਗਰਸ ਵਿੱਚ ਸ਼ਾਮਲ ਕੀਤਾ ਅਤੇ ਉਨ੍ਹਾਂ ਨੂੰ ਆਪਣੀ ਪਾਰਟੀ ਅੰਦਰ ਬਣਦਾ ਮਾਣ ਸਨਮਾਨ ਦਿੱਤੇ ਜਾਣ ਦਾ ਭਰੋਸਾ ਦਿੱਤਾ। ਇਸ ਮੌਕੇ ਕਾਂਗਰਸ ’ਚ ਸ਼ਾਮਲ ਹੋਣ ਵਾਲਿਆਂ ਵਿੱਚ ਸੋਨੀਆ, ਆਸ਼ਾ ਰਾਣੀ, ਰੀਨਾ ਦੇਵੀ, ਸੁਨੀਤਾ ਦੇਵੀ, ਭਾਰਤੀ, ਪ੍ਰੀਤਮਾ, ਨਰੇਸ਼ ਕੁਮਾਰ, ਸੋਹਨ ਲਾਲ, ਰਾਮ ਲਾਲ, ਸਿਮਰਨ, ਦੀਪਕ, ਮੋਨੂੰ, ਰਮਨ, ਯੋਗਰਾਜ, ਪਰਮਜੀਤ, ਗੁਰਦੇਵ, ਗੁਰਮੁੱਖ, ਸਰਬਜੀਤ, ਜਗਦੀਸ਼, ਅਰਸ਼ਦੀਪ, ਰਮੇਸ਼, ਨਰੇਸ਼ ਅਤੇ ਜੋਗਿੰਦਰ ਪਾਲ ਪਰਿਵਾਰ ਮੁਖੀਆਂ ਦੇ ਨਾਂ ਸ਼ਾਮਲ ਹਨ। ਇਸ ਦੌਰਾਨ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਮਨਜੀਤ ਸਿੰਘ ਮੰਜ, ਸਾਬਕਾ ਸਰਪੰਚ ਸੀਤਾ ਰਾਮ, ਪੰਚ ਕੀਮਤ ਰਾਜ, ਜੋਗਿੰਦਰ ਪਾਲ, ਟੀਟੀ ਕੁਮਾਰ, ਸੰਮਤੀ ਚੇਅਰਮੈਨ ਹਰਵਿੰਦਰ ਸਿੰਘ ਭੱਟੀ ਅਤੇ ਹਰਜਿੰਦਰ ਸਿੰਘ ਗਵਾਲੀਆ ਵੀ ਮੌਜੂਦ ਸਨ।