ਗੁਰਦਾਸਪੁਰ

ਡਿਪਟੀ ਕਮਿਸ਼ਨਰ ਵੱਲੋਂ ਸੇਫ਼ ਸਕੂਲ ਵਾਹਨ ਪਾਲਿਸੀ ਦੀ ਇੰਨ-ਬਿੰਨ ਪਾਲਣਾ ਕਰਨ ਦੀਆਂ ਹਦਾਇਤਾਂ

ਡਿਪਟੀ ਕਮਿਸ਼ਨਰ ਵੱਲੋਂ ਸੇਫ਼ ਸਕੂਲ ਵਾਹਨ ਪਾਲਿਸੀ ਦੀ ਇੰਨ-ਬਿੰਨ ਪਾਲਣਾ ਕਰਨ ਦੀਆਂ ਹਦਾਇਤਾਂ
  • PublishedApril 25, 2024

ਸੇਫ਼ ਸਕੂਲ ਵਾਹਨ ਪਾਲਿਸੀ ਦੀ ਉਲੰਘਣਾਂ ਕਰਨ ਵਾਲੇ ਵਿਅਕਤੀ/ਸਕੂਲਾਂ ਮੁਖੀਆਂ ਉੱਪਰ ਕੀਤੀ ਜਾਵੇਗੀ ਕਾਨੂੰਨੀ ਕਾਰਵਾਈ

ਬੱਚਿਆਂ ਦੀ ਜਾਨ ਨਾਲ ਖਿਲਵਾੜ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ – ਡਿਪਟੀ ਕਮਿਸ਼ਨਰ

ਗੁਰਦਾਸਪੁਰ, 25 ਅਪ੍ਰੈਲ 2024 (ਦੀ ਪੰਜਾਬ ਵਾਇਰ ) । ਡਿਪਟੀ ਕਮਿਸ਼ਨਰ ਸ੍ਰੀ ਵਿਸ਼ੇਸ਼ ਸਾਰੰਗਲ ਨੇ ਜ਼ਿਲ੍ਹੇ ਦੇ ਸਮੂਹ ਉਪ ਮੰਡਲ ਮੈਜਿਸਟ੍ਰੇਟ, ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ, ਗੁਰਦਾਸਪੁਰ, ਰਿਜਨਲ ਟਰਾਂਸਪੋਰਟ ਅਥਾਰਿਟੀ, ਗੁਰਦਾਸਪੁਰ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ ਅਤੇ ਸਕੈਂਡਰੀ, ਗੁਰਦਾਸਪੁਰ ਨੂੰ ਹਦਾਇਤ ਕੀਤੀ ਹੈ ਕਿ ਸਿਵਲ ਰਿੱਟ ਪਟੀਸ਼ਨ 6907 ਆਫ 2009 ਤਹਿਤ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਜਾਰੀ ਹੁਕਮਾਂ ਤਹਿਤ ਸੇਫ ਸਕੂਲ ਵਾਹਨ ਸਕੀਮ ਨੂੰ ਜ਼ਿਲ੍ਹੇ ਵਿੱਚ ਸਖਤੀ ਨਾਲ ਲਾਗੂ ਕੀਤਾ ਜਾਵੇ।

ਸੇਫ਼ ਸਕੂਲ ਵਾਹਨ ਪਾਲਿਸੀ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਪਾਲਿਸੀ ਤਹਿਤ ਸਕੂਲੀ ਬੱਸਾਂ ਵਿੱਚ ਫੁੱਟ ਸਟੈਪ ਦੀ ਉਚਾਰੀ 220 ਮਿ.ਮੀ ਤੋਂ ਜ਼ਿਆਦਾ ਨਹੀਂ ਹੋ ਸਕਦੀ। ਸੀ.ਸੀ.ਟੀ.ਵੀ ਦੀ ਫੁਟੇਜ 60 ਦਿਨ ਤੱਕ ਸੰਭਾਲ ਕੇ ਰੱਖਣੀ ਜ਼ਰੂਰੀ ਹੈ। ਸਕੂਲ ਬੱਸ ਡਰਾਈਵਰ ਨੇ ਨੀਲੇ ਫਿੱਕੇ ਰੰਗ ਦੀ ਕਮੀਜ਼ ਅਤੇ ਕਾਲੇ ਰੰਗ ਦੇ ਬੂਟ ਪਾਏ ਹੋਣ, ਡਰਾਈਵਰ ਦੀ ਕਮੀਜ਼ ਤੇ ਨਾਮ ਵਾਲੀ ਆਈ.ਡੀ ਪਲੇਟ ਲੱਗੀ ਹੋਵੇ। ਇਸ ਤੋਂ ਇਲਾਵਾ ਡਰਾਈਵਰ ਕੋਲ ਸਾਰੇ ਬੱਚਿਆਂ ਦੇ ਨਾਮ, ਪਤਾ, ਕਲਾਸ ਅਤੇ ਬਲੱਡ ਗਰੁੱਪ ਵਾਲੀ ਲਿਸਟ ਹੋਣੀ ਚਾਹੀਦੀ ਹੈ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਕੂਲ ਬੱਸ ਵਿੱਚ ਸਮਰੱਥਾ ਤੋਂ ਵੱਧ ਬੱਚੇ ਨਾ ਬਿਠਾਏ ਜਾਣ, ਸਕੂਲ ਬੱਸ ਵਿੱਚ ਅੱਗ ਬਝਾਉਣ ਵਾਲਾ ਯੰਤਰ ਚਾਲੂ ਹਾਲਤ ਵਿੱਚ ਹੋਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸਕੂਲ ਬੱਸ ਨੂੰ ਸੁਨਹਿਰੀ ਪੀਲਾ ਰੰਗ ਜ਼ਰੂਰ ਕੀਤਾ ਹੋਵੇ ਇੱਕ ਐਮਰਜੈਂਸੀ ਤਾਕੀ ਅੱਗੇ ਅਤੇ ਇੱਕ ਪਿੱਛੇ ਜ਼ਰੂਰ ਹੋਵੇ। ਸਕੂਲ ਬੱਸ ਦੇ ਚਾਰੇ ਪਾਸੇ ਸਕੂਲ ਦਾ ਨਾਮ ਲਿਖਿਆ ਹੋਣ ਜ਼ਰੂਰੀ ਹੈ। ਸਕੂਲ ਬੱਸ ਡਰਾਈਵਰ ਕੋਲ 4 ਸਾਲ ਦਾ ਤਜਰਬਾ ਹੋਣਾ ਜ਼ਰੂਰੀ ਹੈ, ਸਕੂਲ ਬੱਸ ਵਿੱਚ ਬੱਚਿਆਂ ਦੇ ਬੈਗ ਰੱਖਣ ਲਈ ਸੀਟ ਹੇਠਾਂ ਰੈਕ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਕੂਲ ਬੱਸ ਵਿੱਚ ਫ਼ਸਟ ਏਡ ਬਾਕਸ ਹੋਣਾ ਲਾਜ਼ਮੀ ਹੈ। ਸਕੂਲ ਬੱਸ ਦੀਆਂ ਖਿੜਕੀਆਂ ਦੇ ਲਾਕ ਠੀਕ ਹੋਣੇ ਚਾਹੀਦੇ ਹਨ।

ਡਿਪਟੀ ਕਮਿਸ਼ਨਰ ਸ੍ਰੀ ਵਿਸ਼ੇਸ਼ ਸਾਰੰਗਲ ਨੇ ਕਿਹਾ ਕਿ ਸਕੂਲ ਬੱਸ ਵਿੱਚ ਜੀ.ਪੀ.ਐੱਸ ਸਿਸਟਮ ਲੱਗਾ ਹੋਣਾ ਜ਼ਰੂਰੀ ਹੈ ਅਤੇ ਬੱਸ ਵਿੱਚ ਸਪੀਡ ਗਵਰਨਰ ਵੀ ਲਾਜ਼ਮੀ ਲੱਗਿਆ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੱਧਰੀ ਸੇਫ਼਼ ਸਕੂਲ ਵਾਹਨ ਦੀ ਚੈਕਿੰਗ ਦੌਰਾਨ ਚੈਕਿੰਗ ਟੀਮ ਦੇ ਧਿਆਨ ਵਿੱਚ ਆਇਆ ਹੈ ਕਿ ਸਪੀਡ ਗਵਰਨਰ ਬੱਸ ਵਿੱਚ ਲੱਗਾ ਹੁੰਦਾ ਹੈ ਪਰ ਕੰਮ ਨਹੀਂ ਕਰਦਾ ਇਸ ਲਈ ਹਰ ਸਕੂਲ ਵਾਹਨ ਵਿੱਚ ਸਪੀਡ ਗਵਰਨਰ ਚਾਲੂ ਹਾਲਤ ਵਿੱਚ ਹੋਣਾ ਲਾਜ਼ਮੀ ਹੈ। ਸਕੂਲ ਬੱਸ ਦੇ ਬਾਹਰ ਗ੍ਰਿੱਲ ਲੱਗੀ ਹੋਣੀ ਚਾਹੀਦੀ ਹੈ ਅਤੇ ਸਕੂਲ ਬੱਸ ਵਿੱਚ ਲੇਡੀਜ਼ ਕੰਡਕਟਰ ਹੋਣੀ ਜ਼ਰੂਰੀ ਹੈ। ਇਸ ਤੋਂ ਇਲਾਵਾ ਸੇਫ਼ ਸਕੂਲ ਵਾਹਨ ਸਕੀਮ ਦੀਆਂ ਸਾਰੀਆਂ ਹਦਾਇਤਾਂ ਦੀ ਪਾਲਣਾ ਜ਼ਰੂਰੀ ਹੈ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜੇਕਰ ਕੋਈ ਸਕੂਲ/ਮੈਨੇਜਮੈਂਟ ਕਮੇਟੀ ਜਾਂ ਸਕੂਲ ਮੁਖੀ ਸੇਫ ਸਕੂਲ ਵਾਹਨ ਸਕੀਮ ਦੀ ਪਾਲਣਾ ਨਹੀਂ ਕਰਦਾ ਤਾਂ ਸਕੂਲ ਮੁਖੀ ਅਤੇ ਡਰਾਈਵਰ ਤੇ ਨਿਯਮਾਂ ਨੂੰ ਨਾ ਮੰਨਣ ਤੇ ਧਾਰਾ 188 ਅਧੀਨ ਮਾਮਲਾ ਦਰਜ ਕੀਤਾ ਜਾ ਸਕਦਾ ਹੈ। ਸਰਕਾਰੀ ਅਤੇ ਗੈਰ ਸਰਕਾਰੀ ਸਕੂਲਾਂ ਉੱਪਰ ਇਹ ਸੇਫ ਸਕੂਲ ਵਾਹਨ ਪਾਲਿਸੀ ਲਾਗੂ ਹੋਵੇਗੀ ਅਤੇ ਇਸ ਦੀ ਉਲੰਘਣਾ ਕਰਨ ਵਾਲੇ ਵਿਅਕਤੀ/ਸਕੂਲਾਂ ਮੁਖੀਆਂ ਉੱਪਰ ਕਾਨੂੰਨ ਮੁਤਾਬਿਕ ਬਣਦੀ ਕਾਰਵਾਈ ਕੀਤੀ ਜਾਵੇਗੀ।

Written By
The Punjab Wire