ਗੁਰਦਾਸਪੁਰ, 15 ਅਪ੍ਰੈਲ 2024 (ਦੀ ਪੰਜਾਬ ਵਾਇਰ)। ਇੰਡਿਯਨ ਕਾਉਂਸਿਲ ਓਫ ਐਗਰੀਕਲਚਰਲ ਰਿਸਰਚ (ICAR ) ਦੇ ਜਨਰਲ ਬਾਡੀ ਮੇਂਬਰ ਰਹੇ ਅਮਰਦੀਪ ਸਿੰਘ ਚੀਮਾਂ ਨੇ ਅੱਜ ਹੋਈ ਬੇਮੌਸਮੀ ਬਰਸਾਤ ਤੇ ਗੜ੍ਹੇਮਾਰੀ ਕਾਰਨ ਹੋਏ ਤਿਆਰ ਫ਼ਸਲਾਂ ਦੇ ਭਾਰੀ ਨੁਕਸਾਨ ਦੇ ਮੱਦੇ ਨਜ਼ਰ ਜ਼ੋਰਦਾਰ ਅਪੀਲ ਰਾਜ ਸਰਕਾਰ ਤੇ ਕੇਂਦਰ ਸਰਕਾਰ ਨੂੰ ਕੀਤੀ ਹੈ ਉਥੇ ਤੁਰੰਤ ਮੁਆਵਜ਼ੇ ਲਈ ਗਿਰਦਾਵਰੀ ਦੇ ਹੁਕਮ ਜ਼ਾਰੀ ਕਰਨ ਲਈ ਮੰਗ ਕੀਤੀ ।
ਉਨਾਂ ਕਿਹਾ ਕਿ ਇਸ ਸਮੇ ਉਹਨਾਂ ਅਫਸਰਾਂ ਤੇ ਨੀਤੀ ਘਾੜਿਆਂ ਤੇ ਸਖ਼ਤ ਐਕਸ਼ਨ ਹੋਣਾ ਚਾਹੀਦਾ ਜਿੰਨੇ ਨੇ ਪੰਜਾਬ ਦੀ ਕਿਸਾਨੀ ਨੂੰ ਫ਼ਸਲ ਬੀਮਾ ਯੋਜਨਾ ਵਿਚ ਸਹੀ ਕਿਸਮ ਦੀ ਜ਼ਰੂਰਤ ਅਨੁਸਾਰ ਨਾ ਢਾਲ ਕੇ ਕੋਈ ਮਾਧਿਅਮ ਹੀ ਪੰਜਾਬ ਦੀ ਕਿਸਾਨੀ ਲਈ ਨਹੀਂ ਰਹਿਣ ਦਿੱਤਾ।
ਪਿਛਲੇ ਸਾਲ ਹੋਈ ਬੇਮੌਸਮੀ ਬਾਰਿਸ਼ , ਗੜ੍ਹੇਮਾਰੀ , ਹਨੇਰੀ ਝੱਖੜ ਅਤੇ ਬਾਅਦ ਵਿਚ ਚਿੱਟੇ ਦਿਨੀ ਚਮਕਦੇ ਸੂਰਜ ਹੇਠ ਡੈਮਾਂ ਵਿਚੋਂ ਛੱਡੇ ਬੇਤਰਤੀਬੇ ਪਾਣੀ ਕਾਰਣ ਹੋਏ ਕਿਸਾਨੀ ਦੇ ਨਾ ਕਹਿ ਸਕਣ ਵਾਲੇ ਨੁਕਸਾਨ ਤੋਂ ਨਾ ਸਬਕ ਸਿੱਖਣ ਤੇ ਕਿਸੇ ਵੀ ਤਰਾਂ ਦੀ ਕਾਰਵਾਈ ਨਾ ਕਾਰਨ ਤੇ ਅਗਲੇ ਸਾਲਾਂ ਲਈ ਕੋਈ ਚਾਰਾਜ਼ੋਈ ਨਾ ਕਾਰਨ ਵਾਲੇ ਜਿੰਮੇਵਾਰ ਲੋਕਾਂ ਨੂੰ ਕੋਈ ਅਨੁਸ਼ਾਸਨੀ ਕਾਰਵਾਈ ਹੇਠ ਨਾ ਲਿਆਉਣ ਦਾ ਨਤੀਜਾ ਅੱਜ ਵੇਖਣ ਨੂੰ ਫੇਰ ਮਿਲਿਆ ਹੈ ।
ਸਰਦਾਰ ਚੀਮਾਂ ਅਨੁਸਾਰ ,ਨੁਕਸਾਨ ਕਿਸਾਨੀ ਦਾ ਹੋਇਆ , ਤੰਗੀਆਂ ਤੁਰਸ਼ੀਆਂ ਕਿਸਾਨੀ ਝੱਲੇ , ਕਰਜ਼ੇ ਦੀ ਪੰਡ ਕਿਸਾਨੀ ਦੀ ਵੱਧ ਗਈ , ਨਿੱਕੇ ਵੱਡੇ ਸਾਰੇ ਕਿਸਾਨੀ ਭਾਈਚਾਰੇ ਦਾ ਤਾਣਾ ਬਾਣਾ ਉਲਝ ਗਿਆ , ਹੁਣ ਇਸਦਾ ਹਿਸਾਬ ਕਦੋਂ ਹੋਵੇਗਾ ,ਕੌਣ ਲਾਵੇਗਾ ,ਕੇਂਦਰ ਸਰਕਾਰ ਕੀਤੇ ਇੰਪੋਰਟ ਦੇ ਰਾਹ ਨੂੰ ਤੇ ਸੌਖਾ ਰਾਹ ਸਮਝ ਕੇ ਚੁੱਪ ਬੈਠੀ ਹੈ , ਕਿਸਾਨੀ ਨੂੰ ਆਪ ਹੀ ਸਿਰੜ ਨਾਲ ਉੱਦਮ ਕਰਨਾ ਪੈਣਾ।