BSF ਤੇ ਪੁਲਿਸ ਨੇ ਸਰਚ ਆਪਰੇਸ਼ਨ ਦੌਰਾਨ ਬਰਾਮਦ, ਮਾਮਲਾ ਦਰਜ
ਗੁਰਦਾਸਪੁਰ, 9 ਅਪ੍ਰੈਲ 2024 (ਦੀ ਪੰਜਾਬ ਵਾਇਰ)। ਭਾਰਤ ਪਾਕਿਸਤਾਨ ਸੀਮਾ ਨਾਲ ਲਗਦੇ ਖੇਤਰ ਚੋਂ ਪਾਕਿਸਤਾਨ ਤੋਂ ਮੰਗਵਾਈ ਗਈ ਹੈਰੋਇਨ ਦੇ ਪੈਕਟ ਬਰਾਮਦ ਕੀਤੇ ਗਏ ਹਨ। ਇਹ ਪੈਕਟ ਬੀ.ਐਸ.ਐਫ ਅਤੇ ਪੁਲਿਸ ਵੱਲੋਂ ਸਰਚ ਆਪਰੇਸ਼ਨ ਦੌਰਾਨ ਖੇਤਾਂ ਵਿੱਚੋਂ ਬਰਾਮਦ ਕੀਤੇ ਗਏ ਹਨ।ਫਿਲਹਾਲ ਥਾਣਾ ਦੋਰਾਂਗਲਾ ਦੀ ਪੁਲਿਸ ਨੇ ਅਣਪਛਾਤੇ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਐਸ.ਐਚ.ਓ ਦਵਿੰਦਰ ਕੁਮਾਰ ਨੇ ਦੱਸਿਆ ਕਿ ਬੀ ਕੰਪਨੀ ਬਾਰਡਰ ਪੋਸਟ ਚਿਤਰਾਂ ਸਮੇਤ 58 ਬਟਾਲੀਅਨ ਬੀ.ਐਸ.ਐਫ ਦੀ ਟੀਮ ਸਰਹੱਦੀ ਖੇਤਰ ਦੀ ਤਲਾਸ਼ੀ ਦੌਰਾਨ ਪਿੰਡ ਚੌਂਤਰਾ ਵਿਖੇ ਮੌਜੂਦ ਸੀ। ਗੁਪਤ ਸੂਚਨਾ ਦੇ ਆਧਾਰ ‘ਤੇ ਬੀ.ਐੱਸ.ਐੱਫ ਚੌਕੀ ਤੋਂ ਕਰੀਬ 200 ਮੀਟਰ ਦੂਰ ਚੌਂਤਰਾ ਨਿਵਾਸੀ ਨਿਰਮਲ ਸਿੰਘ ਦੇ ਖੇਤਾਂ ‘ਚ ਹੈਰੋਇਨ ਦਾ ਇਕ ਪੈਕੇਟ ਪਿਆ ਸੀ, ਜਿਸ ਨੂੰ ਕਿਸੇ ਤਸਕਰ ਨੇ ਡਰੋਨ ਰਾਹੀਂ ਪਾਕਿਸਤਾਨ ਤੋਂ ਮੰਗਵਾਇਆ ਸੀ। ਪੁਲੀਸ ਅਤੇ ਬੀਐਸਐਫ ਦੀ ਚੌਕਸੀ ਕਾਰਨ ਤਸਕਰ ਖੇਤਾਂ ਵਿੱਚੋਂ ਪੈਕਟ ਨਹੀਂ ਚੁੱਕ ਸਕੇ। ਸੂਚਨਾ ਦੇ ਆਧਾਰ ‘ਤੇ ਤਲਾਸ਼ੀ ਦੌਰਾਨ ਪੁਲਸ ਅਤੇ ਬੀ.ਐੱਸ.ਐੱਫ. ਦੇ ਜਵਾਨਾਂ ਨੇ ਪੀਲੇ ਰੰਗ ਦੀ ਟੇਪ ‘ਚ ਲਪੇਟਿਆ ਹੋਇਆ ਹੈਰੋਇਨ ਦਾ ਪੈਕੇਟ ਬਰਾਮਦ ਕੀਤਾ, ਜਿਸ ਦਾ ਵਜ਼ਨ 530 ਗ੍ਰਾਮ ਪਾਇਆ ਗਿਆ।
ਪੁਲੀਸ ਨੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ।