ਗੁਰਦਾਸਪੁਰ

ਝੋਨੇ ਦੀ ਰੁਕੀ ਹੋਈ ਅਦਾਇਗੀ ਨਾ ਹੋਣ ਖਿਲਾਫ ਪਨਸਪ ਦਫਤਰ ਨੂੰ ਲਗਾਇਆ ਤਾਲਾ, ਭਲਕੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਨਾਲ ਹੋਵੇਗੀ ਮੀਟਿੰਗ

ਝੋਨੇ ਦੀ ਰੁਕੀ ਹੋਈ ਅਦਾਇਗੀ ਨਾ ਹੋਣ ਖਿਲਾਫ ਪਨਸਪ ਦਫਤਰ ਨੂੰ ਲਗਾਇਆ ਤਾਲਾ, ਭਲਕੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਨਾਲ ਹੋਵੇਗੀ ਮੀਟਿੰਗ
  • PublishedApril 4, 2024

ਮੰਗਾਂ ਮੰਨੇ ਜਾਣ ਤੱਕ ਧਰਨਾ ਲਗਾਤਾਰ ਰਹੇਗਾ ਜਾਰੀ- ਆਗੂ

ਗੁਰਦਾਸਪੁਰ, 4 ਅਪ੍ਰੈਲ 2024 (ਦੀ ਪੰਜਾਬ ਵਾਇਰ)। ਝੋਨੇ ਦੀ ਰੁਕੀ ਹੋਈ ਅਦਾਇਗੀ ਨਾ ਹੋਣ ਖਿਲਾਫ ਪਨਸਪ ਦਫਤਰ ਗੁਰਦਾਸਪੁਰ ਨੂੰ ਅੱਜ ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਵਿੱਚ ਜਿੰਦਰਾ ਲਗਾਇਆ ਗਿਆ ਅਤੇ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਜਿਸ ਉਪਰੰਤ ਹਰਕਤ ਵਿੱਚ ਆਏ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਕਿਸਾਨ ਆਗੂਆਂ ਨਾਲ ਗੱਲਬਾਤ ਕੀਤੀ ਗਈ। ਇਸ ਮੀਟਿੰਗ ਵਿੱਚ ਐਸਪੀ ਹੈਡਕੁਆਰਟਰ ਅਤੇ ਡੀਐਸਪੀ ਸ਼ਾਮਿਲ ਹੋਏ ਅਤੇ ਵਿਭਾਗ ਦੇ ਅਫਸਰਾਂ ਨੂੰ ਵੀ ਇਸ ਮੀਟਿੰਗ ਦਾ ਹਿੱਸਾ ਬਣਾਇਆ ਗਿਆ। ਮੀਟਿੰਗ ਵਿੱਚ ਸ਼ਾਮਿਲ ਹੋਏ ਪੁਲਿਸ ਅਫਸਰਾਂ ਵੱਲੋਂ ਭਲਕੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ ਗਿਆ।

ਪ੍ਰੈਸ ਦੇ ਨਾਮ ਬਿਆਨ ਜਾਰੀ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਤਰਲੋਕ ਸਿੰਘ ਬਹਿਰਾਮਪੁਰ ਨੇ ਕਿਹਾ ਕਿ 2021-22 ਦੇ ਝੋਨੇ ਦੀ ਅਦਾਇਗੀ ਨਾ ਹੋਣ ਖਿਲਾਫ ਕਿਸਾਨਾਂ ਮਜ਼ਦੂਰਾਂ ਤੇ ਆੜਤੀਆ ਵਿੱਚ ਰੋਸ ਹੈ ਜਿਸ ਖਿਲਾਫ ਲਗਾਤਾਰ ਇੱਕ ਹਫਤੇ ਤੋਂ ਪਨਸਪ ਦਫਤਰ ਦੇ ਮੂਹਰੇ ਧਰਨਾ ਲਗਾਇਆ ਜਾ ਰਿਹਾ ਹੈ ਪਰ ਇਸ ਮਾਮਲੇ ਉੱਪਰ ਨਾ ਤਾਂ ਸਿਵਿਲ ਪ੍ਰਸ਼ਾਸਨ ਨੇ ਕੋਈ ਠੋਸ ਕਦਮ ਚੁੱਕਿਆ ਹੈ ਅਤੇ ਨਾ ਹੀ ਵਿਭਾਗ ਇਸ ਮਾਮਲੇ ਨੂੰ ਹੱਲ ਕਰਨ ਦੀ ਇੱਛਾ ਜਤਾ ਰਿਹਾ ਹੈ ।ਉਹਨਾਂ ਕਿਹਾ ਕਿ ਵਿਭਾਗ ਦੀ ਇਸ ਢਿੱਲ ਮੱਠ ਕਾਰਨ ਅੱਜ ਰੋਸ ਵਿੱਚ ਆਏ ਕਿਸਾਨਾਂ ਅਤੇ ਆੜਤੀਆਂ ਨੇ ਵਿਭਾਗ ਦੇ ਦਫਤਰ ਨੂੰ ਤਾਲਾ ਮਾਰ ਕੇ ਧਰਨਾ ਸ਼ੁਰੂ ਕੀਤਾ। ਜਿਸ ਤੋਂ ਬਾਅਦ ਦੁਪਹਿਰ ਪੁਲਿਸ ਪ੍ਰਸ਼ਾਸਨ ਅਤੇ ਸਿਵਲ ਪ੍ਰਸ਼ਾਸਨ ਹਰਕਤ ਵਿੱਚ ਆਇਆ ਹੈ। ਉਹਨਾਂ ਕਿਹਾ ਕਿ ਵਿਭਾਗ ਕਿਸਾਨਾਂ ਨਾਲ ਗੱਲ ਕਰਨ ਤੋਂ ਲਗਾਤਾਰ ਭੱਜ ਰਿਹਾ ਹੈ ਅਤੇ ਵਾਰ ਵਾਰ ਮਾਮਲੇ ਦੀ ਜਾਂਚ ਪੜਤਾਲ ਕਰਨ ਲਈ ਸਮੇਂ ਦੀ ਮੰਗ ਕਰ ਰਿਹਾ ਹੈ। ਜਦ ਕਿ ਪੀੜਿਤ ਕਿਸਾਨਾਂ ਅਤੇ ਆੜਤੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ ਉੱਪਰ ਪਿਛਲੇ ਦੋ ਸਾਲਾਂ ਤੇ ਜਾਂਚ ਕਰਨ ਦੇ ਨਾਮ ਹੇਠ ਮਾਮਲੇ ਨੂੰ ਲਟਕਾਇਆ ਜਾ ਰਿਹਾ ਹੈ ਅਤੇ ਹੁਣ ਵੀ ਮਾਮਲਾ ਲਟਕਾਉਣ ਦੀ ਨੀਅਤ ਨਾਲ ਵਿਭਾਗ ਫਿਰ ਤੋਂ ਜਾਂਚ ਲਈ ਸਮੇ ਦੀ ਮੰਗ ਕਰ ਰਿਹਾ ਹੈ।

Written By
The Punjab Wire