ਗੁਰਦਾਸਪੁਰ ਪੰਜਾਬ

ਚੋਣਾਂ ਦੌਰਾਨ ਨਜਾਇਜ਼ ਸ਼ਰਾਬ ਅਤੇ ਨਸ਼ਿਆਂ ਨੂੰ ਰੋਕਣ ਲਈ ਹੁਣ ਸਪੈਸ਼ਲ ਟੀਮਾਂ ਬੋਟ ਰਾਹੀਂ ਦਰਿਆ ਵਿਚਲੇ ਟਾਪੂਆਂ ‘ਤੇ ਜਾਣਗੀਆਂ, ਡਰੋਨ ਰਾਹੀਂ ਵੀ ਰੱਖੀ ਜਾਵੇਗੀ ਖ਼ਾਸ ਨਜ਼ਰ – ਡਿਪਟੀ ਕਮਿਸ਼ਨਰ

ਚੋਣਾਂ ਦੌਰਾਨ ਨਜਾਇਜ਼ ਸ਼ਰਾਬ ਅਤੇ ਨਸ਼ਿਆਂ ਨੂੰ ਰੋਕਣ ਲਈ ਹੁਣ ਸਪੈਸ਼ਲ ਟੀਮਾਂ ਬੋਟ ਰਾਹੀਂ ਦਰਿਆ ਵਿਚਲੇ ਟਾਪੂਆਂ ‘ਤੇ ਜਾਣਗੀਆਂ, ਡਰੋਨ ਰਾਹੀਂ ਵੀ ਰੱਖੀ ਜਾਵੇਗੀ ਖ਼ਾਸ ਨਜ਼ਰ – ਡਿਪਟੀ ਕਮਿਸ਼ਨਰ
  • PublishedMarch 26, 2024

ਦਰਿਆ ਬਿਆਸ ਦੇ ਮੌਚਪੁਰ ਖੇਤਰ ਵਿੱਚੋਂ ਪੁਲਿਸ ਤੇ ਐਕਸਾਈਜ਼ ਵਿਭਾਗ ਦੇ ਸਾਂਝੇ ਓਪਰੇਸ਼ਨ ਦੌਰਾਨ 300540 ਐੱਮ.ਐੱਲ ਨਜਾਇਜ਼ ਸ਼ਰਾਬ ਤੇ 4400 ਕਿੱਲੋ ਲਾਹਨ ਬਰਾਮਦ

ਚੋਣਾਂ ਦੌਰਾਨ ਨਸ਼ਿਆਂ ਦੀ ਵਰਤੋਂ ਸਬੰਧੀ ਸੂਚਨਾ ਚੋਣ ਕਮਿਸ਼ਨ ਦੇ ਹੈਲਪ ਲਾਈਨ 1950 ਜਾਂ ਜ਼ਿਲ੍ਹਾ ਪ੍ਰਸ਼ਾਸਨ ਦੇ ਕੰਟਰੋਲ ਰੂਮ ਦੇ ਨੰਬਰ 1800-180-1852 ਉੱਪਰ ਦਿੱਤੀ ਜਾਵੇ

ਗੁਰਦਾਸਪੁਰ, 26 ਮਾਰਚ 2024 (ਦੀ ਪੰਜਾਬ ਵਾਇਰ)। ਲੋਕ ਸਭਾ ਚੋਣਾਂ ਦੌਰਾਨ ਨਜਾਇਜ਼ ਸ਼ਰਾਬ ਤੇ ਨਸ਼ਿਆਂ ਦੀ ਵਰਤੋਂ ਨੂੰ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਹੁਣ ‘ਬੋਟ ਤੇ ਡਰੋਨ’ ਰਾਹੀਂ ਵਿਸ਼ੇਸ਼ ਨਜ਼ਰ ਰੱਖੀ ਜਾਵੇਗੀ।  ਡਿਪਟੀ ਕਮਿਸ਼ਨਰ ਸ੍ਰੀ ਵਿਸ਼ੇਸ਼ ਸਾਰੰਗਲ ਦੀਆਂ ਹਦਾਇਤਾਂ ਤਹਿਤ ਪੁਲਿਸ ਵਿਭਾਗ ਅਤੇ ਐਕਸਾਈਜ਼ ਵਿਭਾਗ ਦੀਆਂ ਵਿਸ਼ੇਸ਼ ਫਲਾਇੰਗ ਸੂਕੈਡ ਟੀਮਾਂ ਹੁਣ ਬੋਟ ਰਾਹੀਂ ਦਰਿਆ ਬਿਆਸ ਦੇ ਵਿੱਚ ਜਾ ਕੇ ਨਜਾਇਜ਼ ਸ਼ਰਾਬ ਦੇ ਕਾਰੋਬਾਰ ਨੂੰ ਰੋਕ ਕੇ ਦੋਸ਼ੀਆਂ  ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨਗੀਆਂ। ਇਸ ਦੌਰਾਨ ਵਿਸ਼ੇਸ਼ ਟੀਮਾਂ ਦੀ ਡਰੋਨ ਰਾਹੀਂ ਵੀ ਇਨ੍ਹਾਂ ਖੇਤਰਾਂ ਉੱਪਰ ਖ਼ਾਸ ਨਜ਼ਰ ਰਹੇਗੀ।

ਅੱਜ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਕਾਨਫਰੰਸ ਹਾਲ ਵਿਖੇ ਲੋਕ ਸਭਾ ਚੋਣਾਂ ਸਬੰਧੀ ਇੱਕ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਜ਼ਿਲ੍ਹਾ ਚੋਣ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ ਸ੍ਰੀ ਵਿਸ਼ੇਸ਼ ਸਾਰੰਗਲ ਨੇ ਕਿਹਾ ਕਿ ਮਾਣਯੋਗ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਚੋਣਾਂ ਵਿੱਚ ਨਸ਼ਿਆਂ ਦੀ ਵਰਤੋਂ ਬਿਲਕੁਲ ਨਹੀਂ ਹੋਣ ਦਿੱਤੀ ਜਾਵੇਗੀ ਅਤੇ ਇਸ ਸਬੰਧੀ ਵਿਸ਼ੇਸ਼ ਫਲਾਇੰਗ ਸੂਕੈਡ ਟੀਮਾਂ ਗਠਿਤ ਕਰ ਦਿੱਤੀਆਂ ਗਈਆਂ ਹਨ।

ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਪੁਲਿਸ ਤੇ ਐਕਸਾਈਜ਼ ਵਿਭਾਗ ਦੀ ਟੀਮ ਵੱਲੋਂ ਦਰਿਆ ਬਿਆਸ ਦੇ ਮੌਚਪੁਰ ਇਲਾਕੇ ਵਿਚੋਂ ਸਾਂਝੇ ਓਪਰੇਸ਼ਨ ਦੌਰਾਨ 300540 ਐੱਮ.ਐੱਲ ਨਜਾਇਜ਼ ਸ਼ਰਾਬ ਤੇ 4400 ਕਿੱਲੋ ਲਾਹਨ ਬਰਾਮਦ ਕਰਨ ਵਿੱਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ।  ਉਨ੍ਹਾਂ ਕਿਹਾ ਕਿ ਦਰਿਆ ਦੇ ਵਿੱਚ ਟਾਪੂਆਂ ਉੱਪਰ ਨਜਾਇਜ਼ ਸ਼ਰਾਬ ਨੂੰ ਫੜਨ ਲਈ ਇਨ੍ਹਾਂ ਟੀਮਾਂ ਨੂੰ 4 ਕਿਸ਼ਤੀਆਂ (ਮੋਟਰ ਬੋਟ) ਅਤੇ ਡਰੋਨ ਮੁਹੱਈਆ ਕਰਵਾਏ ਗਏ ਹਨ, ਜਿਸ ਨਾਲ ਨਸ਼ਾ ਤਸਕਰਾਂ ਉੱਪਰ ਬਾਜ਼ ਅੱਖ ਰੱਖੀ ਜਾਵੇਗੀ।

ਡਿਪਟੀ ਕਮਿਸ਼ਨਰ ਸ੍ਰੀ ਸਾਰੰਗਲ ਨੇ ਕਿਹਾ ਕਿ ਹਰਚੋਵਾਲ ਨੇੜੇ ਸਥਿਤ ਕੀੜੀ ਅਫਗਾਨਾ ਦੀ ਸ਼ਰਾਬ ਫ਼ੈਕਟਰੀ ਵਿਖੇ ਵੀ ਪੱਕੇ ਤੌਰ ਤੇ 2-2 ਫਲਾਇੰਗ ਸੂਕੈਡ ਟੀਮਾਂ 12-12 ਘੰਟੇ ਲਈ ਤੈਨਾਤ ਕਰ ਦਿੱਤੀਆਂ ਹਨ। ਇਹ ਟੀਮਾਂ ਫ਼ੈਕਟਰੀ ਵਿਚ ਸ਼ਰਾਬ ਦੇ ਡੇਲੀ ਉਤਪਾਦਨ ਅਤੇ ਵਿੱਕਰੀ ਦੀ ਰੋਜ਼ਾਨਾ ਨਿਗਰਾਨੀ ਕਰਨਗੀਆਂ ਅਤੇ ਇਸ ਦੀ ਡੇਲੀ ਰਿਪੋਰਟ ਜ਼ਿਲ੍ਹਾ ਚੋਣ ਦਫ਼ਤਰ ਗੁਰਦਾਸਪੁਰ ਨੂੰ ਭੇਜਣਗੀਆਂ।

ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਦੇ ਆਸ-ਪਾਸ ਕੋਈ ਵਿਅਕਤੀ ਨਸ਼ਿਆਂ ਦੀ ਵੰਡ ਕਰ ਰਿਹਾ ਹੈ ਤਾਂ ਉਸਦੀ ਸੂਚਨਾ ਚੋਣ ਕਮਿਸ਼ਨ ਦੇ ਹੈਲਪ ਲਾਈਨ ਨੰਬਰ 1950 ਜਾਂ ਜ਼ਿਲ੍ਹਾ ਪ੍ਰਸ਼ਾਸਨ ਦੇ ਕੰਟਰੋਲ ਰੂਮ ਦੇ ਨੰਬਰ 1800-180-1852 ਉੱਪਰ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਵੱਲੋਂ ਇਸ ਉੱਪਰ ਤੁਰੰਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਚੋਣ ਕਮਿਸ਼ਨ ਵੱਲੋਂ ਜਾਈ ਸੀ-ਵਿਜਲ ਐਪ ਉੱਪਰ ਵੀ ਨਸ਼ਿਆਂ ਦੀ ਵਰਤੋਂ ਜਾਂ ਚੋਣ ਜਾਬਤੇ ਦੀ ਉਲੰਘਣਾਂ ਨਾਲ ਸਬੰਧਤ ਸ਼ਿਕਾਇਤ ਕੀਤੀ ਜਾ ਸਕਦੀ ਹੈ।

ਮੀਟਿੰਗ ਦੌਰਾਨ ਜ਼ਿਲ੍ਹਾ ਚੋਣ ਅਧਿਕਾਰੀ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਸੰਵੇਦਨਸ਼ੀਲ ਪੋਲਿੰਗ ਸਟੇਸ਼ਨਾਂ ਉੱਪਰ ਵੀ ਸਮਾਂ ਰਹਿੰਦਿਆਂ ਸੁਰੱਖਿਆ ਦੇ ਇੰਤਜ਼ਾਮ ਕਰ ਲਏ ਜਾਣ ਤਾਂ ਜੋ ਚੋਣਾਂ ਦੌਰਾਨ ਕੋਈ ਵੀ ਅਣ-ਸੁਖਾਵੀਆਂ ਘਟਨਾ ਨਾ ਵਾਪਰੇ। ਉਨ੍ਹਾਂ ਕਿਹਾ ਕਿ ਮਾਣਯੋਗ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਸਮੁੱਚਾ ਚੋਣ ਅਮਲ ਅਮਨ-ਸ਼ਾਂਤੀ, ਸੁਰੱਖਿਆ ਅਤੇ ਆਜ਼ਾਦਾਨਾ ਮਾਹੌਲ ਵਿੱਚ ਕਰਵਾਉਣ ਲਈ ਵਚਨਬੱਧ ਹੈ।

ਇਸ ਮੌਕੇ ਐੱਸ.ਐੱਸ.ਪੀ. ਗੁਰਦਾਸਪੁਰ ਸ੍ਰੀ ਹਰੀਸ਼ ਦਾਯਮਾ, ਐੱਸ.ਐੱਸ.ਪੀ. ਬਟਾਲਾ ਮੈਡਮ ਅਸ਼ਵਨੀ ਗੋਟਿਆਲ, ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਸੁਭਾਸ਼ ਚੰਦਰ, ਜ਼ਿਲ੍ਹੇ ਦੇ ਸਮੂਹ ਏ.ਆਰ.ਓਜ ਅਤੇ ਸਿਵਲ ਤੇ ਪੁਲਿਸ ਵਿਭਾਗ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ। 

Written By
The Punjab Wire