ਗੁਰਦਾਸਪੁਰ

ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਬੈਂਕ ਪ੍ਰਬੰਧਕਾਂ ਨੂੰ ਚੋਣਾਂ ਦੌਰਾਨ ਕੈਸ਼ ਦੀ ਜਮਾਂ/ਨਿਕਾਸੀ ਅਤੇ ਆਵਾਜਾਈ ਉੱਤੇ ਨਜ਼ਰ ਰੱਖਣ ਦੀਆਂ ਹਦਾਇਤਾਂ

ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਬੈਂਕ ਪ੍ਰਬੰਧਕਾਂ ਨੂੰ ਚੋਣਾਂ ਦੌਰਾਨ ਕੈਸ਼ ਦੀ ਜਮਾਂ/ਨਿਕਾਸੀ ਅਤੇ ਆਵਾਜਾਈ ਉੱਤੇ ਨਜ਼ਰ ਰੱਖਣ ਦੀਆਂ ਹਦਾਇਤਾਂ
  • PublishedMarch 18, 2024

ਵੋਟਾਂ ਵਿੱਚ ਉਮੀਦਵਾਰਾਂ ਅਤੇ ਰਾਜਸੀ ਪਾਰਟੀਆਂ ਵੱਲੋਂ ਬੇ-ਅਥਾਹ ਗ਼ੈਰਕਾਨੂੰਨੀ ਖਰਚਾ ਰੋਕਣ ਵਿੱਚ ਬੈਂਕਾਂ ਬਹੁਤ ਵੱਡਾ ਯੋਗਦਾਨ ਪਾ ਸਕਦੀਆਂ – ਜ਼ਿਲ੍ਹਾ ਚੋਣ ਅਫ਼ਸਰ

ਗੁਰਦਾਸਪੁਰ, 18 ਮਾਰਚ 2024 (ਦੀ ਪੰਜਾਬ ਵਾਇਰ)। ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਨੇ ਬੈਂਕ ਪ੍ਰਬੰਧਕਾਂ ਨੂੰ ਲੋਕ ਸਭਾ ਚੋਣਾਂ-2024 ਮੱਦੇਨਜ਼ਰ ਦੌਰਾਨ ਚੁਸਤ-ਦਰੁਸਤ ਰਹਿਣ ਦੀ ਤਾਕੀਦ ਕਰਦਿਆਂ ਕਿਹਾ ਕਿ ਵੋਟਾਂ ਵਿੱਚ ਉਮੀਦਵਾਰਾਂ ਅਤੇ ਰਾਜਸੀ ਪਾਰਟੀਆਂ ਵੱਲੋਂ ਬੇ-ਅਥਾਹ ਗੈਰ ਕਾਨੂੰਨੀ ਖਰਚਾ ਰੋਕਣ ਵਿੱਚ ਬੈਂਕਾਂ ਬਹੁਤ ਵੱਡਾ ਯੋਗਦਾਨ ਪਾ ਸਕਦੀਆਂ ਹਨ। ਉਹ ਅੱਜ ਸਥਾਨਕ ਪੰਚਾਇਤ ਭਵਨ ਵਿਖੇ ਜ਼ਿਲ੍ਹਾ ਗੁਰਦਾਸਪੁਰ ਦੇ ਸਮੂਹ ਬੈਂਕ ਮੈਨੇਜਰਾਂ ਨਾਲ ਲੋਕ ਸਭਾ ਚੋਣਾਂ-2024 ਸਬੰਧੀ ਰੱਖੀ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ।

ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਸਮੂਹ ਬੈਂਕ ਆਪਣੀਆਂ ਬਰਾਂਚਾਂ ਨੂੰ ਪਾਬੰਦ ਕਰਨਗੇ ਕਿ ਉਹ ਉਮੀਦਵਾਰਾਂ ਦੇ ਚੋਣਾਂ ਸਬੰਧੀ ਬੈਂਕ ਖਾਤਿਆਂ ਨੂੰ ਖੋਲ੍ਹਣ ਦੀ ਲੋੜੀਂਦੀ ਸਹੂਲਤ ਪਹਿਲੇ ਦੇ ਆਧਾਰ ਉੱਪਰ ਮੁਹੱਈਆ ਕਰਾਉਣ ਦੇ ਪਾਬੰਦ ਰਹਿਣ। ਉਨ੍ਹਾਂ ਕਿਹਾ ਕਿ ਉਮੀਦਵਾਰਾਂ ਵੱਲੋਂ 10 ਹਜ਼ਾਰ ਰੁਪਏ ਤੋਂ ਵੱਧ ਦਾ ਕੋਈ ਵੀ ਖ਼ਰਚਾ ਚੈੱਕ, ਡਰਾਫ਼ਟ, ਆਰ.ਟੀ.ਜੀ.ਐੱਸ. ਰਾਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਚੋਣ ਪ੍ਰਕਿਰਿਆ ਦੌਰਾਨ ਕਿਸੇ ਰਾਜਨੀਤਿਕ ਪਾਰਟੀ ਜਾਂ ਉਨ੍ਹਾਂ ਦੇ ਰਿਸ਼ਤੇਦਾਰ ਜਾਂ ਸਪਾਊਸ ਦੇ ਖਾਤੇ ਵਿੱਚੋਂ ਇੱਕ ਲੱਖ ਰੁਪਏ ਤੋਂ ਵੱਧ ਦੀ ਜਮਾਂ ਰੁਪਏ ਜਾਂ ਨਿਕਾਸੀ ਜੋ ਕਿ ਅਸਾਧਾਰਨ ਜਾਂ ਸ਼ੱਕੀ ਲੱਗਦੀ ਹੋਵੇ, ਦੀ ਸੂਚਨਾ ਤੁਰੰਤ ਜ਼ਿਲ੍ਹਾ ਚੋਣ ਦਫ਼ਤਰ ਨੂੰ ਦਿੱਤੀ ਜਾਵੇ।

ਜ਼ਿਲ੍ਹਾ ਚੋਣ ਅਫ਼ਸਰ ਨੇ ਕਿਹਾ ਕਿ ਜੇਕਰ ਜੇਕਰ ਕਿਸੇ ਦੇ ਵੀ ਬੈਂਕ ਖਾਤੇ ਵਿੱਚੋਂ ਨਕਦ ਜਮ੍ਹਾ ਜਾਂ ਨਿਕਾਸੀ ਦੀ ਰਕਮ 10 ਲੱਖ ਰੁਪਏ ਤੋਂ ਉੱਪਰ ਹੈ ਤਾਂ ਇਸ ਦੀ ਸੂਚਨਾ ਵੀ ਜ਼ਿਲ੍ਹਾ ਚੋਣ ਦਫ਼ਤਰ ਨੂੰ ਭੇਜੀ ਜਾਵੇ ਤਾਂ ਜੋ ਇਹ ਸੂਚਨਾ ਆਮਦਨ ਕਰ ਵਿਭਾਗ ਦੇ ਨੋਡਲ ਅਫ਼ਸਰ ਨੂੰ ਇਨਕਮ ਟੈਕਸ ਲਾਅਜ਼ ਅਨੁਸਾਰ ਬਣਦੀ ਯੋਗ ਅਤੇ ਲੋੜੀਂਦੀ ਕਾਰਵਾਈ ਹਿਤ ਭੇਜੀ ਜਾ ਸਕੇ।

ਉਨ੍ਹਾਂ ਕਿਹਾ ਕਿ ਬੈਂਕ ਇਹ ਗੱਲ ਯਕੀਨੀ ਬਣਾਉਣਗੇ ਕਿ ਆਊਟਸੋਰਸਡ ਏਜੰਸੀਜ਼/ਕੰਪਨੀਜ਼ ਦੀਆਂ ਕੈਸ਼ ਵੈਨਜ਼ ਜੋ ਕਿ ਬੈਂਕਾਂ ਦਾ ਕੈਸ਼ ਲੈ ਕੇ ਚੱਲਦੀਆਂ ਹਨ, ਕਿਸੇ ਵੀ ਹਾਲਤ ਵਿੱਚ ਸਿਵਾਏ ਬੈਂਕਾਂ ਤੋਂ ਕਿਸੇ ਵੀ ਥਰਡ ਪਾਰਟੀ/ਏਜੰਸੀ ਜਾਂ ਵਿਅਕਤੀ ਦਾ ਕੈਸ਼ ਲੈ ਕੇ ਨਹੀਂ ਚੱਲਣਗੀਆਂ। ਇਸ ਸਬੰਧੀ ਆਊਟਸੋਰਸ ਏਜੰਸੀਜ਼/ਕੰਪਨੀਜ਼ ਬੈਂਕ ਵੱਲੋਂ ਜਾਰੀ ਈ.ਐਸ.ਐਮ.ਐਸ. ਤੇ ਕਿਊ ਆਰ. ਰਸੀਦ ਨਾਲ ਲੈ ਕੇ ਚੱਲਣਗੀਆਂ, ਜਿਸ ਵਿੱਚ ਬੈਂਕਾਂ ਵੱਲੋਂ ਜਾਰੀ ਨਕਦੀ/ਡਰਾਈਵਰ ਆਦਿ ਦਾ ਵੇਰਵਾ ਹੋਵੇਗਾ ਅਤੇ ਇਨ੍ਹਾਂ ਕੈਸ਼ ਵੈਨਜ਼ ਵੱਲੋਂ ਏ.ਟੀ.ਐਮ. ਵਿੱਚ ਪੈਸੇ ਭਰਨ ਲਈ ਜਾਂ ਬੈਂਕ ਦੀਆਂ ਹੋਰ ਦੂਸਰੀਆਂ ਬਰਾਂਚਾਂ ਵਿੱਚ ਪੈਸੇ ਦੇਣ ਲਈ ਜਾਂ ਦੂਸਰੇ ਬੈਂਕ ਵਿੱਚ ਜਾਂ ਕਰੰਸੀ ਕੈਸ਼ ਵਿੱਚ ਪੈਸੇ ਦੇਣ ਦਾ ਪੂਰਾ ਵੇਰਵਾ ਦਿੱਤਾ ਜਾਵੇਗਾ।

ਜ਼ਿਲ੍ਹਾ ਚੋਣ ਅਧਿਕਾਰੀ ਨੇ ਕਿਹਾ ਕਿ ਆਊਟਸੋਰਸਡ ਏਜੰਸੀਜ਼/ਕੰਪਨੀਜ਼ ਦੀਆਂ ਕੈਸ਼ ਵੈਨਜ਼ ਦੇ ਅਧਿਕਾਰੀਆਂ/ਕਰਮਚਾਰੀਆਂ ਨੂੰ ਉਨ੍ਹਾਂ ਦੀ ਸਬੰਧਿਤ ਏਜੰਸੀਜ਼ ਬਕਾਇਦਾ ਤੌਰ ਤੇ ਸ਼ਨਾਖ਼ਤੀ ਕਾਰਡ ਜਾਰੀ ਕੀਤੇ ਜਾਣਗੇ। ਜੇਕਰ ਚੋਣ ਕਮਿਸ਼ਨ ਵੱਲੋਂ ਨਿਯੁਕਤ ਕੋਈ ਵੀ ਅਧਿਕਾਰੀ ਜੇਕਰ ਕਿਸੇ ਆਊਟਸੋਰਸ ਏਜੰਸੀ/ਕੰਪਨੀ ਦੀ ਕੈਸ਼ ਵੈਨ ਨੂੰ ਇੰਸਪੈਕਸ਼ਨ ਦੌਰਾਨ ਰੋਕ ਲੈਂਦਾ ਹੈ ਤਾਂ ਸਹਿਯੋਗ ਕਰਨਾ ਜ਼ਰੂਰੀ ਹੋਵੇਗਾ। ਮੀਟਿੰਗ ਵਿੱਚ ਹਾਜ਼ਰ ਸਮੂਹ ਬੈਂਕ ਪ੍ਰਬੰਧਕਾਂ ਨੇ ਜ਼ਿਲ੍ਹਾ ਚੋਣ ਅਫ਼ਸਰ ਨੂੰ ਹਰ ਸਹਿਯੋਗ ਕਰਨ ਦਾ ਭਰੋਸਾ ਦਿੱਤਾ।

ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਸੁਭਾਸ਼ ਚੰਦਰ, ਐੱਸ.ਡੀ.ਐੱਮ. ਕਲਾਨੌਰ-ਕਮ-ਈ.ਆਰ.ਓ. ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਸ੍ਰੀਮਤੀ ਜਿਓਤਸਨਾ, ਤਹਿਸੀਲਦਾਰ ਚੋਣਾਂ ਸ. ਮਨਜਿੰਦਰ ਸਿੰਘ ਬਾਜਵਾ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

Written By
The Punjab Wire