ਗੁਰਦਾਸਪੁਰ, 16 ਮਾਰਚ 2024 (ਦੀ ਪੰਜਾਬ ਵਾਇਰ)। ਜਿਲ੍ਹਾ ਮੈਜਿਸਟ੍ਰੇਟ ਗੁਰਦਾਸਪੁਰ ਵੱਲੋਂ ਲੋਕਸਭਾ ਚੋਣਾ ਨੂੰ ਮੁੱਖ ਰੱਖਦੇ ਹੋਏ ਆਦੇਸ਼ ਜਾਰੀ ਕੀਤੇ ਗਏ ਹਨ ਕਿ ਜਿਲ੍ਹਾ ਗੁਰਦਾਸਪੁਰ ਅਧੀਨ ਪੈਂਦੇ ਸਮੂਹ ਅਸਲਾ ਲਾਇਸੈਂਸ ਧਾਰਕ ਆਪਣਾ ਲਾਇਸੈਂਸੀ ਹਥਿਆਰ 5 ਅਪ੍ਰੈਲ 2024 ਤੱਕ ਨੇੜਲੇ ਪੁਲਿਸ ਸਟੇਸ਼ਨ ਜਾਂ ਮੰਨਜੂਰਸ਼ੂਦਾ ਅਸਲਾ ਡੀਲਰ ਪਾਸ ਜਮ੍ਹਾਂ ਕਰਵਾਉਣਾ ਯਕੀਨੀ ਬਣਾਉਣ।
ਆਦੇਸ਼ ਵਿੱਚ ਦੱਸਿਆ ਗਿਆ ਕਿ ਪੂਰੇ ਦੇਸ਼ ਵਿੱਚ 16 ਮਾਰਚ 2024 ਤੋਂ ਲੋਕ ਸਭਾ ਚੌਣਾਂ 2024 ਦੀ ਪ੍ਰੀਕ੍ਰਿਆ ਸ਼ੁਰੂ ਹੋ ਚੁੱਕੀ ਹੈ ਅਤੇ ਇਹ ਚੌਣਾਂ ਨੇੜਲੇ ਭਵਿੱਖ ਵਿੱਚ ਹੋਣ ਜਾ ਰਹੀਆਂ ਹਨ। ਆਮ ਵੇਖਣ ਵਿੱਚ ਆਇਆ ਹੈ ਕਿ ਚੋਣਾਂ ਦੌਰਾਨ ਅਕਸਰ ਲੜਾਈ ਝਗੜੇ ਹੋਣ ਦਾ ਅੰਦੇਸਾਂ ਬਣਿਆ ਰਹਿੰਦਾ ਹੈ। ਇਸ ਲਈ ਭਾਰਤੀ ਚੌਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਚੌਣਾ ਦੌਰਾਨ ਕਿਸੇ ਵੀ ਅਣ-ਸੁਖਾਵੀਂ ਘਟਨਾ ਨੂੰ ਵਾਪਰਨ ਤੋਂ ਰੋਕਣ ਲਈ ਅਤੇ ਜ਼ਿਲੇ ਅੰਦਰ ਅਮਨ ਅਤੇ ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਣ ਲਈ ਲਾਇਸੈਂਸੀ ਹਥਿਆਰ ਨੇੜਲੇ ਪੁਲਿਸ ਸਟੇਸ਼ਨ ਜਾਂ ਮੰਨਜੂਰਸ਼ੁਦਾ ਅਸਲਾ ਡੀਲਰਾਂ ਪਾਸ ਜਮ੍ਹਾਂ ਕਰਵਾਉਣੇ ਅਤਿ ਜ਼ਰੂਰੀ ਹਨ।
ਇਸ ਲਈ ਮੈਂ, ਡਾ: ਹਿਮਾਂਸੂ ਅਗਰਵਾਲ, ਆਈ. ਏ. ਐਸ., ਜ਼ਿਲਾ ਮੈਜਿਸਟਰੇਟ, ਗੁਰਦਾਸਪੁਰ ਜਾਬਤਾ ਫੌਜਦਾਰੀ 1973 ਦੀ ਧਾਰਾ 144 ਅਧੀਨ ਇਹ ਹੁਕਮ ਪਾਸ ਕਰਦਾ ਹਾਂ ਕਿ ਸਮੂਹ ਅਸਲਾ ਲਾਇਸੈਂਸ ਧਾਰਕ ਆਪਣਾ-ਆਪਣਾ ਲਇਸੈਂਸੀ ਹਥਿਆਰ ਮਿਤੀ 05.04.2024 ਤੱਕ ਨੇੜਲੇ ਪੁਲਿਸ ਸਟੇਸ਼ਨ ਜਾਂ ਮੰਨਜੂਰਸ਼ੁਦਾ ਅਸਲਾ ਡੀਲਰ ਪਾਸ ਜਮ੍ਹਾਂ ਕਰਵਾਇਆ ਜਾਣਾ
ਯਕੀਨੀ ਬਣਾਉਣਗੇ
ਮਾਮਲੇ ਦੀ ਗੰਭੀਰਤਾ ਨੂੰ ਮੁੱਖ ਰੱਖਦਿਆਂ ਇਹ ਹੁਕਮ ਇਕ ਤਰਫਾ ਪਾਸ ਕੀਤਾ ਜਾਂਦਾ ਹੈ ਅਤੇ ਸਮੂਹ ਜਿਲਾ ਵਾਸੀਆਂ ਨੂੰ ਸੰਬੋਧਿਤ ਕੀਤਾ ਜਾਂਦਾ ਹੈ ਕਿ ਇਹ ਹੁਕਮ ਚੌਣਾਂ ਦੀ ਪ੍ਰੀਕ੍ਰਿਆ ਖਤਮ ਹੋਣ ਤੱਕ ਲਾਗੂ ਰਹਿਣਗੇ।