ਚੇਅਰਮੈਨ ਰਮਨ ਬਹਿਲ ਨੇ ਵੱਖ-ਵੱਖ ਖੇਡ ਕਲੱਬਾਂ ਤੇ ਸਮਾਜ ਸੇਵੀ ਸੰਸਥਾਵਾਂ ਨੂੰ ਚੈੱਕ ਤਕਸੀਮ ਕੀਤੇ
ਸਮਾਜ ਸੇਵੀ ਸੰਸਥਾਵਾਂ ਵੱਲੋਂ ਪੰਜਾਬ ਸਰਕਾਰ ਤੇ ਚੇਅਰਮੈਨ ਰਮਨ ਬਹਿਲ ਦਾ ਧੰਨਵਾਦ
ਗੁਰਦਾਸਪੁਰ, 16 ਮਾਰਚ 2024 (ਦੀ ਪੰਜਾਬ ਵਾਇਰ )। ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਵੱਲੋਂ ਅੱਜ ਸਵੇਰੇ ਵਿਧਾਨ ਸਭਾ ਹਲਕਾ ਗੁਰਦਾਸਪੁਰ ਦੀਆਂ ਵੱਖ-ਵੱਖ ਖੇਡ ਕਲੱਬਾਂ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਵਿਸ਼ੇਸ਼ ਗਰਾਂਟ ਦੇ ਚੈੱਕ ਤਕਸੀਮ ਕੀਤੇ ਹਨ। ਸ੍ਰੀ ਬਹਿਲ ਵੱਲੋਂ ਬਲੱਡ ਡੋਨਰ ਸੋਸਾਇਟੀ ਗੁਰਦਾਸਪੁਰ ਨੂੰ 1.25 ਲੱਖ ਰੁਪਏ, ਬਾਬਾ ਮਿਡ ਸ਼ਾਹ ਵੈੱਲਫੇਅਰ ਕਲੱਬ, ਪਿੰਡ ਗੁਣੀਆਂ ਨੂੰ 1 ਲੱਖ ਰੁਪਏ, ਸਤਨਾਮ ਸਿੰਘ ਕਲੱਬ, ਪਿੰਡ ਬਾਜੇਚੱਕ ਨੂੰ 1 ਲੱਖ ਰੁਪਏ ਅਤੇ ਨਿਊ ਗੁਰਦਾਸਪੁਰ ਹਾਕੀ ਕਲੱਬ, ਗੁਰਦਾਸਪੁਰ ਨੂੰ 75 ਹਜ਼ਾਰ ਰੁਪਏ ਦੇ ਚੈੱਕ ਵੰਡੇ ਗਏ।
ਸਮਾਜ ਸੇਵੀ ਸੰਸਥਾਵਾਂ ਅਤੇ ਖੇਡ ਕਲੱਬਾਂ ਨੂੰ ਮਾਲੀ ਇਮਦਾਦ ਦੇ ਇਹ ਚੈੱਕ ਭੇਟ ਕਰਦਿਆਂ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਮਾਜ ਵਿੱਚ ਚੰਗਾ ਕੰਮ ਕਰ ਰਹੀਆਂ ਸੰਸਥਾਵਾਂ ਦੀ ਹੌਸਲਾ ਅਫ਼ਜਾਈ ਕੀਤੀ ਜਾ ਰਹੀ ਹੈ ਤਾਂ ਜੋ ਇਹ ਸੰਸਥਾਵਾਂ ਹੋਰ ਵੀ ਉਤਸ਼ਾਹ ਨਾਲ ਆਪਣੇ ਸਮਾਜ ਸੇਵੀ ਕੰਮਾਂ ਨੂੰ ਜਾਰੀ ਰੱਖਣ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਹਲਕਾ ਗੁਰਦਾਸਪੁਰ ਵਿੱਚ ਇਹ ਸਾਰੀਆਂ ਸੰਸਥਾਵਾਂ ਆਪਣੇ-ਆਪਣੇ ਖੇਤਰ ਵਿੱਚ ਮਿਸਾਲੀ ਕੰਮ ਕਰ ਰਹੀਆਂ ਹਨ ਅਤੇ ਉਨ੍ਹਾਂ ਨੇ ਇਨ੍ਹਾਂ ਸੰਸਥਾਵਾਂ ਨੂੰ ਪੰਜਾਬ ਸਰਕਾਰ ਦੀ ਤਰਫ਼ੋਂ ਗਰਾਂਟ ਦਿਵਾਉਣ ਦਾ ਵਾਅਦਾ ਕੀਤਾ ਸੀ। ਸ੍ਰੀ ਰਮਨ ਬਹਿਲ ਨੇ ਕਿਹਾ ਕਿ ਅੱਜ ਉਨ੍ਹਾਂ ਨੂੰ ਇਸ ਗੱਲ ਦੀ ਖ਼ੁਸ਼ੀ ਅਤੇ ਤਸੱਲੀ ਹੈ ਕਿ ਮਾਨ ਸਰਕਾਰ ਵੱਲੋਂ ਇਨ੍ਹਾਂ ਸੰਸਥਾਵਾਂ ਦੀ ਹੌਂਸਲਾ ਅਫ਼ਜਾਈ ਕੀਤੀ ਗਈ ਹੈ।
ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਹੀ ਸਮਾਜ ਵਿੱਚ ਚੰਗਾ ਕੰਮ ਕਰਨ ਵਾਲੇ ਵਿਅਕਤੀਆਂ ਅਤੇ ਸੰਸਥਾਵਾਂ ਦੀ ਸ਼ਲਾਘਾ ਤੇ ਸਪੋਰਟ ਕੀਤੀ ਹੈ। ਉਨ੍ਹਾਂ ਕਿਹਾ ਕਿ ਸਮਾਜ ਸੇਵੀ ਇਨ੍ਹਾਂ ਸੰਸਥਾਵਾਂ ਦੇ ਸਹਿਯੋਗ ਨਾਲ ਅਸੀਂ ਬਿਹਤਰ ਸਮਾਜ ਤੇ ਰੰਗਲਾ ਪੰਜਾਬ ਸਿਰਜਣ ਵਿੱਚ ਸਹਾਈ ਹੋਵਾਂਗੇ।
ਇਸ ਮੌਕੇ ਪੰਜਾਬ ਸਰਕਾਰ ਕੋਲੋਂ ਗਰਾਂਟ ਦੇ ਚੈੱਕ ਪ੍ਰਾਪਤ ਕਰਨ ਵਾਲੇ ਸਮਾਜ ਸੇਵੀ ਸੰਸਥਾਵਾਂ ਅਤੇ ਖੇਡ ਕਲੱਬਾਂ ਦੇ ਨੁਮਾਇੰਦਿਆਂ ਨੇ ਪੰਜਾਬ ਸਰਕਾਰ ਅਤੇ ਚੇਅਰਮੈਨ ਸ੍ਰੀ ਰਮਨ ਬਹਿਲ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ।