ਟੈਂਡਰ ਪ੍ਰੀਕ੍ਰਿਆ ਅਤੇ ਚੋਣ ਜ਼ਾਬਤੇ ਤੋਂ ਬਾਅਦ ਜੂਨ ਮਹੀਨੇ ਵਿੱਚ ਨਵੀਂ ਸੜਕ ਬਣਨ ਦੀ ਸੰਭਾਵਨਾ
ਰਾਹਗੀਰਾਂ ਨੂੰ ਫ਼ੌਰੀ ਰਾਹਤ ਦੇਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਗੁਰਦਾਸਪੁਰ-ਮੁਕੇਰੀਆਂ ਸੜਕ ਦੀ ਮੁਰੰਮਤ ਜਾਰੀ
ਗੁਰਦਾਸਪੁਰ, 15 ਮਾਰਚ 2024 ( ਦੀ ਪੰਜਾਬ ਵਾਇਰ)। ਗੁਰਦਾਸਪੁਰ-ਮੁਕੇਰੀਆਂ ਸੜਕ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ ਬੀਤੇ ਕੱਲ੍ਹ੍ਹ 18 ਕਰੋੜ ਰੁਪਏ ਦਾ ਪ੍ਰੋਜੈਕਟ ਪਾਸ ਕਰ ਦਿੱਤਾ ਗਿਆ ਹੈ। ਪ੍ਰੋਜੈਕਟ ਪਾਸ ਹੋਣ ਤੋਂ ਬਾਅਦ ਇਸ ਸੜਕ ਦੇ ਨਿਰਮਾਣ ਲਈ ਲੋਕ ਨਿਰਮਾਣ ਵਿਭਾਗ ਵੱਲੋਂ ਟੈਂਡਰ ਲਗਾਇਆ ਜਾਵੇਗਾ ਅਤੇ ਟੈਂਡਰ ਦੀ ਸਾਰੀ ਪ੍ਰੀਕ੍ਰਿਆ ਮੁਕੰਮਲ ਹੋਣ ਤੋਂ ਬਾਅਦ ਸੜਕ ਬਣਨੀ ਸ਼ੁਰੂ ਹੋ ਜਾਵੇਗੀ।
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੇ ਸਾਲ ਆਏ ਹੜ੍ਹਾਂ ਕਾਰਨ ਗੁਰਦਾਸਪੁਰ-ਮੁਕੇਰੀਆਂ ਸੜਕ ਨੂੰ ਨੁਕਸਾਨ ਪਹੁੰਚਿਆ ਸੀ ਅਤੇ ਸੜਕ ਵਿੱਚ ਥਾਂ-ਥਾਂ ਟੋਏ ਪੈਣ ਕਾਰਨ ਰਾਹਗੀਰਾਂ ਨੂੰ ਮੁਸ਼ਕਲ ਆ ਰਹੀ ਸੀ। ਜ਼ਿਲ੍ਹਾ ਵਾਸੀ ਅਤੇ ਲੋਕ ਇਸ ਸੜਕ ਨੂੰ ਬਣਾਉਣ ਦੀ ਮੰਗ ਕਰ ਰਹੇ ਸਨ ਜਿਸ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 16.60 ਕਿੱਲੋਮੀਟਰ ਲੰਬੀ ਇਸ ਸੜਕ ਦਾ ਪ੍ਰੋਜੈਕਟ ਪੰਜਾਬ ਸਰਕਾਰ ਕੋਲ ਭੇਜਿਆ ਗਿਆ ਸੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਪ੍ਰੋਜੈਕਟ ਨੂੰ ਜਲਦ ਪਾਸ ਕਰਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਗਾਤਾਰ ਯਤਨ ਕੀਤੇ ਗਏ ਅਤੇ ਬੀਤੇ ਕੱਲ੍ਹ ਪੰਜਾਬ ਸਰਕਾਰ ਵੱਲੋਂ 18 ਕਰੋੜ ਰੁਪਏ ਦਾ ਇਹ ਪ੍ਰੋਜੈਕਟ ਪਾਸ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਟੈਂਡਰ ਪ੍ਰੀਕ੍ਰਿਆ ਅਤੇ ਚੋਣ ਜ਼ਾਬਤੇ ਕਾਰਨ ਜੂਨ ਮਹੀਨੇ ਤੋਂ ਇਸ ਸੜਕ ਦਾ ਨਿਰਮਾਣ ਸ਼ੁਰੂ ਹੋ ਜਾਵੇਗਾ।
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਜ਼ਿਲ੍ਹਾ ਵਾਸੀਆਂ ਦੀ ਮੰਗ ਅਤੇ ਰਾਹਗੀਰਾਂ ਨੂੰ ਸਮੱਸਿਆ ਨੂੰ ਫ਼ੌਰੀ ਤੌਰ ‘ਤੇ ਹੱਲ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੁਝ ਦਿਨ ਪਹਿਲਾਂ ਹੀ ਗੁਰਦਾਸਪੁਰ-ਮੁਕੇਰੀਆਂ ਸੜਕ ਦੀ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਸੀ ਜੋ ਇੱਕ ਦੋ ਦਿਨ ਵਿੱਚ ਮੁਕੰਮਲ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਪੈਚ ਵਰਕ ਹੋਣ ਨਾਲ ਹੁਣ ਰਾਹਗੀਰਾਂ ਨੂੰ ਪਰੇਸ਼ਾਨੀ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਜਦੋਂ ਹੀ ਚੋਣ ਜ਼ਾਬਤਾ ਖ਼ਤਮ ਹੋਵੇਗਾ ਲੋਕ ਨਿਰਮਾਣ ਵਿਭਾਗ ਵੱਲੋਂ ਟੈਂਡਰ ਲਗਾ ਕੇ ਇਸ ਸੜਕ ਨੂੰ ਨਵਾਂ ਬਣਾ ਦਿੱਤਾ ਜਾਵੇਗਾ।