Close

Recent Posts

ਗੁਰਦਾਸਪੁਰ ਪੰਜਾਬ ਮੁੱਖ ਖ਼ਬਰ

ਰਮਨ ਬਹਿਲ ਨੇ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਲੋਕਾਂ ਨੂੰ ਕੀਤੀ ਅਪੀਲ :- 2022 ਵਾਲੀ ਗਲਤੀ 2024 ਵਿੱਚ ਨਾ ਦੋਹਰਾਈ ਜਾਵੇ

ਰਮਨ ਬਹਿਲ ਨੇ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਲੋਕਾਂ ਨੂੰ ਕੀਤੀ ਅਪੀਲ :- 2022 ਵਾਲੀ ਗਲਤੀ 2024 ਵਿੱਚ ਨਾ ਦੋਹਰਾਈ ਜਾਵੇ
  • PublishedMarch 11, 2024

ਕਿਹਾ ਮਾਨ ਸਰਕਾਰ ਦੇ ਦੋ ਸਾਲਾਂ ਦੇ ਕਾਰਜਕਾਲ ਵਿੱਚ ਗੁਰਦਾਸਪੁਰ ਵਿੱਚ ਵਿਕਾਸ ਕ੍ਰਾਂਤੀ ਸ਼ੁਰੂ ਹੋਈ

ਗੁਰਦਾਸਪੁਰ ਹਲਕੇ ‘ਚ ਪਿਛਲੇ ਦੋ ਸਾਲਾਂ ਵਿੱਚ 100 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਵਿਕਾਸ ਕਾਰਜਾਂ ਉੱਪਰ ਖ਼ਰਚ ਹੋਈ – ਰਮਨ ਬਹਿਲ

ਅਗਾਮੀ ਸਮੇਂ ਵਿੱਚ ਕਿਰਨ ਨਾਲੇ ਦੀ ਦੁਬਾਰਾ ਲਾਈਨਿੰਗ ਅਤੇ ਸੈਨਿਕ ਸਕੂਲ ਦਾ ਕਰਵਾਇਆ ਜਾਵੇਗਾ ਨਿਰਮਾਨ, ਮੈਡੀਕਲ ਕਾਲੇਜ ਲਿਆਉਣ ਲਈ ਕੀਤੇ ਜਾਣਗੇ ਯਤਨ

ਗੁਰਦਾਸਪੁਰ, 11 ਮਾਰਚ 2024 (ਦੀ ਪੰਜਾਬ ਵਾਇਰ )। ਲੋਕ ਸਭਾ ਹਲਕਾ ਗੁਰਦਾਸਪੁਰ ਦੇ ਲੋਕ 2022 ਵਾਲੀ ਗਲਤੀ 2024 ਵਿੱਚ ਨਾ ਦੋਹਰਾਉਣ ਅਤੇ ਹੋਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਵੋਟ ਪਾਈ ਜਾਵੇ। ਉਕਤ ਅਪੀਲ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਨੇ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਦੋ ਸਾਲ ਪੂਰੇ ਹੋਣ ‘ਤੇ ਸੂਬਾ ਵਾਸੀਆਂ ਨੂੰ ਵਧਾਈ ਦਿੰਦੇ ਹੋਏ ਕੀਤੀ।

ਅੱਜ ਆਪਣੇ ਗ੍ਰਹਿ ਵਿਖੇ ਇੱਕ ਪ੍ਰੈੱਸ ਕਾਨਫ਼ਰੰਸ ਦੌਰਾਨ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਜਿੱਥੇ ਸੂਬੇ ਭਰ ਵਿੱਚ ਹਰ ਖੇਤਰ ਦਾ ਮਿਸਾਲੀ ਵਿਕਾਸ ਕੀਤਾ ਗਿਆ ਹੈ ਓਥੇ ਇਹ ਦੋ ਸਾਲ ਵਿਧਾਨ ਸਭਾ ਹਲਕਾ ਗੁਰਦਾਸਪੁਰ ਦੀ ਤਰੱਕੀ ਤੇ ਖ਼ੁਸ਼ਹਾਲੀ ਲਈ ਵੀ ਅਹਿਮ ਸਾਬਤ ਹੋਏ ਹਨ। ਉਨ੍ਹਾਂ ਕਿਹਾ ਕਿ ਬੀਤੇ ਦੋ ਸਾਲਾਂ ਵਿੱਚ ਮਾਨ ਸਰਕਾਰ ਵੱਲੋਂ ਵਿਧਾਨ ਸਭਾ ਗੁਰਦਾਸਪੁਰ ਵਿੱਚ ਵੱਖ-ਵੱਖ ਵਿਕਾਸ ਕਾਰਜਾਂ ਉੱਪਰ 100 ਕਰੋੜ ਰੁਪਏ ਤੋਂ ਵੱਧ ਰਾਸ਼ੀ ਖ਼ਰਚ ਕਰਕੇ ਵਿਕਾਸ ਕ੍ਰਾਂਤੀ ਦੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ਦੀ ਅਜੇ ਤਾਂ ਸ਼ੁਰੂਆਤ ਹੋਈ ਹੈ ਅਗਲੇ ਤਿੰਨ ਸਾਲਾਂ ਵਿੱਚ ਮਾਨ ਸਰਕਾਰ ਵੱਲੋਂ ਰਿਕਾਰਡ ਵਿਕਾਸ ਕੀਤਾ ਜਾਵੇਗਾ।

ਬੀਤੇ ਦੋ ਸਾਲਾਂ ਦੌਰਾਨ ਵਿਧਾਨ ਸਭਾ ਹਲਕਾ ਗੁਰਦਾਸਪੁਰ ਵਿੱਚ ਹੋਏ ਵਿਕਾਸ ਕਾਰਜਾਂ ਦਾ ਬਿਉਰਾ ਦਿੰਦਿਆਂ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਦੱਸਿਆ ਕਿ ਉਨ੍ਹਾਂ ਨੇ ਜਦੋਂ ਮਾਨ ਸਰਕਾਰ ਵਿੱਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਸੇਵਾ ਸੰਭਾਲੀ ਸੀ ਤਾਂ ਉਨ੍ਹਾਂ ਨੇ ਤਰਜੀਹੀ ਤੌਰ ‘ਤੇ ਗੁਰਦਾਸਪੁਰ ਵਿਖੇ ਸਿਹਤ ਸੇਵਾਵਾਂ ਦੇ ਸੁਧਾਰ ਲਈ ਵਿਸ਼ੇਸ਼ ਯਤਨ ਕੀਤੇ ਸਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਸਿਹਤ ਮੰਤਰੀ ਵੱਲੋਂ ਵੀ ਉਨ੍ਹਾਂ ਨੂੰ ਇਸ ਵਿੱਚ ਪੂਰਾ ਸਹਿਯੋਗ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਗੁਰਦਾਸਪੁਰ ਦੇ ਬੰਦ ਪਏ ਪੁਰਾਣੇ ਸਿਵਲ ਹਸਪਤਾਲ ਨੂੰ ਮੁੜ ਚਾਲੂ ਕਰਵਾ ਕੇ ਇਸ ਨੂੰ ਅਰਬਨ ਕਮਿਊਨਿਟੀ ਸੈਂਟਰ ਦਾ ਦਰਜਾ ਦਿਵਾਇਆ ਗਿਆ ਹੈ ਅਤੇ ਪੰਜਾਬ ਸਰਕਾਰ ਵੱਲੋਂ ਇਸ ਹਸਪਤਾਲ ਵਿੱਚ ਬੁਨਿਆਦੀ ਢਾਂਚਾ ਮੁਹੱਈਆ ਕਰਵਾਉਣ ਦੇ ਨਾਲ ਡਾਕਟਰਾਂ ਅਤੇ ਹੋਰ ਸਟਾਫ਼ ਦੀਆਂ 20 ਅਸਾਮੀਆਂ ਵੀ ਮਨਜ਼ੂਰ ਕੀਤੀਆਂ ਗਈਆਂ ਹਨ।

ਉਨ੍ਹਾਂ ਕਿਹਾ ਕਿ ਜ਼ਿਲ੍ਹਾ ਹਸਪਤਾਲ ਬੱਬਰੀ ਗੁਰਦਾਸਪੁਰ ਦੀ ਇਮਾਰਤ ਉੱਪਰ 2.32 ਕਰੋੜ ਰੁਪਏ ਖ਼ਰਚ ਕੀਤੇ ਜਾ ਰਹੇ ਹਨ ਅਤੇ ਇਸ ਹਸਪਤਾਲ 1.15 ਕਰੋੜ ਰੁਪਏ ਦਾ ਸਮਾਨ, ਮਦਰ ਕੇਅਰ ਯੂਨਿਟ ਉੱਪਰ 10 ਕਰੋੜ ਰੁਪਏ, ਕ੍ਰਿਟੀਕਲ ਕੇਅਰ ਯੂਨਿਟ ਉੱਪਰ 13.15 ਕਰੋੜ ਰੁਪਏ ਖ਼ਰਚ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਹਸਪਤਾਲ ਵਿੱਚ 5 ਕਰੋੜ ਰੁਪਏ ਦੀ ਲਾਗਤ ਨਾਲ ਸਕੈਨਿੰਗ ਮਸ਼ੀਨ ਅਤੇ 24 ਲੱਖ ਰੁਪਏ ਦੀ ਲਾਗਤ ਨਾਲ ਅਲਟਰਾਸਾਊਂਡ ਮੁਹੱਈਆ ਕਰਵਾਈ ਗਈ ਹੈ। ਉਨ੍ਹਾਂ ਦੱਸਿਆ ਕਿ 5 ਲੱਖ ਰੁਪਏ ਦੀ ਲਾਗਤ ਨਾਲ ਓ.ਟੀ. ਵਿੱਚ ਲਾਈਟਸ ਲਗਾਈਆਂ ਗਈਆਂ ਹਨ। ਚੇਅਰਮੈਨ ਸ੍ਰੀ ਰਮਨ ਬਹਿਲ ਨੇ ਅੱਗੇ ਦੱਸਿਆ ਕਿ ਵਿਧਾਨ ਸਭਾ ਹਲਕਾ ਗੁਰਦਾਸਪੁਰ ਵਿੱਚ 2.15 ਕਰੋੜ ਰੁਪਏ ਖ਼ਰਚ ਕਰਕੇ 8 ਆਮ ਆਦਮੀ ਕਲੀਨਿਕ ਬਣਾਏ ਗਏ ਹਨ। ਉਨ੍ਹਾਂ ਦੱਸਿਆ ਕਿ ਹਸਪਤਾਲ ਨੂੰ 20 ਲੱਖ ਰੁਪਏ ਦੀ ਵੈਨ ਮੁਹੱਈਆ ਕਰਵਾਈ ਗਈ ਹੈ।

ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਸਿਹਤ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਸਿੱਖਿਆ ਅਤੇ ਹੋਰ ਖੇਤਰਾਂ ਵਿੱਚ ਵਿਧਾਨ ਸਭਾ ਹਲਕਾ ਵਿੱਚ ਵੱਖ-ਵੱਖ ਵਿਕਾਸ ਕਾਰਜ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ 2.50 ਕਰੋੜ ਰੁਪਏ ਗੁਰਦਾਸਪੁਰ ਦੇ ਸਕੂਲ ਆਫ਼ ਐਂਮੀਨੈਂਸ ਉੱਪਰ ਖ਼ਰਚ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ 36 ਲੱਖ ਰੁਪਏ ਜ਼ਿਲ੍ਹਾ ਲਾਇਬ੍ਰੇਰੀ ਦੀ ਮੁਰੰਮਤ ਉੱਪਰ ਖ਼ਰਚ ਕੀਤੇ ਗਏ ਹਨ। ਇਸ ਤੋਂ ਇਲਾਵਾ ਦਹਾਕਿਆਂ ਤੋਂ ਬੰਦ ਪਏ ਕਲਾ ਕੇਂਦਰ ਨੂੰ ਮੁੜ ਸੁਰਜੀਤ ਕਰਨ ਲਈ 15 ਲੱਖ ਰੁਪਏ ਖ਼ਰਚ ਕੀਤੇ ਗਏ ਹਨ।

ਚੇਅਰਮੈਨ ਸ੍ਰੀ ਰਮਨ ਬਹਿਲ ਨੇ ਦੱਸਿਆ ਕਿ ਮਾਨ ਸਰਕਾਰ ਇੰਡਸਟਰੀਅਲ ਏਰੀਆ ਗੁਰਦਾਸਪੁਰ ਦੇ ਸਨਅਤਕਾਰਾਂ ਲਈ ਵੀ ਵਰਦਾਨ ਸਾਬਤ ਹੋਈ ਹੈ। ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਸਨਅਤਕਾਰਾਂ ਦੀਆਂ ਦਹਾਕਿਆਂ ਪੁਰਾਣੀਆਂ ਮੁਸ਼ਕਲਾਂ ਨੂੰ ਹੱਲ ਕਰਦਿਆਂ 2.82 ਕਰੋੜ ਰੁਪਏ ਦੀ ਲਾਗਤ ਨਾਲ ਇੰਡਸਟਰੀਅਲ ਏਰੀਆ ਗੁਰਦਾਸਪੁਰ ਦੇ ਵੱਖ-ਵੱਖ ਵਿਕਾਸ ਕਾਰਜਾਂ ਦੀ ਅਰੰਭਤਾ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ 5 ਕਰੋੜ ਰੁਪਏ ਦੀ ਲਾਗਤ ਨਾਲ ਹਲਕੇ ਦੇ ਪਿੰਡ ਚੱਕ ਅਰਾਈਆਂ ਵਿਖੇ ਨਵਾਂ 66 ਕੇ.ਵੀ. ਸਬ ਸਟੇਸ਼ਨ ਬਣਾਇਆ ਜਾ ਰਿਹਾ ਹੈ। ਗੁਰਦਾਸਪੁਰ ਹਲਕੇ ਵਿੱਚ 30 ਬਿਜਲੀ ਟਰਾਂਸਫਾਰਮ ਉੱਪਰ 1 ਕਰੋੜ ਰੁਪਏ ਖ਼ਰਚ ਕੀਤੇ ਜਾ ਰਹੇ ਹਨ। ਗੁਰਦਾਸਪੁਰ ਸ਼ਹਿਰ ਵਿੱਚ 132 ਕੇ.ਵੀ. ਬਿਜਲੀ ਘਰ ਮਨਜ਼ੂਰ ਕਰਵਾਇਆ ਗਿਆ ਹੈ ਜਿਸ ਉੱਪਰ 5 ਕਰੋੜ ਰੁਪਏ ਖ਼ਰਚ ਆਉਣਗੇ।

ਚੇਅਰਮੈਨ ਸ੍ਰੀ ਰਮਨ ਬਹਿਲ ਨੇ ਅੱਗੇ ਦੱਸਿਆ ਕਿ ਗੁਰਦਾਸਪੁਰ ਵਿਖੇ ਸੂਬੇ ਦੀ ਪਹਿਲੀ ਬਾਇਓ ਫਰਟੀਲਾਈਜ਼ਰ ਟੈਸਟਿੰਗ ਲੈਬਾਰਟਰੀ ਦਾ ਉਦਘਾਟਨ ਕੀਤਾ ਗਿਆ ਹੈ ਜਿਸ ਉੱਪਰ 2.50 ਕਰੋੜ ਰੁਪਏ ਖ਼ਰਚੇ ਜਾਣਗੇ। ਉਨ੍ਹਾਂ ਦੱਸਿਆ ਕਿ ਲੰਮੇ ਸਮੇਂ ਤੋਂ ਬੰਦ ਪਏ ਬੱਬੇਹਾਲੀ ਦੇ ਪੁਲ ਦਾ ਕੰਮ ਸ਼ੁਰੂ ਕਰਵਾਇਆ ਗਿਆ ਹੈ ਅਤੇ ਇਸ ਉੱਪਰ 1 ਕਰੋੜ ਰੁਪਏ ਖ਼ਰਚ ਕੀਤੇ ਜਾ ਰਹੇ ਹਨ। ਗੁਰਦਾਸਪੁਰ ਦੇ ਬਾਈਪਾਸ ਉੱਪਰ 9.50 ਕਰੋੜ ਰੁਪਏ ਦੀ ਲਾਗਤ ਨਾਲ ਸੜਕ ਬਣਾਈ ਗਈ ਹੈ। ਇਸ ਤੋਂ ਇਲਾਵਾ ਗੁਰਦਾਸਪੁਰ ਦੇ ਪਰਸੂਰਾਮ ਚੌਂਕ ਤੋਂ ਸ੍ਰੀ ਹਰਗੋਬਿੰਦਪੁਰ ਸਾਹਿਬ ਤੱਕ ਸੜਕ ਦਾ ਕੰਮ ਵੀ ਸ਼ੁਰੂ ਕਰਵਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ 33 ਲੱਖ ਰੁਪਏ ਦੀ ਲਾਗਤ ਨਾਲ ਹਰਦੋਛੰਨੀ ਵਿਖੇ ਸਟੇਡੀਅਮ ਬਣਾਇਆ ਗਿਆ ਹੈ। ਗੁਰਦਾਸਪੁਰ ਵਿਖੇ ਨਵੇਂ ਬੱਸ ਸਟੈਂਡ ਕੋਲ ਨਗਰ ਸੁਧਾਰ ਟਰੱਸਟ ਦੀ ਸਕੀਮ ਨੰਬਰ 7 ਵਿਖੇ 5.60 ਕਰੋੜ ਰੁਪਏ ਦੀ ਲਾਗਤ ਨਾਲ ਵਿਕਾਸ ਕਾਰਜ ਅਰੰਭੇ ਗਏ ਹਨ। ਇਸ ਤੋਂ ਇਲਾਵਾ ਵਿਧਾਨ ਸਭਾ ਹਲਕਾ ਗੁਰਦਾਸਪੁਰ ਵਿਖੇ ਕਰੋੜਾਂ ਰੁਪਏ ਦੀ ਲਾਗਤ ਵਾਲੇ ਹੋਰ ਵੀ ਵਿਕਾਸ ਕਾਰਜ ਜਾਰੀ ਹਨ।

ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਪਿਛਲੇ ਦੋ ਸਾਲਾਂ ਵਿੱਚ ਗੁਰਦਾਸਪੁਰ ਵਿੱਚ ਵੱਡੀ ਪੱਧਰ ‘ਤੇ ਵਿਕਾਸ ਕਾਰਜ ਕਰਵਾਏ ਗਏ ਹਨ ਅਤੇ ਆਉਂਦੇ ਤਿੰਨ ਸਾਲਾਂ ਵਿੱਚ ਵੀ ਰਿਕਾਰਡ ਵਿਕਾਸ ਕਾਰਜ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਆਉਂਦੇ ਸਮੇਂ ਵਿੱਚ ਹਲਕੇ ਵਿੱਚ ਵੱਡੀਆਂ ਸੰਸਥਾਵਾਂ ਲਿਆਂਦੀਆਂ ਜਾਣਗੀਆਂ। ਕਿਰਨ ਨਾਲੇ ਦੀ ਦੁਬਾਰਾ ਲਾਈਨਿੰਗ ਕਰਵਾਈ ਜਾਵੇਗੀ ਤਾਂ ਜੋ ਬਰਸਾਤਾਂ ਦੌਰਾਨ ਹੁੰਦੇ ਨੁਕਸਾਨ ਨੂੰ ਰੋ‌ਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਡੱਲਾ ਗੋਰੀਆਂ ਵਿਖੇ ਸੈਨਿਕ ਸਕੂਲ ਦੀ ਉਸਾਰੀ ਕਰਵਾਈ ਜਾਵੇਗੀ। ਇਸ ਤੋਂ ਇਲਾਵਾ ਤਿੱਬੜ ਪਿੰਡ ਵਿਖੇ ਪਾਣੀ ਦੇ ਨਿਕਾਸ ਦੀ ਸਮੱਸਿਆ ਹੱਲ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਤਿੱਬੜ ਵਿਖੇ 28-29 ਕਰੋੜ ਰੁਪਏ ਦੇ ਪ੍ਰੋਜੈਕਟ ਨਾਲ ਸੀਵਰੇਜ ਤੇ ਟਰੀਟਮੈਂਟ ਪਲਾਂਟ ਲਗਾਇਆ ਜਾਵੇਗਾ। ਸ੍ਰੀ ਬਹਿਲ ਨੇ ਕਿਹਾ ਕਿ ਗੁਰਦਾਸਪੁਰ ਵਿਖੇ ਵੀ ਸੀਵਰੇਜ ਟਰੀਟਮੈਂਟ ਪਲਾਂਟ ਲਗਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਮਕਸਦ ਲਈ ਉਨ੍ਹਾਂ ਨੇ ਪੰਜਾਬ ਸਰਕਾਰ ਕੋਲੋਂ 82 ਕਰੋੜ ਰੁਪਏ ਮਨਜ਼ੂਰ ਕਰਵਾ ਲਏ ਹਨ। ਸ੍ਰੀ ਬਹਿਲ ਨੇ ਕਿਹਾ ਕਿ ਗੁਰਦਾਸਪੁਰ ਵਿਖੇ ਮੈਡੀਕਲ ਕਾਲਜ ਲਿਆਉਣ ਲਈ ਵੀ ਪੂਰੀ ਕੋਸ਼ਿਸ਼ ਕੀਤੀ ਜਾਵੇਗੀ।

ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਗੁਰਦਾਸਪੁਰ ਹਲਕਾ ਉਨ੍ਹਾਂ ਦੀ ਕਰਮ ਭੂਮੀ ਹੈ ਅਤੇ ਉਹ ਆਪਣੇ ਹਲਕਾ ਵਾਸੀਆਂ ਦੀ ਸੇਵਾ ਵਿੱਚ ਹਰ ਸਮੇਂ ਹਾਜ਼ਰ ਹਨ। ਇਸ ਮੌਕੇ ਉਨ੍ਹਾਂ ਨਾਲ ਮਾਰਕਿਟ ਕਮੇਟੀ ਗੁਰਦਾਸਪੁਰ ਦੇ ਚੇਅਰਮੈਨ ਸ੍ਰੀ ਭਾਰਤ ਭੂਸ਼ਨ ਸ਼ਰਮਾ, ਸ੍ਰੀ ਕੇਸ਼ਵ ਬਹਿਲ, ਧਰੁਵ ਬਹਿਲ ਅਤੇ ਹੋਰ ਮੋਹਤਬਰ ਵੀ ਹਾਜ਼ਰ ਸਨ।

Written By
The Punjab Wire