ਜਮਹੂਰੀ ਅਧਿਕਾਰ ਸਭਾ ਪੰਜਾਬ ਗੁਰਦਾਸਪੁਰ ਦਾ ਹੋਇਆ ਜ਼ਿਲ੍ਹਾ ਡੈਲੀਗੇਟ ਇਜ਼ਲਾਸ
ਡਾਕਟਰ ਜਗਜੀਵਨ ਲਾਲ ਪ੍ਰਧਾਨ ਅਤੇ ਅਸ਼ਵਨੀ ਕੁਮਾਰ ਜਿਲ੍ਹਾ ਸਕੱਤਰ ਚੁਣੇ ਗਏ
ਗੁਰਦਾਸਪੁਰ 9 ਮਾਰਚ 2024 (ਦੀ ਪੰਜਾਬ ਵਾਇਰ)। ਜਮਹੂਰੀ ਅਧਿਕਾਰ ਸਭਾ ਪੰਜਾਬ ਜ਼ਿਲ੍ਹਾ ਗੁਰਦਾਸਪੁਰ ਦੇ ਮੈਂਬਰਾਂ ਵੱਲੋਂ ਸਥਾਨਕ ਰਾਮ ਸਿੰਘ ਦੱਤ ਹਾਲ ਦੇ ਤੇਜਾ ਸਿੰਘ ਸੁਤੰਤਰ ਹਾਲ ਵਿੱਚ ਜਮਹੂਰੀ ਅਧਿਕਾਰ ਸਭਾ ਪੰਜਾਬ ਇਕਾਈ ਗੁਰਦਾਸਪੁਰ ਦਾ ਜਰਨਲ ਇਜਲਾਸ ਸੂਬਾ ਜਥੇਬੰਦਕ ਸਕੱਤਰ ਨਰਭਿੰਦਰ ਸਿੰਘ ਦੀ ਅਗਵਾਈ ਹੇਠ ਕੀਤਾ ਗਿਆ। ਜਿਥੇ ਜ਼ਿਲ੍ਹਾ ਪੱਧਰੀ ਟੀਮ ਦਾ ਗਠਨ ਕੀਤਾ ਗਿਆ।
ਇਸ ਵਿੱਚ ਸਰਬ ਸੰਮਤੀ ਨਾਲ ਡਾਕਟਰ ਜਗਜੀਵਨ ਲਾਲ ਪ੍ਰਧਾਨ, ਹਰਭਜਨ ਸਿੰਘ ਮਾਂਗਟ ਮੀਤ ਪ੍ਰਧਾਨ, ਅਸ਼ਵਨੀ ਕੁਮਾਰ ਜਿਲ੍ਹਾ ਸਕੱਤਰ, ਅਮਰਜੀਤ ਸ਼ਾਸਤਰੀ ਸਹਾਇਕ ਸਕੱਤਰ ਅਤੇ ਪ੍ਰਿੰਸੀਪਲ ਅਮਰਜੀਤ ਸਿੰਘ ਮਨੀ ਵਿੱਤ ਸਕੱਤਰ ਚੁਣੇ ਗਏ ਜਦੋਕਿ ਜ਼ਿਲ੍ਹਾ ਕਮੇਟੀ ਮੈਂਬਰ ਇੰਜੀਨੀਅਰ ਰਣਜੀਤ ਸਿੰਘ ਧਾਲੀਵਾਲ, ਐਡਵੋਕੇਟ ਰਣਬੀਰ ਆਕਾਸ਼, ਅਮਰ ਕ੍ਰਾਂਤੀ, ਮੱਖਣ ਸਿੰਘ ਕੁਹਾੜ, ਰੂਪ ਸਿੰਘ, ਕਰਨੈਲ ਸਿੰਘ ਚਿੱਟੀ, ਬਲਵਿੰਦਰ ਕੌਰ ਅਤੇ ਸੁਖਵਿੰਦਰ ਸਿੰਘ ਚੁਣੇ ਗਏ।
ਹਾਜ਼ਰ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਸੂਬਾ ਆਗੂ ਨਰਭਿੰਦਰ ਸਿੰਘ ਨੇ ਕਿਹਾ ਕਿ ਇਹ ਇਜਲਾਸ ਉਸ ਸਮੇਂ ਕੀਤਾ ਜਾ ਰਿਹਾ ਹੈ ਜਦੋਂ ਦੇਸ਼ ਵਿਦੇਸ਼ ਵਿੱਚ ਹਾਕਮ ਜਮਾਤਾਂ ਲੋਕਾਂ ਦੇ ਬੁਨਿਆਦੀ ਅਧਿਕਾਰਾਂ ਦਾ ਘਾਣ ਕਰਕੇ ਕਾਰਪੋਰੇਟ ਘਰਾਣਿਆਂ ਦੇ ਹਿੱਤਾਂ ਲਈ ਫਾਸ਼ੀਵਾਦੀ ਨੀਤੀਆਂ ਦਾ ਲਾਗੂ ਕੀਤਾ ਜਾ ਰਿਹਾ ਹੈ। ਕਿਸਾਨਾਂ ਮਜ਼ਦੂਰਾਂ, ਮੁਲਾਜ਼ਮਾਂ ਅਤੇ ਔਰਤਾਂ , ਘੱਟ ਗਿਣਤੀਆਂ ਨੂੰ ਫਾਸ਼ੀਵਾਦੀ ਕਾਨੂੰਨ ਬਣਾ ਕੇ ਦਬਾਇਆ ਜਾ ਰਿਹਾ ਹੈ। ਜਮਹੂਰੀ ਅਧਿਕਾਰ ਸਭਾ ਵਲੋਂ ਲੰਮੇ ਸਮੇਂ ਤੋਂ ਲੋਕਾਂ ਉਪਰ ਹੋ ਰਹੇ ਜ਼ਬਰ ਜ਼ੁਲਮ ਖਿਲਾਫ ਸਰਗਰਮ ਭੂਮਿਕਾ ਨਿਭਾਈ ਹੈ ਉਹ ਚਾਹੇ ਐਮਰਜੈਂਸੀ ਦਾ ਦੌਰ ਹੋਵੇ ਚਾਹੇ ਪੰਜਾਬ ਵਿੱਚ ਹਰ ਤਰ੍ਹਾਂ ਦੀ ਦਹਿਸ਼ਤਗਰਦੀ ਦਾ ਵਰਤਾਰਾ ਹੋਵੇ। ਸਭਾ ਵਲੋਂ ਤਿਆਰ ਕੀਤੀਆਂ ਰਿਪੋਰਟ ਯੂ ਐਨ ਓ ਪੱਧਰ ਤੇ ਮਾਨਤਾ ਪ੍ਰਾਪਤ ਹੋਇਆਂ ਹਨ। ਸਭਾ ਦੀ ਕਾਰਗੁਜ਼ਾਰੀ ਰਿਪੋਰਟ ਜਾਰੀ ਕਰਦਿਆਂ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਜਿਥੇ ਜ਼ਿਲ੍ਹਾ ਕਮੇਟੀ ਵੱਲੋਂ ਸੂਬਾ ਪੱਧਰੀ ਪ੍ਰੋਗਰਾਮ ਨੂੰ ਲਾਗੂ ਕਰਨ ਵਿਚ ਸਰਗਰਮ ਭੂਮਿਕਾ ਨਿਭਾਈ ਹੈ ਉਥੇ ਜ਼ਿਲ੍ਹਾ ਪੱਧਰੀ ਪ੍ਰੋਗਰਾਮ ਲਾਗੂ ਕਰਨ ਲਈ ਯਤਨ ਕੀਤੇ ਹਨ। ਜਿਸ ਤਰ੍ਹਾਂ ਬਲਾਤਕਾਰ ਦਾ ਸ਼ਿਕਾਰ ਹੋਈ ਛੋਟੀ ਬੱਚੀ ਦੇ ਮੁਲਾਜ਼ਮ ਨੂੰ ਸੀਖਾਂ ਪਿੱਛੇ ਡੱਕਣ, ਪੁਲਿਸ ਜ਼ਬਰ ਦਾ ਸ਼ਿਕਾਰ ਹੋਈ ਨੌਜਵਾਨ ਲੜਕੀ ਨੂੰ ਇਨਸਾਫ਼ ਦਿਵਾਉਣ, ਮਹਿਲਾ ਪਹਿਲਵਾਨ ਬੇਟੀਆਂ ਨੂੰ ਇਨਸਾਫ਼ ਦਿਵਾਉਣ ਲਈ ਰੋਸ ਪ੍ਰਦਰਸ਼ਨ ਕਰ ਕੇ ਕੇਂਦਰ ਸਰਕਾਰ ਨੂੰ ਲੋਕ ਕਟਹਿਰੇ ਵਿੱਚ ਖੜਾ ਕਰਨ ਲਈ ਸੰਘਰਸ਼ ਵਿਚ ਹਿੱਸਾ ਪਾਇਆ ਹੈ।
ਇਸ ਮੌਕੇ ਅਮਰੀਕੀ ਸਾਮਰਾਜ ਦੀ ਸ਼ਹਿ ਤੇ ਇਜ਼ਰਾਈਲ ਵਲੋਂ ਫ਼ਲਸਤੀਨੀ ਲੋਕਾਂ ਵਿਰੁੱਧ ਨਿਹੱਕੀ ਜੰਗ ਖਤਮ ਕਰਨ, ਕਿਸਾਨਾਂ ਮਜ਼ਦੂਰਾਂ , ਔਰਤਾ ਅਤੇ ਘੱਟ ਗਿਣਤੀਆਂ ਦੇ ਸੰਘਰਸ਼ਾਂ ਨੂੰ ਕੁਚਲਣ ਲਈ ਕਾਲੇ ਕਾਨੂੰਨਾਂ ਅਤੇ ਪੈਰਾ ਮਿਲਟਰੀ ਫੋਰਸ ਦੀ ਦੁਰਵਰਤੋ ਕਰਨ, ਭੀਮਾਂ ਕੋਰੇਗਾਂਵ ਦੀ ਘਟਨਾ ਦੀ ਆੜ ਹੇਠ ਗਿਰਫ਼ਤਾਰ ਕੀਤੇ ਬੁਧੀਜੀਵੀਆਂ ਦੀ ਰਿਹਾਈ, ਨਵੀਂ ਸਿੱਖਿਆ ਨੀਤੀ ਦਾ ਵਿਰੋਧ, ਅਤੇ 295 ਏ ਕਾਨੂੰਨ ਦੀ ਦੁਰਵਰਤੋ ਵਿਰੁੱਧ ਮਤਾ ਪਾਸ ਕੀਤਾ ਗਿਆ।
ਇਸ ਇਜਲਾਸ ਵਿੱਚ ਹੋਰਨਾਂ ਤੋਂ ਇਲਾਵਾ ਡਾਕਟਰ ਦਲਬੀਰ ਸਿੰਘ , ਇੰਜੀਨੀਅਰ ਹੇਮ ਰਾਜ ਦੀਨਾਨਗਰ, ਸੁਰਿੰਦਰ ਸਿੰਘ ਕੋਠੇ, ਜੋਗਿੰਦਰ ਪਾਲ ਘੁਰਾਲਾ , ਪ੍ਰਸ਼ੋਤਮ ਲਾਲ , ਹਰਚਰਨ ਸਿੰਘ , ਸੰਦੀਪ ਕੁਮਾਰ , ਅਨੇਕ ਚੰਦ , ਡਾਕਟਰ , ਰਾਜੀਵ ਸ਼ਰਮਾ , ਬਲਬੀਰ ਸਿੰਘ ਪੀਰਾਂ ਬਾਗ੍ਹ , ਅਮਰਪਾਲ ਸਿੰਘ ਟਾਂਡਾ , ਗੁਰਦਿਆਲ ਸਿੰਘ ਬਾਲਾ ਪਿੰਡੀ , ਬੋਧ ਰਾਜ ਮਾਨਕੋਰ ਸਿੰਘ , ਸਮੀਰ , ਅਮਰ ਨਾਥ , ਸਾਹਿਲ ਮਹਾਜਨ , ਸਤਿੰਦਰ ਸਿੰਘ , ਰਜਵੰਤ ਸਿੰਘ , ਸੁਲਖਣੀ ਦੇਵੀ, ਮੋਨਿਕਾ ਅਤੇ ਬਿਮਲਾ ਆਦਿ ਹਾਜ਼ਰ ਸਨ ।