ਗੁਰਦਾਸਪੁਰ ਪੰਜਾਬ

ਦੁੱਖ ਦੇ ਹੰਝੂ ਖੁਸ਼ੀ ਵਿੱਚ ਤਬਦੀਲ: ਮੁੱਖ ਮੰਤਰੀ ਭਗਵੰਤ ਮਾਨ ਨੇ ਗੁਰਦਾਸਪੁਰ ਇੰਡਸਟਰੀਅਲ ਏਰੀਏ ਦੇ ਸਨਅਤਕਾਰਾਂ ਦੇ ਨਾਲ ਕੀਤਾ ਆਪਣਾ ਵਾਅਦਾ ਨਿਭਾਇਆ

ਦੁੱਖ ਦੇ ਹੰਝੂ ਖੁਸ਼ੀ ਵਿੱਚ ਤਬਦੀਲ: ਮੁੱਖ ਮੰਤਰੀ ਭਗਵੰਤ ਮਾਨ ਨੇ ਗੁਰਦਾਸਪੁਰ ਇੰਡਸਟਰੀਅਲ ਏਰੀਏ ਦੇ ਸਨਅਤਕਾਰਾਂ ਦੇ ਨਾਲ ਕੀਤਾ ਆਪਣਾ ਵਾਅਦਾ ਨਿਭਾਇਆ
  • PublishedMarch 7, 2024

10 ਦਿਨਾਂ ਦੇ ਅੰਦਰ ਹੀ ਪੰਜਾਬ ਸਰਕਾਰ ਨੇ ਇੰਡਸਟਰੀਅਲ ਏਰੀਆ ਗੁਰਦਾਸਪੁਰ ਦੀਆਂ ਸਮੱਸਿਆਵਾਂ ਦੇ ਹੱਲ ਲਈ 2.82 ਕਰੋੜ ਦੀ ਰਾਸ਼ੀ ਮਨਜ਼ੂਰ ਕੀਤੀ

ਪੰਜਾਬ ਸਰਕਾਰ ਵੱਲੋਂ ਇੰਡਸਟਰੀਅਲ ਏਰੀਆ ਲਈ ਬਿਜਲੀ ਦੇ ਨਵੇਂ ਫੀਡਰ ਲਈ ਭੇਜੇ 95.73 ਲੱਖ ਰੁਪਏ ਦੇ ਡਿਮਾਂਡ ਡਰਾਫ਼ਟ ਨੂੰ ਚੇਅਰਮੈਨ ਰਮਨ ਬਹਿਲ ਨੇ ਪਾਵਰਕਾਮ ਦੇ ਅਧਿਕਾਰੀਆਂ ਨੂੰ ਸੌਂਪਿਆ

ਗੁਰਦਾਸਪੁਰ ਦੇ ਸਨਅਤਕਾਰਾਂ ਵਿੱਚ ਖ਼ੁਸ਼ੀ ਦੀ ਲਹਿਰ

ਗੁਰਦਾਸਪੁਰ, 7 ਮਾਰਚ 2024 (ਦੀ ਪੰਜਾਬ ਵਾਇਰ )। ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਵੱਲੋਂ ਨਿਭਾਏ ਵਾਅਦੇ ਕਾਰਨ ਇੰਡਸਟਰੀਅਲ ਅਸਟੇਟ ਗੁਰਦਾਸਪੁਰ ਦੇ ਸਨਅਤਕਾਰਾਂ ਦੇ ਦਹਾਕਿਆਂ ਪੁਰਾਣੇ ਦੁੱਖ ਦੇ ਹੰਝੂ ਹੁਣ ਖ਼ੁਸ਼ੀ ਦੇ ਹੰਝੂਆਂ ਵਿੱਚ ਬਦਲ ਗਏ ਹਨ। ਮਹਿਜ਼ ਦਸ ਦਿਨਾਂ ਵਿੱਚ ਹੀ ਪੰਜਾਬ ਸਰਕਾਰ ਨੇ ਇੰਡਸਟਰੀਅਲ ਅਸਟੇਟ ਦੀਆਂ ਦਹਾਕਿਆਂ ਪੁਰਾਣੀਆਂ ਮੰਗਾਂ ਨੂੰ ਹੱਲ ਕਰ ਦਿੱਤਾ ਹੈ।

ਬੀਤੀ 25 ਫਰਵਰੀ ਨੂੰ ਦੀਨਾਨਗਰ ਵਿਖੇ ਹੋਈ ਸਰਕਾਰ-ਵਪਾਰ ਮਿਲਣੀ ਦੌਰਾਨ ਇੰਡਸਟਰੀਅਲ ਅਸਟੇਟ ਗੁਰਦਾਸਪੁਰ ਦੇ ਸਨਅਤਕਾਰਾਂ ਨੇ ਆਪਣੀਆਂ ਸਮੱਸਿਆਵਾਂ ਤੋਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੂੰ ਜਾਣੂ ਕਰਵਾਇਆ ਸੀ ਜਿਸ ਤਹਿਤ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੇ ਸਨਅਤਕਾਰਾਂ ਨੂੰ ਭਰੋਸਾ ਦਿੱਤਾ ਸੀ ਕਿ ਉਨ੍ਹਾਂ ਦੀਆਂ ਸਾਰੀਆਂ ਸਮੱਸਿਆਵਾਂ ਬਹੁਤ ਜਲਦ ਹੱਲ ਕਰ ਦਿੱਤੀਆਂ ਜਾਣਗੀਆਂ। ਆਪਣੇ ਇਸ ਵਾਅਦੇ ਨੂੰ ਨਿਭਾਉਂਦਿਆਂ ਪੰਜਾਬ ਸਰਕਾਰ ਵੱਲੋਂ ਇੰਡਸਟਰੀਅਲ ਏਰੀਆ ਗੁਰਦਾਸਪੁਰ ਦੀਆਂ ਸਮੱਸਿਆਵਾਂ ਦੇ ਹੱਲ ਲਈ 2.82 ਕਰੋੜ ਦੀ ਰਾਸ਼ੀ ਮਨਜ਼ੂਰ ਕਰ ਦਿੱਤੀ ਗਈ ਹੈ ਜਿਸ ਵਿੱਚੋਂ 95.73 ਲੱਖ ਦਾ ਡਿਮਾਂਡ ਡਰਾਫ਼ਟ ਪਾਵਰਕਾਮ ਨੂੰ ਨਵੇਂ ਫੀਡਰ ਲਈ ਜਾਰੀ ਕਰ ਦਿੱਤਾ ਗਿਆ ਹੈ। ਇਸ ਡਿਮਾਂਡ ਡਰਾਫ਼ਟ ਨੂੰ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਵੱਲੋਂ ਅੱਜ ਸਥਾਨਕ ਪਾਵਰਕਾਮ ਦੇ ਰੈਸਟ ਹਾਊਸ ਵਿਖੇ ਸਨਅਤਕਾਰਾਂ ਦੀ ਹਾਜ਼ਰੀ ਵਿੱਚ ਪਾਵਰਕਾਮ ਦੇ ਅਧਿਕਾਰੀਆਂ ਨੂੰ ਸੌਂਪਿਆ ਗਿਆ।

ਗੁਰਦਾਸਪੁਰ ਦੇ ਸਨਅਤਕਾਰਾਂ ਦੇ ਇਹ ਮਸਲੇ ਹੱਲ ਕਰਵਾਉਣ ਵਿੱਚ ਮੁੱਖ ਭੂਮਿਕਾ ਨਿਭਾਉਣ ਵਾਲੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਜਦੋਂ 25 ਫਰਵਰੀ ਨੂੰ ਦੀਨਾਨਗਰ ਵਿਖੇ ਸਰਕਾਰ-ਵਪਾਰ ਮਿਲਣੀ ਕਰ ਰਹੇ ਸਨ ਤਾਂ ਉਸ ਦੌਰਾਨ ਗੁਰਦਾਸਪੁਰ ਦੇ ਉੱਘੇ ਉਦਯੋਗਪਤੀ ਰਵੀ ਖੰਨਾ ਨੇ ਗੁਰਦਾਸਪੁਰ ਇੰਡਸਟਰੀਅਲ ਅਸਟੇਟ ਦੀਆਂ ਸਮੱਸਿਆਵਾਂ ਦਾ ਮੁੱਦਾ ਚੱਕਿਆ ਸੀ। ਉਨ੍ਹਾਂ ਨੇ ਗੁਰਦਾਸਪੁਰ ਇੰਡਸਟਰੀਅਲ ਅਸਟੇਟ ਵਿੱਚ ਸੜਕਾਂ, ਸੀਵਰੇਜ, ਬਿਜਲੀ ਸਪਲਾਈ ਆਦਿ ਮਸਲਿਆਂ ਦੇ ਹੱਲ ਦੀ ਮੁੱਖ ਮੰਤਰੀ ਕੋਲ ਗੁਹਾਰ ਲਗਾਈ ਸੀ। ਇਹ ਸਾਰੀਆਂ ਮੁਸ਼ਕਲਾਂ ਸੁਣਨ ਤੋਂ ਬਾਅਦ ਮੁੱਖ ਮੰਤਰੀ ਨੇ ਸਨਅਤਕਾਰਾਂ ਨੂੰ ਮਸਲੇ ਦੇ ਹੱਲ ਦਾ ਭਰੋਸਾ ਦਿੱਤਾ ਸੀ।

ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਆਪਣੇ ਵਾਅਦੇ ਤਹਿਤ ਇੰਡਸਟਰੀਅਲ ਅਸਟੇਟ ਗੁਰਦਾਸਪੁਰ ਵਿੱਚ ਸੜਕਾਂ, ਸੀਵਰੇਜ, ਸਟਰੀਟ ਲਾਈਟ, ਪਬਲਿਕ ਹੈਲਥ, ਹਾਰਟੀਕਲਚਰ ਦੇ ਵਿਕਾਸ ਕਾਰਜਾਂ ਲਈ 1.87 ਕਰੋੜ ਰੁਪਏ ਅਤੇ ਨਵੇਂ ਬਿਜਲੀ ਫੀਡਰ ਲਈ 95.73 ਲੱਖ ਰੁਪਏ ਮਨਜ਼ੂਰ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬੀਤੇ ਕੱਲ੍ਹ ਨਵੇਂ ਬਿਜਲੀ ਫੀਡਰ ਲਈ 95.73 ਲੱਖ ਰੁਪਏ ਦਾ ਡਿਮਾਂਡ ਡਰਾਫ਼ਟ ਵੀ ਜਾਰੀ ਕਰ ਦਿੱਤਾ ਗਿਆ ਹੈ ਜਿਸ ਨੂੰ ਅੱਜ ਸਨਅਤਕਾਰਾਂ ਦੀ ਹਾਜ਼ਰੀ ਵਿੱਚ ਪਾਵਰਕਾਮ ਦੇ ਅਧਿਕਾਰੀਆਂ ਦੇ ਸਪੁਰਦ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬੜੀ ਜਲਦੀ ਇੰਡਸਟਰੀਅਲ ਏਰੀਆ ਗੁਰਦਾਸਪੁਰ ਵਿੱਚ ਬਿਜਲੀ ਦਾ ਨਵਾਂ ਫੀਡਰ ਬਣਨਾ ਸ਼ੁਰੂ ਹੋ ਜਾਵੇਗਾ।

ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਇਸ ਤੋਂ ਇਲਾਵਾ 1.87 ਕਰੋੜ ਰੁਪਏ ਦੀ ਲਾਗਤ ਨਾਲ ਗੁਰਦਾਸਪੁਰ ਇੰਡਸਟਰੀਅਲ ਅਸਟੇਟ ਵਿੱਚ ਸੜਕਾਂ, ਸੀਵਰੇਜ, ਸਟਰੀਟ ਲਾਈਟ, ਪਬਲਿਕ ਹੈਲਥ, ਹਾਰਟੀਕਲਚਰ ਸਮੇਤ ਹੋਰ ਵਿਕਾਸ ਕਾਰਜ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੇ ਆਪਣਾ ਵਾਅਦਾ ਮਹਿਜ਼ 10 ਦਿਨਾਂ ਵਿੱਚ ਹੀ ਪੂਰਾ ਕਰਕੇ ਗੁਰਦਾਸਪੁਰ ਇੰਡਸਟਰੀਅਲ ਅਸਟੇਟ ਦੀਆਂ ਦਹਾਕਿਆਂ ਪੁਰਾਣੀਆਂ ਮੁਸ਼ਕਲਾਂ ਨੂੰ ਹੱਲ ਕਰ ਦਿੱਤਾ ਹੈ।

ਓਧਰ ਇੰਡਸਟਰੀਅਲ ਅਸਟੇਟ ਗੁਰਦਾਸਪੁਰ ਦੇ ਸਨਅਤਕਾਰ ਸ੍ਰੀ ਰਵੀ ਖੰਨਾ ਤੇ ਉਨ੍ਹਾਂ ਨੇ ਸਾਥੀਆਂ ਨੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਚੇਅਰਮੈਨ ਸ੍ਰੀ ਰਮਨ ਬਹਿਲ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਕਦੀ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਉਨ੍ਹਾਂ ਦੀਆਂ ਇਹ ਸਮੱਸਿਆਵਾਂ ਹੱਲ ਹੋਣਗੀਆਂ ਪਰ ਭਗਵੰਤ ਸਿੰਘ ਮਾਨ ਨੇ ਆਪਣੇ ਬੋਲਾਂ ਨੂੰ ਸੱਚ ਕਰ ਦਿਖਾਇਆ ਹੈ।

ਇਸ ਮੌਕੇ ਮਾਰਕਿਟ ਕਮੇਟੀ ਦੇ ਚੇਅਰਮੈਨ ਸ੍ਰੀ ਭਾਰਤ ਭੂਸ਼ਨ ਸ਼ਰਮਾ, ਜ਼ਿਲ੍ਹਾ ਉਦਯੋਗ ਕੇਂਦਰ ਦੇ ਜਨਰਲ ਮੈਨੇਜਰ ਸ. ਸੁਖਪਾਲ ਸਿੰਘ ਤੋਂ ਇਲਾਵਾ ਪਾਵਰਕਾਮ ਦੇ ਅਧਿਕਾਰੀ ਅਤੇ ਉੱਘੇ ਸਨਅਤਕਾਰ ਵੀ ਹਾਜ਼ਰ ਸਨ।

Written By
The Punjab Wire