ਗੁਰਦਾਸਪੁਰ

ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਦੀ ਕਾਰਜਸ਼ੈਲੀ ਨੂੰ ਹੋਰ ਸੁਧਾਰਨ ਲਈ ਗੁਰਦਾਸਪੁਰ ਪੁਲਿਸ ਨੂੰ 14 ਹਾਈ-ਟੈੱਕ ਵਾਹਨ ਦਿੱਤੇ

ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਦੀ ਕਾਰਜਸ਼ੈਲੀ ਨੂੰ ਹੋਰ ਸੁਧਾਰਨ ਲਈ ਗੁਰਦਾਸਪੁਰ ਪੁਲਿਸ ਨੂੰ 14 ਹਾਈ-ਟੈੱਕ ਵਾਹਨ ਦਿੱਤੇ
  • PublishedFebruary 29, 2024

ਐੱਸ.ਐੱਸ.ਪੀ. ਹਰੀਸ਼ ਦਾਯਮਾ ਨੇ ਗੱਡੀਆਂ ਨੂੰ ਹਰੀ ਝੰਡੀ ਦਿਖਾ ਕੇ ਥਾਣਿਆਂ ਲਈ ਰਵਾਨਾ ਕੀਤਾ

ਗੁਰਦਾਸਪੁਰ, 29 ਫਰਵਰੀ 2024 ( ਦੀ ਪੰਜਾਬ ਵਾਇਰ )। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਵਿੱਚ ਅਮਨ-ਕਾਨੂੰਨ ਦੀ ਵਿਵਸਥਾ ਨੂੰ ਹੋਰ ਸੁਚਾਰੂ ਬਣਾਉਣ ਲਈ ਪੰਜਾਬ ਪੁਲਿਸ ਦੀ ਕਾਰਜਸ਼ੈਲੀ ਸੁਧਾਰਨ ਵਾਸਤੇ 410 ਨਵੇਂ ਹਾਈ-ਟੈੱਕ ਵਾਹਨਾਂ ਦਿੱਤੇ ਗਏ ਹਨ ਜਿਨ੍ਹਾਂ ਵਿੱਚੋਂ 14 ਹਾਈ-ਟੈੱਕ ਵਾਹਨ ਜ਼ਿਲ੍ਹਾ ਪੁਲਿਸ ਗੁਰਦਾਸਪੁਰ ਨੂੰ ਮਿਲੇ ਹਨ।

ਐੱਸ.ਐੱਸ.ਪੀ. ਗੁਰਦਾਸਪੁਰ ਸ੍ਰੀ ਹਰੀਸ਼ ਦਾਯਮਾ ਵੱਲੋਂ ਅੱਜ ਸਥਾਨਕ ਪੁਲਿਸ ਲਾਈਨ ਤੋਂ ਜ਼ਿਲ੍ਹਾ ਪੁਲਿਸ ਲਈ ਮਿਲੇ 14 ਹਾਈ-ਟੈੱਕ ਵਾਹਨਾਂ ਨੂੰ ਹਰੀ ਝੰਡੀ ਦਿਖਾ ਕੇ ਥਾਣਿਆਂ ਵੱਲ ਰਵਾਨਾ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਐੱਸ.ਪੀ. ਸ੍ਰੀ ਹਰੀਸ਼ ਦਾਯਮਾ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਗੁਰਦਾਸਪੁਰ ਦੇ 11 ਥਾਣਿਆਂ ਨੂੰ ਨਵੀਆਂ ਹਾਈ-ਟੈੱਕ ਮਹਿੰਦਰਾ ਸਕਾਰਪੀਓਜ਼ ਗੱਡੀਆਂ ਮਿਲੀਆਂ ਹਨ, ਜਦਕਿ 2 ਕੀਆ ਕਰੇਨਜ਼ ਗੱਡੀਆਂ ਪੀ.ਸੀ.ਆਰ. ਅਤੇ ਡਾਇਲ-112 ਲਈ ਮਿਲੀਆਂ ਹਨ। ਉਨ੍ਹਾਂ ਕਿਹਾ ਕਿ ਔਰਤਾਂ ਦੀ ਸੁਰੱਖਿਆ ਲਈ ਇੱਕ ਟਾਟਾ ਟਿਆਗੋ ਈ.ਵੀ. (ਇਲੈਕਟ੍ਰਿਕ ਵਾਹਨ) ਮਹਿਲਾ ਮਿੱਤਰ ਪੁਲਿਸ ਨੂੰ ਮਿਲਿਆ ਹੈ।

ਐੱਸ.ਐੱਸ.ਪੀ. ਗੁਰਦਾਸਪੁਰ ਸ੍ਰੀ ਹਰੀਸ਼ ਦਾਯਮਾ ਨੇ ਕਿਹਾ ਕਿ ਇਨ੍ਹਾਂ ਵਾਹਨਾਂ ਦੀ ਤਾਇਨਾਤੀ ਨਾਲ ਜ਼ਿਲ੍ਹੇ ਦੇ ਪੁਲਿਸ ਸਟੇਸ਼ਨਾਂ ਦੀ ਕਾਰਗੁਜ਼ਾਰੀ ਵਿੱਚ ਵੱਡਾ ਸੁਧਾਰ ਹੋਵੇਗਾ ਅਤੇ ਪੁਲਿਸ ਦੀ ਕਾਰਵਾਈ ਦਾ ਸਮਾਂ ਸੁਧਰੇਗਾ। ਉਨ੍ਹਾਂ ਕਿਹਾ ਕਿ ਪਹਿਲਾਂ ਪੁਰਾਣੀਆਂ ਗੱਡੀਆਂ ਕਾਰਨ ਪੁਲਿਸ ਫੋਰਸ ਨੂੰ ਕੁਝ ਪਰੇਸ਼ਾਨੀ ਆਉਂਦੀ ਸੀ ਜੋ ਹੁਣ ਨਵੀਆਂ ਗੱਡੀਆਂ ਮਿਲਣ ਨਾਲ ਦੂਰ ਹੋ ਜਾਵੇਗੀ। ਉਨ੍ਹਾਂ ਨੇ ਇਸ ਉਪਰਾਲੇ ਲਈ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਪੁਲਿਸ ਵਿਭਾਗ ਦੇ ਉੱਚ ਅਧਿਕਾਰੀਆਂ ਦਾ ਧੰਨਵਾਦ ਕੀਤਾ।

Written By
The Punjab Wire