18 ਸਾਲ ਤੋਂ ਵੱਧ ਉਮਰ ਦੇ ਵਿਅਕਤੀ ਅਜੇ ਵੀ ਬੀ.ਐੱਲ.ਓ. ਕੋਲ ਫਾਰਮ ਨੰਬਰ 6 ਭਰ ਕੇ ਬਣਾ ਸਕਦੇ ਹਨ ਆਪਣੀ ਵੋਟ – ਜ਼ਿਲ੍ਹਾ ਚੋਣ ਅਧਿਕਾਰੀ
ਗੁਰਦਾਸਪੁਰ, 29 ਫਰਵਰੀ 2024 ( ਦੀ ਪੰਜਾਬ ਵਾਇਰ )। ਲੋਕ ਸਭਾ ਚੋਣਾਂ-2024 ਲਈ 01 ਗੁਰਦਾਸਪੁਰ ਲੋਕ ਸਭਾ ਹਲਕੇ ਲਈ 1895 ਪੋਲਿੰਗ ਸਟੇਸ਼ਨ ਬਣਾਏ ਗਏ ਹਨ ਅਤੇ 22 ਜਨਵਰੀ 2024 ਨੂੰ ਜਾਰੀ ਕੀਤੀ ਗਈ ਫਾਈਨਲ ਇਲੈਕਟਰ ਸਮਰੀ ਵਿੱਚ ਕੁੱਲ 1614367 ਵੋਟਰ ਰਜਿਸਟਰਡ ਹੋਏ ਹਨ। ਇਨ੍ਹਾਂ ਵੋਟਰਾਂ ਵਿੱਚ 18 ਤੋਂ 19 ਸਾਲ ਦੇ 48104 ਵੋਟਰ, ਪੀ.ਡਬਲਿਊ.ਡੀ. ਵੋਟਰ 1077 ਅਤੇ ਪ੍ਰਵਾਸੀ ਭਾਰਤੀ ਵੋਟਰ 442 ਹਨ। ਇਸ ਤੋਂ ਇਲਾਵਾ ਲੋਕ ਸਭਾ ਹਲਕਾ ਗੁਰਦਾਸਪੁਰ ਵਿੱਚ 22464 ਸਰਵਿਸ ਵੋਟਰ ਅਤੇ 35629 ਵੋਟਰ 80 ਸਾਲ ਤੋਂ ਉੱਪਰ ਦੇ ਹਨ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਲੋਕ ਸਭਾ ਹਲਕਾ ਗੁਰਦਾਸਪੁਰ ਵਿੱਚ ਕੁੱਲ 9 ਵਿਧਾਨ ਸਭਾ ਹਲਕੇ ਪੈਂਦੇ ਹਨ ਜਿਨ੍ਹਾਂ ਵਿੱਚ 3 ਵਿਧਾਨ ਸਭਾ ਹਲਕੇ ਪਠਾਨਕੋਟ ਜ਼ਿਲ੍ਹੇ ਦੇ ਸੁਜਾਨਪੁਰ, ਭੋਆ (ਐੱਸ.ਸੀ.) ਅਤੇ ਪਠਾਨਕੋਟ ਹਨ ਜਦਕਿ ਜ਼ਿਲ੍ਹਾ ਗੁਰਦਾਸਪੁਰ ਨਾਲ ਸਬੰਧਿਤ 6 ਵਿਧਾਨ ਸਭਾ ਹਲਕੇ ਗੁਰਦਾਸਪੁਰ, ਦੀਨਾਨਗਰ (ਐੱਸ.ਸੀ.) ਕਾਦੀਆਂ, ਬਟਾਲਾ, ਫ਼ਤਿਹਗੜ੍ਹ ਚੂੜੀਆਂ, ਡੇਰਾ ਬਾਬਾ ਨਾਨਕ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਗੁਰਦਾਸਪੁਰ ਦਾ ਇੱਕ ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ (ਐੱਸ.ਸੀ.) ਲੋਕ ਸਭਾ ਹਲਕਾ ਹੁਸ਼ਿਆਰਪੁਰ (ਐੱਸ.ਸੀ.) ਵਿੱਚ ਪੈਂਦਾ ਹੈ।
ਵਿਧਾਨ ਸਭਾ ਹਲਕਾ ਵਾਈਜ਼ ਵੋਟਾਂ ਦਾ ਵੇਰਵਾ ਦਿੰਦਿਆਂ ਜ਼ਿਲ੍ਹਾ ਚੋਣ ਅਧਿਕਾਰੀ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਲੋਕ ਸਭਾ ਹਲਕਾ ਗੁਰਦਾਸਪੁਰ ਵਿੱਚ ਪੈਂਦੇ ਸੁਜਾਨਪੁਰ ਵਿਧਾਨ ਸਭਾ ਹਲਕੇ ਵਿੱਚ ਕੁੱਲ ਪੋਲਿੰਗ ਸਟੇਸ਼ਨ 188 ਹਨ ਅਤੇ ਇਸ ਹਲਕੇ ਵਿੱਚ ਵੋਟਾਂ ਦੀ ਗਿਣਤੀ 168061 ਹੈ।ਭੋਆ (ਐੱਸ.ਸੀ.) ਵਿਧਾਨ ਸਭਾ ਹਲਕੇ ਵਿੱਚ ਕੁੱਲ 216 ਪੋਲਿੰਗ ਸਟੇਸ਼ਨ ਹਨ ਅਤੇ ਇਸ ਹਲਕੇ ਵਿੱਚ ਵੋਟਾਂ ਦੀ ਗਿਣਤੀ 185044 ਹੈ।ਪਠਾਨਕੋਟ ਵਿਧਾਨ ਸਭਾ ਹਲਕੇ ਵਿੱਚ ਕੁੱਲ 164 ਪੋਲਿੰਗ ਸਟੇਸ਼ਨ ਹਨ ਅਤੇ ਇਸ ਹਲਕੇ ਵਿੱਚ ਵੋਟਾਂ ਦੀ ਕੁੱਲ ਗਿਣਤੀ 149097 ਹੈ।
ਜ਼ਿਲ੍ਹਾ ਚੋਣ ਅਧਿਕਾਰੀ ਡਾ. ਹਿਮਾਂਸ਼ੂ ਅਗਰਵਾਲ ਨੇ ਅੱਗੇ ਦੱਸਿਆ ਕਿ ਗੁਰਦਾਸਪੁਰ ਵਿਧਾਨ ਸਭਾ ਹਲਕੇ ਵਿੱਚ ਕੁੱਲ 207 ਪੋਲਿੰਗ ਸਟੇਸ਼ਨ ਹਨ ਅਤੇ ਇਸ ਹਲਕੇ ਵਿੱਚ ਵੋਟਾਂ ਦੀ ਕੁੱਲ ਗਿਣਤੀ 172673 ਹੈ। ਦੀਨਾਨਗਰ (ਐੱਸ.ਸੀ.) ਵਿਧਾਨ ਸਭਾ ਹਲਕੇ ਵਿੱਚ ਕੁੱਲ 229 ਪੋਲਿੰਗ ਸਟੇਸ਼ਨ ਹਨ ਅਤੇ ਇਸ ਹਲਕੇ ਵਿੱਚ ਵੋਟਾਂ ਦੀ ਕੁੱਲ ਗਿਣਤੀ 195166 ਹੈ। ਕਾਦੀਆਂ ਵਿਧਾਨ ਸਭਾ ਹਲਕੇ ਵਿੱਚ ਕੁੱਲ 223 ਪੋਲਿੰਗ ਸਟੇਸ਼ਨ ਹਨ ਅਤੇ ਇਸ ਹਲਕੇ ਵਿੱਚ ਵੋਟਾਂ ਦੀ ਕੁੱਲ ਗਿਣਤੀ 183424 ਹੈ। ਬਟਾਲਾ ਵਿਧਾਨ ਸਭਾ ਹਲਕੇ ਵਿੱਚ ਕੁੱਲ 201 ਪੋਲਿੰਗ ਸਟੇਸ਼ਨ ਹਨ ਅਤੇ ਇਸ ਹਲਕੇ ਵਿੱਚ ਵੋਟਾਂ ਦੀ ਕੁੱਲ ਗਿਣਤੀ 189005 ਹੈ। ਫ਼ਤਿਹਗੜ੍ਹ ਚੂੜੀਆਂ ਵਿਧਾਨ ਸਭਾ ਹਲਕੇ ਵਿੱਚ ਕੁੱਲ 226 ਪੋਲਿੰਗ ਸਟੇਸ਼ਨ ਹਨ ਅਤੇ ਇਸ ਹਲਕੇ ਵਿੱਚ ਵੋਟਾਂ ਦੀ ਕੁੱਲ ਗਿਣਤੀ 175823 ਹੈ। ਡੇਰਾ ਬਾਬਾ ਨਾਨਕ ਵਿਧਾਨ ਸਭਾ ਹਲਕੇ ਵਿੱਚ ਕੁੱਲ ਪੋਲਿੰਗ ਸਟੇਸ਼ਨ 241 ਹਨ ਅਤੇ ਇੱਥੇ ਵੋਟਾਂ ਦੀ ਗਿਣਤੀ 196074 ਹੈ।
ਜ਼ਿਲ੍ਹਾ ਚੋਣ ਅਧਿਕਾਰੀ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਮੁੱਖ ਚੋਣ ਅਧਿਕਾਰੀ ਪੰਜਾਬ ਵੱਲੋਂ ‘ਇਸ ਵਾਰ 70 ਪਾਰ’ ਦਾ ਟੀਚਾ ਮਿਥਿਆ ਗਿਆ ਹੈ ਜਿਸ ਨੂੰ ਜ਼ਿਲ੍ਹਾ ਗੁਰਦਾਸਪੁਰ ਵੱਲੋਂ ਪੂਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ 18 ਸਾਲ ਤੋਂ ਵੱਧ ਕਿਸੇ ਵਿਅਕਤੀ ਦੀ ਅਜੇ ਵੀ ਵੋਟ ਨਹੀਂ ਬਣੀ ਤਾਂ ਉਹ ਆਪਣੇ ਬੂਥ ਦੇ ਬੀ.ਐੱਲ.ਓ. ਕੋਲ ਫਾਰਮ ਨੰਬਰ 6 ਭਰ ਕੇ ਆਪਣੀ ਵੋਟ ਬਣਾ ਸਕਦਾ ਹੈ। ਇਸ ਤੋਂ ਇਲਾਵਾ ਜੇਕਰ ਕਿਸੇ ਵੋਟਰ ਦੀ ਮੌਤ ਹੋ ਗਈ ਹੈ ਤਾਂ ਉਸਦਾ ਨਾਮ ਵੀ ਵੋਟਰ ਸੂਚੀ ਵਿੱਚੋਂ ਕਟਵਾਇਆ ਜਾਵੇ। ਉਨ੍ਹਾਂ ਕਿਹਾ ਕਿ ਇਸ ਵਾਰ ਲੋਕ ਸਭਾ ਚੋਣਾਂ ਦੌਰਾਨ ਬਜ਼ੁਰਗ ਅਤੇ ਦਿਵਿਆਂਗ ਵੋਟਰਾਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਵਿੱਚ ਵਿਸ਼ੇਸ਼ ਵੋਟਰ ਜਾਗਰੂਕਤਾ ਅਭਿਆਨ ਵੀ ਚਲਾਇਆ ਜਾ ਰਿਹਾ ਹੈ ਅਤੇ ਲੋਕਾਂ ਨੂੰ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵੋਟਾਂ ਬਣਾਉਣ ਜਾਂ ਇਸ ਸਬੰਧੀ ਕਿਸੇ ਵੀ ਜਾਣਕਾਰੀ ਲਈ ਵੋਟਰ ਹੈਲਪ ਲਾਈਨ 1950 ਉੱਪਰ ਸੰਪਰਕ ਕੀਤਾ ਜਾ ਸਕਦਾ ਹੈ।