ਗੁਰਦਾਸਪੁਰ

ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰੱਕਸ਼ਨ ਵਰਕਰਜ਼ ਵੈੱਲਫੇਅਰ ਬੋਰਡ ਵੱਲੋਂ ਉਸਾਰੀ ਕਿਰਤੀਆਂ ਲਈ ਚਲਾਈਆਂ ਜਾ ਰਹੀਆਂ ਹਨ ਭਲਾਈ ਯੋਜਨਾਵਾਂ – ਡਿਪਟੀ ਕਮਿਸ਼ਨਰ

ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰੱਕਸ਼ਨ ਵਰਕਰਜ਼ ਵੈੱਲਫੇਅਰ ਬੋਰਡ ਵੱਲੋਂ ਉਸਾਰੀ ਕਿਰਤੀਆਂ ਲਈ ਚਲਾਈਆਂ ਜਾ ਰਹੀਆਂ ਹਨ ਭਲਾਈ ਯੋਜਨਾਵਾਂ – ਡਿਪਟੀ ਕਮਿਸ਼ਨਰ
  • PublishedFebruary 19, 2024

ਉਸਾਰੀ ਕਿਰਤੀ ਭਲਾਈ ਯੋਜਨਾਵਾਂ ਦਾ ਲਾਭ ਲੈਣ ਲਈ ਆਪਣਾ ਨਾਮ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰੱਕਸ਼ਨ ਵਰਕਰਜ਼਼ ਵੈੱਲਫੇਅਰ ਬੋਰਡ ਕੋਲ ਰਜਿਸਟਰਡ ਕਰਵਾਉਣ – ਡੀ.ਸੀ.

ਗੁਰਦਾਸਪੁਰ, 19 ਫਰਵਰੀ 2024 (ਦੀ ਪੰਜਾਬ ਵਾਇਰ )। ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰੱਕਸ਼ਨ ਵਰਕਰਜ਼ ਵੈੱਲਫੇਅਰ ਬੋਰਡ ਵੱਲੋਂ ਸੂਬੇ ਦੇ ਉਸਾਰੀ ਕਿਰਤੀਆਂ ਲਈ ਕਈ ਭਲਾਈ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ ਅਤੇ ਉਸਾਰੀ ਕਿਰਤੀ ਇਸ ਬੋਰਡ ਨਾਲ ਰਜਿਸਟਰਡ ਹੋ ਕੇ ਇਨ੍ਹਾਂ ਭਲਾਈ ਯੋਜਨਾਵਾਂ ਦਾ ਲਾਭ ਲੈ ਸਕਦੇ ਹਨ।

ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਜ਼ਿਲ੍ਹਾ ਗੁਰਦਾਸਪੁਰ ਵਿੱਚ 16000 ਉਸਾਰੀ ਕਿਰਤੀਆਂ ਨੇ ਆਪਣੇ ਆਪ ਨੂੰ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰੱਕਸ਼ਨ ਵਰਕਰਜ਼ ਵੈੱਲਫੇਅਰ ਬੋਰਡ ਨਾਲ ਰਜਿਸਟਰਡ ਕਰਵਾਇਆ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਰਾਜ ਮਿਸਤਰੀ, ਇੱਟਾਂ, ਸੀਮਿੰਟ ਪਕੜਾਉਣ ਵਾਲੇ ਮਜ਼ਦੂਰ, ਪਲੰਬਰ, ਤਰਖਾਣ, ਪਾਲਿਸ਼ ਵਾਲੇ, ਫਾਇਰ ਸਿਸਟਮ ਲਗਾਉਣ ਵਾਲੇ, ਸਕਿਉਰਿਟੀ ਗੇਟ ਲਗਾਉਣ ਵਾਲੇ, ਵੈਲਡਰ, ਇਲੈਕਟ੍ਰੀਸ਼ਨ, ਸੀਵਰਮੈਨ, ਮਾਰਬਲ, ਟਾਈਲਾਂ ਲਗਾਉਣ ਵਾਲੇ, ਫਰਸ ਰਗੜਾਈ ਵਾਲੇ, ਪੇਂਟਰ, ਪੀ.ਓ.ਪੀ ਕਰਨ ਵਾਲੇ, ਸੜਕਾਂ ਬਣਾਉਣ ਵਾਲੇ, ਉਸਾਰੀ ਕੰਮ ਨਾਲ ਸਬੰਧਿਤ ਤਕਨੀਕੀ ਤੇ ਕਲੈਰੀਕਲ ਕੰਮ ਆਦਿ ਕਰਨ ਵਾਲੇ, ਕਿਸੇ ਸਰਕਾਰੀ ਅਰਧ-ਸਰਕਾਰੀ ਜਾਂ ਪ੍ਰਾਈਵੇਟ ਅਦਾਰੇ ਵਿਚ ਇਮਾਰਤਾਂ, ਸੜਕਾਂ ਨਹਿਰਾਂ, ਬਿਜਲੀ ਦੇ ਉਤਪਾਦਨ ਵੰਡ, ਸਿੰਚਾਈ, ਪਾਣੀਆਂ ਦੀ ਵੰਡ ਜਾਂ ਨਿਕਾਸੀ, ਟੈਲੀਫ਼ੋਨ, ਤਾਰ, ਰੇਡੀਉ, ਰੇਲ, ਹਵਾਈ ਅੱਡੇ ਆਦਿ ਵਿਖੇ ਉਸਾਰੀ ਮੁਰੰਮਤ, ਰੱਖ ਰਖਾਵ ਜਾਂ ਢਾਹੁਣ ਦੇ ਕੰਮ ਲਈ ਕੁਸ਼ਲ, ਉਸਾਰੀ ਕੰਮਾਂ ਵਿੱਚ ਸਫ਼ਾਈ ਕਰਨ ਵਾਲੇ ਕਾਮੇ, ਅਰਧ-ਕੁਸ਼ਲ ਕਾਰੀਗਰ ਜਾਂ ਸੁਪਰਵਾਈਜ਼ਰ ਦੇ ਤੋਰ ਤੇ ਤਨਖ਼ਾਹ ਜਾਂ ਮਿਹਨਤਾਨਾ ਲੈ ਕੇ ਕੰਮ ਕਰਦੇ ਉਸਾਰੀ ਕਿਰਤੀਆਂ ਤੋਂ ਇਲਾਵਾ ਭੱਠਿਆਂ ਤੇ ਪਥੇਰ, ਕੱਚੀ ਇੱਟ ਦੀ ਭਰਾਈ ਵਾਲੇ, ਕੱਚੀ ਇੱਟ ਦੀ ਢੁਆਈ ਵਾਲੇ, ਟੈਂਟ ਲਗਾਉਣ ਵਾਲੇ ਹੋਰਡਿੰਗ, ਬੈਨਰ ਬਣਾਉਣ ਵਾਲੇ, ਪੱਥਰਾਂ ਨੂੰ ਹੱਥ-ਹਥੌੜੇ ਨਾਲ ਤੋੜਨ ਵਾਲੇ, ਸੀਮੈਂਟ ਦੀਆਂ ਇੱਟਾਂ ਬਣਾਉਣ ਵਾਲੇ, ਸ਼ੀਸ਼ੇ ਲਗਾਉਣ ਵਾਲੇ ਉਸਾਰੀ ਮਜ਼ਦੂਰ ਆਪਣੇ ਆਪ ਨੂੰ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰੱਕਸ਼ਨ ਵਰਕਰਜ਼ ਵੈੱਲਫੇਅਰ ਬੋਰਡ ਨਾਲ ਰਜਿਸਟਰਡ ਕਰਵਾ ਹਨ।

ਉਨ੍ਹਾਂ ਦੱਸਿਆ ਕਿ ਰਜਿਸਟਰਡ ਹੋਣ ਸਮੇਂ ਉਸਾਰੀ ਕਿਰਤੀ ਦੀ ਉਮਰ 18 ਤੋਂ 60 ਸਾਲ ਵਿਚਕਾਰ ਹੋਣੀ ਚਾਹੀਦੀ ਹੈ ਅਤੇ ਉਸਨੇ ਪਿਛਲੇ 12 ਮਹੀਨਿਆਂ ਦੌਰਾਨ ਪੰਜਾਬ ਵਿਚ 90 ਦਿਨ ਬਤੌਰ ਉਸਾਰੀ ਕਿਰਤੀ ਕੰਮ ਕੀਤਾ ਹੋਵੇ। ਉਨ੍ਹਾਂ ਕਿਹਾ ਕਿ ਬੋਰਡ ਦਾ ਮੈਂਬਰ ਬਣਨਾ ਬਹੁਤ ਅਸਾਨ ਹੈ। ਇਸ ਲਈ ਸਲਾਨਾ 145 ਰੁਪਏ ਅੰਸਦਾਨ ਨਾਲ ਅਰਜ਼ੀ ਕਿਰਤ ਵਿਭਾਗ ਦੇ ਦਫ਼ਤਰ ਵਿਚ ਆਨ ਲਾਈਨ ਜਮਾਂ ਕਰਵਾਉਣੀ ਪਵੇਗੀ ਅਤੇ ਮੈਂਬਰਸ਼ਿਪ ਚਲਦੇ ਰੱਖਣ ਲਈ ਹਰ ਸਾਲ 145 ਰੁਪਏ ਅੰਸਦਾਨ ਜਮ੍ਹਾ ਕਰਵਾਉਣਾ ਹੋਵੇਗਾ।

ਉਨ੍ਹਾਂ ਦੱਸਿਆ ਕਿ ਨਾਮ ਰਜਿਸਟਰਡ ਕਰਾਉਣ ਮੌਕੇ ਉਸਾਰੀ ਕਿਰਤੀ ਵੱਲੋਂਂ ਆਧਾਰ ਕਾਰਡ ਦੀ ਫ਼ੋਟੋ ਕਾਪੀ, ਉਮਰ ਸਬੰਧੀ ਸਬੂਤ, ਬੈਂਕ ਖਾਤੇ ਦੀ ਫ਼ੋਟੋ ਕਾਪੀ, ਫੈਮਲੀ ਫ਼ੋਟੋ, ਸਰਪੰਚ, ਐਮ.ਸੀ. ਵੱਲੋਂ ਅਟੈਸਟਡ ਕੀਤਾ ਹੋਇਆ ਫਾਰਮ, ਪਰਿਵਾਰ ਦਾ ਵੇਰਵਾ – ਨਾਮ, ਉਮਰ, ਰਿਸ਼ਤਾ, ਵਿੱਦਿਅਕ ਯੋਗਤਾ ਸਮੇਤ ਆਧਾਰ ਕਾਰਡ ਜਮਾਂ ਕਰਵਾਉਣੇ ਲਾਜ਼ਮੀ ਹਨ।

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਬੋਰਡ ਵੱਲੋਂ ਲਾਭਪਾਤਰੀਆਂ ਲਈ ਵੱਖ-ਵੱਖ ਸਕੀਮਾਂ ਚਲਾਈਆਂ ਜਾ ਰਹੀਆਂ ਹਨ ਜਿਨ੍ਹਾਂ ਵਿੱਚ ਪੰਜੀਕ੍ਰਿਤ ਲਾਭਪਾਤਰੀ ਦੀ ਦੁਰਘਟਨਾ ਹੋਣ ਦੀ ਸੂਰਤ ਵਿਚ ਐਕਸਗ੍ਰੇਸੀਆ ਸਕੀਮਾਂ ਅਧੀਨ 4 ਲੱਖ ਰੁਪਏ ਅਤੇ ਕੁਦਰਤੀ ਮੌਤ ਹੋਣ ‘ਤੇ 2.00 ਲੱਖ ਰੁਪਏ ਦੀ ਮਾਲੀ ਸਹਾਇਤਾ ਦਿੱਤੀ ਜਾਂਦੀ ਹੈ। ਲਾਭਪਾਤਰੀ ਦੀ ਅੰਸ਼ਿਕ-ਅਪੰਗਤਾ ਦੀ ਸੂਰਤ ਵਿਚ ਹਰੇਕ ਇਕ ਫ਼ੀਸਦੀ ਅਪੰਗਤਾ ਲਈ 4 ਹਜ਼ਾਰ ਰੁਪਏ ਜੋ ਕਿ ਵੱਧ ਤੋਂ ਵੱਧ 4 ਲੱਖ ਰੁਪਏ ਤੱਕ ਦਾ ਮੁਆਵਜ਼ਾ ਦਿੱਤਾ ਜਾਂਦਾ ਹੈ। ਬੋਰਡ ਦੇ ਪੰਜੀਕ੍ਰਿਤ ਉਸਾਰੀ ਕਿਰਤੀਆਂ ਦੇ ਬੱਚਿਆਂ ਲਈ ਪਹਿਲੀ ਕਲਾਸ ਤੋ ਉੱਚ ਸਿੱਖਿਆ ਤੱਕ ਵਜ਼ੀਫ਼ਾ/ ਵਰਦੀ ਅਤੇ ਸਟੇਸ਼ਨਰੀ ਭੱਤਾ 3,000 ਤੋਂ 70,000 ਹਜ਼ਾਰ ਰੁਪਏ ਤੱਕ ਦਿੱਤਾ ਜਾਂਦਾ ਹੈ। ਪੰਜੀਕ੍ਰਿਤ ਉਸਾਰੀ ਕਿਰਤੀ ਦੀ ਲੜਕੀ ਦੀ ਸਾਦੀ ਦੀ ਲਈ ਸਗਨ ਸਕੀਮ ਅਧੀਨ 51,000 ਰੁਪਏ, ਪੰਜੀਕ੍ਰਿਤ ਉਸਾਰੀ ਕਿਰਤੀਆਂ ਨੂੰ ਛੁੱਟੀ ਦੌਰਾਨ ਯਾਤਰਾ (ਐਲ.ਟੀ.ਸੀ) ਲਈ ਹਰ ਦੋ ਸਾਲ ਉਪਰੰਤ 2000 ਰੁਪਏ ਦੀ ਰਕਮ ਦਿੱਤੀ ਜਾਂਦੀ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਲਾਭਪਾਤਰੀ ਉਸਾਰੀ ਕਿਰਤੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਮੈਂਬਰਾਂ ਨੂੰ ਐਨਕ ਲਈ (ਨਜ਼ਰ ਦੇ ਚਸ਼ਮੇ) 800 ਰੁਪਏ ਦੰਦਾਂ ਵਾਸਤੇ 5000 ਰੁਪਏ ਅਤੇ ਸੁਣਨ ਯੰਤਰ ਲਗਵਾਉਣ ਵਾਸਤੇ 6000 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਰੱਬ ਨਾ ਕਰੇ ਜੇਕਰ ਕਿਸੇ ਉਸਾਰੀ ਕਿਰਤੀ ਦੀ ਮੌਤ ਹੋ ਜਾਂਦੀ ਹੈ ਤਾਂ ਪੰਜਾਬ ਰਾਜ ਵਿਚ ਉਸ ਦੇ ਦਾਹ ਸੰਸਕਾਰ ਅਤੇ ਅੰਤਿਮ ਕਰਿਆ-ਕ੍ਰਮ ਦੇ ਖ਼ਰਚੇ ਲਈ 20,000 ਰੁਪਏ ਦੀ ਵਿੱਤੀ ਸਹਾਇਤਾ ਪਰਿਵਾਰ ਨੂੰ ਦਿੱਤੀ ਜਾਂਦੀ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਪੰਜੀਕ੍ਰਿਤ ਕਿਰਤੀ ਦੀ 60 ਸਾਲ ਦੀ ਉਮਰ ਪੂਰੀ ਹੋਣ ਉਪਰੰਤ ਅਤੇ ਘੱਟੋ-ਘੱਟ 10 ਸਾਲ ਬੋਰਡ ਦੀ ਮੈਂਬਰਸ਼ਿਪ ਪੂਰੀ ਹੋਣ ‘ਤੇ ਘੱਟੋ-ਘੱਟ 12,000 ਰੁਪਏ ਦੀ ਸਲਾਨਾ ਪੈਨਸ਼ਨ ਲੱਗਦੀ ਹੈ ਅਤੇ ਹਰ ਇਕ ਸਾਲ ਦੀ ਮੈਂਬਰਸ਼ਿਪ ਦਾ ਵਾਧਾ ਹੋਣ ਤੇ ਇੱਕ-ਇੱਕ ਹਜ਼ਾਰ ਰੁਪਏ ਵਧਾਉਂਦੇ ਹੋਏ 20 ਸਾਲ ਦੀ ਮੈਂਬਰਸ਼ਿਪ ਉਪਰੰਤ ਵੱਧ ਤੋਂ ਵੱਧ 25,000 ਰੁਪਏ ਪ੍ਰਤੀ ਸਾਲ ਪੈਨਸ਼ਨ ਦਿੱਤੀ ਜਾਂਦੀ ਹੈ। ਪੰਜੀਕ੍ਰਿਤ ਲਾਭਪਾਤਰੀ ਆਪਣੇ ਪਹਿਲੇ ਦੋ ਬੱਚਿਆਂ ਦੇ ਜਨਮ ਸਮੇਂ ਪ੍ਰਸੂਤਾ ਸਕੀਮ ਅਧੀਨ 5,000 ਰੁਪਏ ਦੀ ਵਿੱਤੀ ਸਹਾਇਤਾ ਪ੍ਰਤੀ ਬੱਚਾ ਲੈ ਸਕਦੇ ਹਨ। ਪੰਜੀਕ੍ਰਿਤ ਉਸਾਰੀ ਕਿਰਤੀਆਂ ਨੂੰ ਟੂਲਜ਼ (ਔਜ਼ਾਰ) ਖ਼ਰੀਦਣ ਲਈ 3000 ਰੁਪਏ ਤੱਕ ਦੀ ਵਿੱਤੀ ਸਹਾਇਤਾ ਵੀ ਦਿੱਤੀ ਜਾਂਦੀ ਹੈ। ਪੰਜੀਕ੍ਰਿਤ ਉਸਾਰੀ ਕਿਰਤੀਆਂ ਦੇ ਮਾਨਸਿਕ ਰੋਗਾਂ ਜਾਂ ਅਪੰਗਤਾ ਨਾਲ ਗ੍ਰਸਤ ਬੱਚਿਆਂ ਦੀ ਸੰਭਾਲ ਵਾਸਤੇ 20,000 ਰੁਪਏ ਸਾਲਾਨਾ ਵਿੱਤੀ ਸਹਾਇਤਾ ਅਤੇ ਪੰਜੀਕ੍ਰਿਤ ਉਸਾਰੀ ਕਿਰਤੀ ਦੇ ਘਰ ਲੜਕੀ ਦੇ ਜਨਮ ‘ਤੇ 51,000 ਰੁਪਏ ਦੀ ਰਾਸ਼ੀ ਲੜਕੀ ਦੇ ਨਾਮ ਤੇ ਬੈਂਕ ਵਿਚ ਬਤੌਰ ਐਫ.ਡੀ.ਆਰ. ਸਕੀਮ ਤਹਿਤ ਜਮਾਂ ਕਰਵਾਈ ਜਾਂਦੀ ਹੈ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਸਾਰੀ ਕਿਰਤੀ ਇਨ੍ਹਾਂ ਭਲਾਈ ਸਕੀਮਾਂ ਦਾ ਲਾਭ ਅਤੇ ਵਧੇਰੇ ਜਾਣਕਾਰੀ ਲਈ ਆਪਣੇ ਨੇੜਲੇ ਸਹਾਇਕ ਕਿਰਤ ਕਮਿਸ਼ਨਰ, ਕਿਰਤ ਤੇ ਸੁਲਾਹ ਅਫ਼ਸਰ ਜਾਂ ਕਿਰਤ ਇੰਸਪੈਕਟਰ, ਲੇਬਰ ਇਨਫੋਰਸਮੈਂਟ ਅਫ਼ਸਰ ਨਾਲ ਸੰਪਰਕ ਕਰ ਸਕਦੇ ਹਨ।

Written By
The Punjab Wire