ਭਾਰਤ ਬੰਦ ਨੂੰ ਸਫਲ ਬਣਾਉਣ ਲਈ ਸੰਯੁਕਤ ਕਿਸਾਨ ਮੋਰਚੇ ਅਤੇ ਜਨਤਕ ਜਥੇਬੰਦੀਆਂ ਵੱਲੋਂ ਸਮੁੱਚੇ ਦੁਕਾਨਦਾਰਾਂ ਦਾ ਕੀਤਾ ਧੰਨਵਾਦ।
ਗੁਰਦਾਸਪੁਰ 17 ਫਰਵਰੀ 2024 (ਦੀ ਪੰਜਾਬ ਵਾਇਰ)। ਗੁਰਦਾਸਪੁਰ ਜ਼ਿਲ੍ਹੇ ਵਿੱਚ ਇਤਿਹਾਸਕ ਭਾਰਤ ਬੰਦ ਨੂੰ ਸਫ਼ਲ ਬਣਾਉਣ ਲਈ ਸ਼ਹਿਰ ਦੇ ਦੁਕਾਨਦਾਰਾਂ ਦਾ ਧੰਨਵਾਦ ਕਰਦਿਆਂ ਸੰਯੁਕਤ ਕਿਸਾਨ ਮੋਰਚੇ ਅਤੇ ਜਨਤਕ ਜਥੇਬੰਦੀਆਂ ਦੇ ਆਗੂਆਂ ਨੇ ਲਾਮਿਸਾਲ ਯੋਗਦਾਨ ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਹੈ। ਬੱਬਰੀ ਬਾਈ ਪਾਸ ਤੇ ਨੈਸ਼ਨਲ ਹਾਈਵੇ ਨੂੰ ਜਾਮ ਕਰਨ ਸਮੇਂ ਸਵੇਰੇ 11 ਵਜੇ ਤੋਂ 4 ਵਜੇ ਤੱਕ ਸੈਂਕੜੇ ਲੋਕਾਂ ਨੇ ਕਾਫ਼ਲਿਆਂ ਦੇ ਰੂਪ ਵਿੱਚ ਕੇਂਦਰ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ।
ਭਾਰਤ ਬੰਦ ਸਮੇਂ ਗੁਰਦਾਸਪੁਰ, ਦੀਨਾਨਗਰ, ਕਾਹਨੂੰਵਾਨ, ਕਲਾਨੌਰ, ਬਹਿਰਾਮਪੁਰ, ਦੁਰਾਂਗਲਾ ਅਤੇ ਹੋਰ ਇਲਾਕਿਆਂ ਵਿੱਚ ਪੂਰਨ ਬੰਦ ਰਹਿਣ ਦੇ ਸਮਾਚਾਰ ਪ੍ਰਾਪਤ ਹੋਏ ਹਨ। ਜਾਣਕਾਰੀ ਅਨੁਸਾਰ ਗੁਰਦਾਸਪੁਰ ਦੇ ਟੈਕਸੀ ਡਰਾਈਵਰ, ਬੱਸਾਂ ਦੇ ਡਰਾਈਵਰਾਂ ਵੱਲੋਂ ਭਾਰਤ ਸਰਕਾਰ ਵੱਲੋਂ ਪਾਸ ਕੀਤੇ ਹਿਟ ਐਂਡ ਰਨ ਕਾਨੂੰਨ ਖ਼ਿਲਾਫ਼ ਸੰਪੂਰਨ ਬੰਦ ਲਈ ਬਣਦਾ ਯੋਗਦਾਨ ਪਾਇਆ। ਸੰਯੁਕਤ ਕਿਸਾਨ ਮੋਰਚੇ ਅਤੇ ਟਰੇਡ ਯੂਨੀਅਨਾਂ ਦੇ ਸੱਦੇ ਤੇ ਗੁਰਦਾਸਪੁਰ, ਕਲਾਨੌਰ, ਡੇਰਾ ਬਾਬਾ ਨਾਨਕ, ਫਤਿਹ ਗੜ੍ਹ ਚੂੜੀਆਂ, ਬਟਾਲਾ, ਸ੍ਰੀ ਹਰ ਗੋਬਿੰਦ ਪੁਰ ਵਿਖੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਸ਼ਮੂਲੀਅਤ ਕੀਤੀ। 16 ਫਰਵਰੀ ਦੇ ਬੰਦ ਨੂੰ ਸਫਲ ਬਣਾਉਣ ਲਈ ਜਿਥੇ ਸ਼ਹਿਰ ਦੇ ਦੁਕਾਨਦਾਰਾਂ ਨੇ ਡੱਟਕੇ ਸਹਿਯੋਗ ਦਿੱਤਾ ਉਥੇ ਆੜਤੀਆਂ, ਵਪਾਰ ਮੰਡਲ, ਰੇੜੀਆਂ, ਫੜੀਆਂ ਅਤੇ ਕਾਰਖ਼ਾਨਿਆਂ ਨੂੰ ਬੰਦ ਰੱਖਿਆ ਗਿਆ।
ਇਸ ਵਾਰ ਵੱਖ ਵੱਖ ਥਾਵਾਂ ਤੇ ਲੱਗੇ ਜਾਮ ਵਿਚ ਆਂਗਣਵਾੜੀ ਵਰਕਰਾਂ, ਆਸਾ ਵਰਕਰਾਂ, ਮਿਡ ਡੇ ਮੀਲ ਕੁੱਕ ਬੀਬੀਆਂ, ਅਤੇ ਪੇਂਡੂ ਮਜ਼ਦੂਰ ਜਮਾਤ ਦੀਆਂ ਔਰਤਾਂ ਵਲੋਂ ਭਰਵੀਂ ਸ਼ਮੂਲੀਅਤ ਕੀਤੀ ਅਤੇ ਬਤੌਰ ਬੁਲਾਰਿਆਂ ਵਜੋਂ ਸ਼ਿਰਕਤ ਕਰਕੇ ਸਰਕਾਰ ਦੀਆਂ ਔਰਤ ਵਿਰੋਧੀ ਨੀਤੀਆਂ ਦਾ ਪਰਦਾਫਾਸ਼ ਕੀਤਾ। ਬੰਦ ਦੌਰਾਨ ਪ੍ਰਬੰਧਕ ਅਤੇ ਪੁਲਿਸ ਪ੍ਰਸ਼ਾਸਨ ਵਲੋਂ ਅਣ ਸੁਖਾਵੀਂ ਘਟਨਾ ਨਾ ਵਾਪਰੇ ਇਸ ਲਈ ਨੌਜਵਾਨ ਵਲੰਟੀਅਰ ਵਲੋਂ ਆਵਾਜਾਈ ਦੌਰਾਨ ਐਂਬੂਲੈਂਸ ਸੇਵਾ, ਮਿਲਟਰੀ ਗੱਡੀਆਂ ਅਤੇ ਹੋਰ ਜ਼ਰੂਰੀ ਕਾਰਜਾਂ ਲਈ ਸਫ਼ਰ ਕਰਨ ਵਾਲਿਆਂ ਨੂੰ ਪੂਰਾ ਸਹਿਯੋਗ ਦਿੱਤਾ ਗਿਆ। ਧੰਨਵਾਦ ਕਰਨ ਵਾਲਿਆਂ ਵਿੱਚ ਮੱਖਣ ਕੁਹਾੜ, ਸਤਿਬੀਰ ਸਿੰਘ ਸੁਲਤਾਨੀ, ਸੁਖਦੇਵ ਸਿੰਘ ਭਾਗੋਕਾਵਾਂ, ਧਿਆਨ ਸਿੰਘ ਠਾਕੁਰ, ਜੋਗਿੰਦਰ ਪਾਲ ਪਨਿਆੜ, ਅਮਰਜੀਤ ਸਾਸਤਰੀਵਿਜੇ ਸੋਹਲ, ਬਲਵਿੰਦਰ ਕੌਰ , ਅਸ਼ਵਨੀ ਕੁਮਾਰ, ਰੂਪ ਸਿੰਘ ਪੱਡਾ, ਮੇਜ਼ਰ ਸਿੰਘ ਰੋੜਾਂਵਾਲੀ, ਗੁਰਵਿੰਦਰ ਸਿੰਘ ਜਿਉਣਚੱਕ, ਸੰਜੀਵ ਮਿੰਟੂ, ਸੁਖਦੇਵ ਬਹਿਰਾਮਪੁਰ, ਬਲਵੀਰ ਸਿੰਘ ਬੈਂਸ, ਕੁਲਦੀਪ ਸਿੰਘ ਪੁਰੇਵਾਲ, ਹਰਿੰਦਰ ਸਿੰਘ ਰਾਮਨਗਰ ਅਜੀਤ ਸਿੰਘ ਹੁੰਦਲ ਹਾਜ਼ਰ ਸਨ।