ਗੁਰਦਾਸਪੁਰ, 10 ਫਰਵਰੀ 2024 (ਦੀ ਪੰਜਾਬ ਵਾਇਰ)। ਭਾਰਤ-ਪਾਕਿਸਤਾਨ ਸਰਹੱਦ ‘ਤੇ ਬੀਐਸਐਫ ਦੇ ਜਵਾਨਾਂ ਵੱਲੋਂ ਗੋਲੀਬਾਰੀ ਕਰਕੇ ਇਕ ਹੋਰ ਚੀਨੀ ਡਰੋਨ ਨੂੰ ਡੇਗ ਦਿੱਤਾ ਗਿਆ। ਬੀ.ਓ.ਪੀ ਚੰਦੂਵਡਾਲਾ ਪੋਸਟ ਪਿੰਡ ਰੌਸੇ ਵਿਖੇ ਬੀਐਸਐਫ ਵੱਲੋਂ ਦੇਰ ਰਾਤ ਇਹ ਗਤੀਵਿਧੀ ਨੂੰ ਅੰਜਾਮ ਦਿੱਤਾ ਗਿਆ। ਇਸ ਚੀਨੀ ਡਰੋਨ ਨੂੰ ਸੈਨਿਕਾਂ ਵੱਲੋਂ ਚਾਰ ਰਾਉਂਡ ਫਾਇਰ ਕਰਕੇ ਹੇਠਾਂ ਲਿਆਂਦਾ ਗਿਆ।
ਸੀਮਾ ਸੁਰੱਖਿਆ ਬਲ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ 09 ਫਰਵਰੀ 2024 ਦੀ ਦੇਰ ਰਾਤ ਡਿਊਟੀ ‘ਤੇ ਤਾਇਨਾਤ ਬੀਐਸਐਫ ਦੇ ਜਵਾਨਾਂ ਨੇ ਪਿੰਡ ਰੌਸੇ ਨੇੜੇ ਸਰਹੱਦ ‘ਤੇ ਇੱਕ ਸ਼ੱਕੀ ਡਰੋਨ ਦੀ ਗਤੀਵਿਧੀ ਦਰਜ ਕੀਤੀ। ਇਸ ਨੂੰ ਰੋਕਣ ਲਈ ਸੈਨਿਕਾਂ ਨੇ ਡਰੋਨ ‘ਤੇ ਗੋਲੀਬਾਰੀ ਕੀਤੀ। ਜਿਸ ਕਾਰਨ ਖਰਾਬ ਹੋਇਆ ਡਰੋਨ ਕੰਟਰੋਲ ਗੁਆ ਬੈਠਾ ਅਤੇ ਇੱਕ ਖੇਤ ਵਿੱਚ ਡਿੱਗ ਗਿਆ। ਬੀਐਸਐਫ ਦੇ ਜਵਾਨਾਂ ਦੁਆਰਾ ਸੰਭਾਵਿਤ ਡਰਾਪ ਖੇਤਰ ਨੂੰ ਤੁਰੰਤ ਘੇਰ ਲਿਆ ਗਿਆ ਅਤੇ ਇੱਕ ਵਿਸ਼ਾਲ ਖੋਜ ਮੁਹਿੰਮ ਚਲਾਈ ਗਈ। ਜਿਸ ਵਿੱਚ BSF ਦੇ ਜਵਾਨਾਂ ਨੇ ਇੱਕ ਕਵਾਡਕਾਪਟਰ (ਮਾਡਲ – DJI Mavic 3 Classic, Made in China) ਨੂੰ ਅੰਸ਼ਕ ਤੌਰ ‘ਤੇ ਟੁੱਟੀ ਹਾਲਤ ਵਿੱਚ ਬਰਾਮਦ ਕੀਤਾ।