ਸਕੂਲ ਸਿੱਖਿਆ ਵਿਭਾਗ ਨੇ ਗੁਰਦਾਸਪੁਰ ਵਿਖੇ ਕਰਵਾਇਆ ਰਾਣੀ ਲਕਸ਼ਮੀ ਬਾਈ ਆਤਮ ਰਕਸ਼ਾ ਪ੍ਰਸ਼ਿਕਸ਼ਨ ਕਰਾਟੇ ਦਾ ਜ਼ਿਲ੍ਹਾ ਪੱਧਰੀ ਟੂਰਨਾਮੈਂਟ
ਜ਼ਿਲ੍ਹੇ ਦੇ 18 ਸਿੱਖਿਆ ਬਲਾਕਾਂ ਦੀਆਂ ਟੀਮਾਂ ਨੇ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਵਿੱਚ ਭਾਗ ਲਿਆ
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਜੇਤੂ ਖਿਡਾਰਨਾਂ ਨੂੰ ਇਨਾਮਾਂ ਦੀ ਵੰਡ ਕੀਤੀ
ਗੁਰਦਾਸਪੁਰ, 8 ਫਰਵਰੀ 2024 ( ਦੀ ਪੰਜਾਬ ਵਾਇਰ )। ਸਕੂਲ ਸਿੱਖਿਆ ਵਿਭਾਗ ਵੱਲੋਂ ਅੱਜ ਸਰਕਾਰੀ ਕੰਨਿਆ ਸੀਨੀਅਰ ਸਕੈਂਡਰੀ ਸਕੂਲ ਗੁਰਦਾਸਪੁਰ ਵਿਖੇ ਰਾਣੀ ਲਕਸ਼ਮੀ ਬਾਈ ਆਤਮ ਰਕਸ਼ਾ ਪ੍ਰਸ਼ਿਕਸ਼ਨ ਕਰਾਟੇ ਦਾ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿੱਚ ਜ਼ਿਲ੍ਹੇ ਦੇ 18 ਸਿੱਖਿਆ ਬਲਾਕਾਂ ਵਿਚੋਂ 8 ਵੇਟ ਕੈਟਾਗਰੀਆਂ ਦੇ ਦੋ ਗਰੁੱਪ 6ਵੀਂ ਤੋਂ 8ਵੀਂ ਤੱਕ ਅਤੇ 9ਵੀਂ ਤੋਂ 12ਵੀਂ ਤੱਕ ਦੀਆਂ ਵਿਦਿਆਰਥਣਾਂ ਨੇ ਭਾਗ ਲਿਆ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਇਸ ਟੂਰਨਾਮੈਂਟ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਕੇ ਖਿਡਾਰਨਾਂ ਦੀ ਹੌਂਸਲਾ ਅਫ਼ਜਾਈ ਕੀਤੀ ਗਈ।
6ਵੀਂ ਤੋਂ 8ਵੀਂ ਤੱਕ ਹੋਏ ਵੱਖ-ਵੱਖ ਭਾਰ ਵਰਗ ਦੇ ਮੁਕਾਬਲਿਆਂ ਵਿੱਚ ਸਿਮਰਨਜੀਤ ਕੌਰ, ਮਨਪ੍ਰੀਤ ਕੌਰ, ਗਲੋਰੀ ਅਤੇ ਅਲੀਸ਼ਾ ਨੇ ਆਪੋ-ਆਪਣੇ ਵਰਗ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਜਦਕਿ 9ਵੀਂ ਤੋਂ 12ਵੀਂ ਕਲਾਸ ਤੱਕ ਦੇ ਮੁਕਾਬਲਿਆਂ ਵਿੱਚ ਅਮਨਦੀਪ ਕੌਰ, ਅਨਵਨਸ਼ਿਕਾ, ਅੰਜਲੀ ਅਤੇ ਪ੍ਰਭਲਾਇਨ ਕੌਰ ਨੇ ਆਪੋ-ਆਪਣੇ ਵਰਗ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਜੇਤੂ ਖਿਡਾਰਨਾਂ ਨੂੰ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਨਗਦ ਇਨਾਮ ਰਾਸ਼ੀ ਅਤੇ ਟਰਾਫੀਆਂ ਨਾਲ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਖਿਡਾਰਨਾਂ ਦੀ ਹੌਂਸਲਾ ਅਫ਼ਜਾਈ ਕਰਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਵਿਦਿਆਰਥੀ ਜੀਵਨ ਵਿੱਚ ਪੜ੍ਹਾਈ ਦੇ ਨਾਲ ਖੇਡਾਂ ਅਤੇ ਕਲਾ ਦੇ ਹੋਰ ਖੇਤਰਾਂ ਵਿੱਚ ਵੀ ਵਿਦਿਆਰਥੀਆਂ ਨੂੰ ਵੱਧ-ਚੜ ਕੇ ਭਾਗ ਲੈਣਾ ਚਾਹੀਦਾ ਹੈ ਜੋ ਉਨ੍ਹਾਂ ਦੇ ਸਰਬਪੱਖੀ ਵਿਕਾਸ ਵਿੱਚ ਸਹਾਈ ਹੁੰਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਹੁਨਰ ਸਾਰੀ ਉਮਰ ਉਨ੍ਹਾਂ ਦੇ ਨਾਲ ਰਹਿਣਗੇ ਅਤੇ ਉਨ੍ਹਾਂ ਨੂੰ ਜ਼ਿੰਦਗੀ ਵਿੱਚ ਅੱਗੇ ਵੱਧਣ ਦੇ ਮੌਕੇ ਵੀ ਦੇਣਗੇ।
ਸਿੱਖਿਆ ਵਿਭਾਗ ਵੱਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਬਹੁਤ ਖੁਸ਼ੀ ਦੀ ਗੱਲ ਹੈ ਕਿ ਸਾਡੇ ਜ਼ਿਲ੍ਹੇ ਵਿੱਚ ਲੜਕੀਆਂ ਨੂੰ ਅੱਗੇ ਵੱਧਣ ਲਈ ਵੱਧ ਤੋਂ ਵੱਧ ਮੌਕੇ ਦਿੱਤੇ ਜਾ ਰਹੇ ਹਨ। ਇਸ ਮੌਕੇ ਉਨ੍ਹਾਂ ਟੂਰਨਾਮੈਂਟ ਕਮੇਟੀ ਦੇ ਸਮੂਹ ਮੈਂਬਰਾਂ ਨੂੰ ਇਸ ਕਾਮਯਾਬ ਟੂਰਨਾਮੈਂਟ ਲਈ ਮੁਬਾਰਕਬਾਦ ਦਿੱਤੀ।
ਇਸ ਮੌਕੇ ਜ਼ਿਲ੍ਹਾ ਸਪੋਰਟਸ ਕੋ-ਆਰਡੀਨੇਟਰ ਮੈਡਮ ਅਨੀਤਾ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਜ਼ਿਲ੍ਹੇ ਦੇ 18 ਸਿੱਖਿਆ ਬਲਾਕਾਂ ਵਿੱਚ ਇਹ ਕਰਾਟੇ ਟੂਰਨਾਮੈਂਟ ਕਰਵਾਏ ਗਏ ਸਨ ਅਤੇ ਉਨ੍ਹਾਂ ਦੀਆਂ ਜੇਤੂ ਖਿਡਾਰਨਾਂ ਨੇ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਵਿੱਚ ਅੱਜ ਹਿੱਸਾ ਲਿਆ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਅਤੇ ਵਿਦਿਆਰਥਣਾਂ ਨੂੰ ਖੇਡਾਂ ਨਾਲ ਜੋੜਨ ਦੇ ਯਤਨ ਜਾਰੀ ਰਹਿਣਗੇ।
ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਸ. ਜਗਵਿੰਦਰ ਸਿੰਘ, ਜ਼ਿਲ੍ਹਾ ਸਪੋਰਟਸ ਕੋ-ਆਰਡੀਨੇਟਰ ਮੈਡਮ ਅਨੀਤਾ, ਜ਼ਿਲ੍ਹਾ ਟੂਰਨਾਮੈਂਟ ਕਮੇਟੀ ਦੇ ਪ੍ਰਧਾਨ ਅਮਨ ਕੁਮਾਰ ਪ੍ਰਿੰਸੀਪਲ ਪਨਿਆੜ, ਡਿਪਟੀ ਡੀ.ਈ.ਓ. ਲਖਵਿੰਦਰ ਸਿੰਘ, ਪ੍ਰਿੰਸੀਪਲ ਕੰਨਿਆ ਸਕੂਲ ਸ੍ਰੀ ਰਾਜੀਵ ਮਹਾਜਨ, ਸਟੇਜ ਸਕੱਤਰ ਮੈਡਮ ਕਰਮਜੀਤ ਕੌਰ ਤੋਂ ਇਲਾਵਾ ਸਿੱਖਿਆ ਵਿਭਾਗ ਦੇ ਹੋਰ ਅਧਿਕਾਰੀ ਅਤੇ ਅਧਿਆਪਕ ਸਾਹਿਬਾਨ ਹਾਜ਼ਰ ਸਨ।