ਗੁਰਦਾਸਪੁਰ

ਦੀਨਾਨਗਰ ਵਿਖੇ ਹੋਇਆ ਯੁਵਕ ਮੇਲਾ ਅਮਿੱਟ ਯਾਦਾਂ ਛੱਡਦਾ ਹੋਇਆ ਸ਼ਾਨੋ-ਸ਼ੌਕਤ ਨਾਲ ਸਮਾਪਤ

ਦੀਨਾਨਗਰ ਵਿਖੇ ਹੋਇਆ ਯੁਵਕ ਮੇਲਾ ਅਮਿੱਟ ਯਾਦਾਂ ਛੱਡਦਾ ਹੋਇਆ ਸ਼ਾਨੋ-ਸ਼ੌਕਤ ਨਾਲ ਸਮਾਪਤ
  • PublishedFebruary 8, 2024

ਯੁਵਕ ਮੇਲੇ ਦੌਰਾਨ ਨੌਜਵਾਨ ਲੜਕੇ-ਲੜਕੀਆਂ ਦੇ ਵੱਖ-ਵੱਖ ਮੁਕਾਬਲੇ ਕਰਵਾਏ ਗਏ

ਯੁਵਕ ਮੇਲੇ ਵਿੱਚ ਓਵਰ-ਆਲ ਟਾਰਫੀ ਸ਼ਾਂਤੀ ਦੇਵੀ ਆਰੀਆ ਮਹਿਲਾ ਕਾਲਜ, ਦੀਨਾਨਗਰ ਨੇ ਜਿੱਤੀ

ਵਧੀਕ ਡਿਪਟੀ ਕਮਿਸ਼ਨ ਸੁਭਾਸ਼ ਚੰਦਰ ਵੱਲੋਂ ਜੇਤੂ ਨੂੰ ਇਨਾਮਾਂ ਦੀ ਵੰਡ

ਦੀਨਾਨਗਰ/ਗੁਰਦਾਸਪੁਰ, 8 ਫਰਵਰੀ 2024 (ਦੀ ਪੰਜਾਬ ਵਾਇਰ )। ਪੰਜਾਬ ਸਰਕਾਰ ਦੀ ਰਹਿਨੁਮਾਈ ਹੇਠ ਯੁਵਕ ਸੇਵਾਵਾਂ ਵਿਭਾਗ ਵੱਲੋਂ ਸ਼ਾਂਤੀ ਦੇਵੀ ਆਰੀਆ ਮਹਿਲਾ ਕਾਲਜ, ਦੀਨਾਨਗਰ ਵਿਖੇ ਕਰਵਾਇਆ ਗਿਆ ਦੋ ਰੋਜ਼ਾ ਜ਼ਿਲ੍ਹਾ ਪੱਧਰੀ ਯੁਵਕ ਮੇਲਾ ਬੀਤੀ ਸ਼ਾਮ ਆਪਣੀਆਂ ਅਮਿੱਟ ਯਾਦਾਂ ਛੱਡਦਾ ਹੋਇਆ ਪੂਰੇ ਜੋਸ਼ੋ-ਖਰੋਸ਼ ਨਾਲ ਸਮਾਪਤ ਹੋ ਗਿਆ। ਇਸ ਯੁਵਕ ਮੇਲੇ ਦੀ ਪ੍ਰਧਾਨਗੀ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਸੁਭਾਸ਼ ਚੰਦਰ ਵੱਲੋਂ ਕੀਤੀ ਗਈ। ਯੁਵਕ ਸੇਵਾਵਾਂ ਦੇ ਸਹਾਇਕ ਡਾਇਰੈਕਟਰ ਸ੍ਰੀ ਰਵੀ ਦਾਰਾ ਅਤੇ ਸ਼ਾਂਤੀ ਦੇਵੀ ਆਰੀਆ ਮਹਿਲਾ ਕਾਲਜ ਦੀ ਪ੍ਰਿੰਸੀਪਲ ਡਾ. ਸੁਸ਼ਮਾ ਗੁਪਤਾ ਅਤੇ ਡੀਨ ਕਲਚਰ ਡਾ. ਕੁਲਵਿੰਦਰ ਕੌਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।

ਇਸ ਦੋ ਰੋਜ਼ਾ ਯੁਵਕ ਮੇਲੇ ਵਿੱਚ ਮੋਨੋ ਐਕਟਿੰਗ, ਕਵੀਸ਼ਰੀ, ਵਾਰ ਗਾਇਨ, ਪੁਰਾਤਨ ਪਹਿਰਾਵਾ, ਰਿਵਾਇਤੀ ਲੋਕ ਕਲਾਵਾਂ, ਲੋਕ ਗੀਤ, ਭੰਗੜੇ ਅਤੇ ਗਿੱਧੇ ਤੋਂ ਇਲਾਵਾ ਰੰਗੋਲੀ ਅਤੇ ਭਾਸ਼ਣ ਮੁਕਾਬਲਿਆਂ ਵਿੱਚ 500 ਤੋਂ ਵੱਧ ਨੌਜਵਾਨ ਕਲਾਕਾਰਾਂ ਨੇ ਭਾਗ ਲਿਆ। ਸਾਰੇ ਹੀ ਮੁਕਾਬਲੇ ਬਹੁਤ ਵਧੀਆ ਸਨ ਅਤੇ ਨੌਜਵਾਨਾਂ ਨੇ ਆਪਣੀ ਪ੍ਰਤੀਭਾ ਦਾ ਪੂਰੀ ਤਰ੍ਹਾਂ ਪ੍ਰਗਟਾਵਾ ਕੀਤਾ। ਇਨ੍ਹਾਂ ਮੁਕਾਬਲਿਆਂ ਵਿੱਚ ਓਵਰ ਆਲ ਟਰਾਫੀ ਸ਼ਾਂਤੀ ਦੇਵੀ ਆਰੀਆ ਮਹਿਲਾ ਕਾਲਜ ਦੀਨਾਨਗਰ ਦੇ ਨਾਮ ਰਹੀ।

ਜੱਜਮੈਂਟ ਵਿੱਚ ਕਵੀਸ਼ਰ ਗੁਰਨਾਮ ਸਿੰਘ, ਢਾਡੀ ਬਲਬੀਰ ਸਿੰਘ, ਸੋਹਣ ਕੁਮਾਰ, ਕਮਲ ਸੰਘਰਾਲ, ਰਾਜੇਸ਼ ਕੁਮਾਰ, ਹਨੀ ਜੱਖੂ, ਗੁਰਮੀਤ ਕੌਰ ਮਾਹਲ, ਗੁਰਮੀਤ ਸਿੰਘ, ਕਵੀ ਮਨਜਿੰਦਰ ਸਿੰਘ, ਤਰੁਨਪਾਲ ਸਿੰਘ, ਮਾਸਟਰ ਮੋਹਨ ਲਾਲ, ਪ੍ਰਿਅੰਕਾ ਮਲਹੋਤਰਾ, ਜਸਪ੍ਰੀਤ ਕੌਰ ਨੇ ਭੂਮਿਕਾ ਨਿਭਾਈ। ਮੰਚ ਸੰਚਾਲਨ ਦੀ ਭੂਮਿਕਾ ਮੈਡਮ ਦਿਲਪ੍ਰੀਤ ਕੌਰ ਅਤੇ ਮੀਨੂ ਨੇ ਬਾਖੂਬੀ ਨਿਭਾਈ। ਇਸ ਮੌਕੇ ਨੌਜਵਾਨ ਲੜਕੇ ਅਤੇ ਲੜਕੀਆਂ ਨੇ ਆਪਣੀਆਂ ਖੂਬਸੂਰਤ ਪੇਸ਼ਕਾਰੀਆਂ ਰਾਹੀਂ ਯੁਵਕ ਮੇਲੇ ਦੀਆਂ ਰੌਣਕਾਂ ਨੂੰ ਵਧਾਇਆ।

ਯੁਵਕ ਮੇਲੇ ਦੇ ਆਖਰੀ ਦਿਨ ਪੰਜਾਬੀ ਦੇ ਮਸ਼ਹੂਰ ਲੋਕ ਗਾਇਕ ਦਲਵਿੰਦਰ ਦਿਆਲਪੁਰੀ ਨੇ ਆਪਣੇ ਸੁਪਰ ਹਿੱਟ ਗੀਤ ਗਾ ਕੇ ਯੁਵਕ ਮੇਲੇ ਵਿੱਚ ਹਾਜ਼ਰ ਸਾਰੇ ਨੌਜਵਾਨ ਲੜਕੇ-ਲੜਕੀਆਂ ਨੂੰ ਭੰਗੜਾ ਪਾਉਣ ਲਈ ਮਜ਼ਬੂਰ ਕਰ ਦਿੱਤਾ।

ਸਮਾਗਮ ਦੇ ਪਹਿਲੇ ਦਿਨ ਵੀ ਨੌਜਵਾਨਾਂ ਦੇ ਵੱਖ-ਵੱਖ ਮੁਕਾਬਲੇ ਹੋਏ ਅਤੇ ਲੜਕੀਆਂ ਵੱਲੋਂ ਰਵਾਇਤੀ ਕਲਾਵਾਂ ਵਿੱਚ ਭਾਗ ਲਿਆ ਗਿਆ। ਪਹਿਲੇ ਦਿਨ ਦੇ ਸਮਾਗਮ ਦੀ ਪ੍ਰਧਾਨਗੀ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਗੁਰਦਾਸਪੁਰ ਸ੍ਰ. ਇੰਦਰਜੀਤ ਸਿੰਘ ਬਾਜਵਾ ਵੱਲੋਂ ਕੀਤੀ ਗਈ।

ਸਮਾਪਤੀ ਸਮਾਗਮ ਮੌਕੇ ਬੋਲਦਿਆਂ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸੁਭਾਸ਼ ਚੰਦਰ ਨੇ ਕਿਹਾ ਕਿ ਨੌਜਵਾਨਾਂ ਦੀ ਪ੍ਰਤੀਭਾ ਨੂੰ ਨਿਖਾਰਨ ਅਤੇ ਉਨ੍ਹਾਂ ਨੂੰ ਪਲੇਟਫਾਰਮ ਦੇਣ ਲਈ ਇਹ ਯੁਵਕ ਮੇਲਾ ਬਹੁਤ ਵਧੀਆ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਦੇ ਇਹ ਯਤਨ ਨੌਜਵਾਨੀ ਨੂੰ ਸੇਧ ਦੇਣ ਅਤੇ ਉਨ੍ਹਾਂ ਦੀ ਸਖਸ਼ੀਅਤ ਨੂੰ ਨਿਖਾਰਨ ਵਿੱਚ ਸਹਾਈ ਹੋਣਗੇ। ਇਸ ਮੌਕੇ ਸ੍ਰੀ ਸੁਭਾਸ਼ ਚੰਦਰ ਨੇ ਯੁਵਕ ਮੇਲੇ ਦੇ ਜੇਤੂ ਨੂੰ ਇਨਾਮ ਵੀ ਤਕਸੀਮ ਕੀਤੇ।

Written By
The Punjab Wire