Close

Recent Posts

ਗੁਰਦਾਸਪੁਰ ਪੰਜਾਬ

ਲੜਕੀਆਂ ਦੀ ਭਲਾਈ ਲਈ ਵਰਦਾਨ ਸਾਬਤ ਹੋ ਰਹੀ ਹੈ ਸੁਕੰਨਿਆ ਸਮਰਿਧੀ ਯੋਜਨਾ

ਲੜਕੀਆਂ ਦੀ ਭਲਾਈ ਲਈ ਵਰਦਾਨ ਸਾਬਤ ਹੋ ਰਹੀ ਹੈ ਸੁਕੰਨਿਆ ਸਮਰਿਧੀ ਯੋਜਨਾ
  • PublishedFebruary 8, 2024

ਡਿਪਟੀ ਕਮਿਸ਼ਨਰ ਵੱਲੋਂ ਮਾਪਿਆਂ ਨੂੰ ਆਪਣੀਆਂ ਧੀਆਂ ਦੇ ਸੁਨਿਹਰੀ ਭਵਿੱਖ ਲਈ ਸੁਕੰਨਿਆ ਸਮਰਿਧੀ ਯੋਜਨਾ ਦੇ ਬਚਤ ਖਾਤੇ ਖੁਲ੍ਹਵਾਉਣ ਦੀ ਅਪੀਲ

ਗੁਰਦਾਸਪੁਰ, 8 ਫਰਵਰੀ 2024 (ਦੀ ਪੰਜਾਬ ਵਾਇਰ )। ਬੇਟੀ ਬਚਾਓ, ਬੇਟੀ ਪੜ੍ਹਾਓ ਯੋਜਨਾ ਤਹਿਤ ਲੜਕੀਆਂ ਦੀ ਭਲਾਈ ਨੂੰ ਉਤਸ਼ਾਹਿਤ ਕਰਨ ਅਤੇ ਭਵਿੱਖ ਵਿੱਚ ਲੜਕੀਆਂ ਦੀ ਪੜ੍ਹਾਈ ਅਤੇ ਵਿਆਹ ਦੇ ਖਰਚੇ ਨੂੰ ਪੂਰਾ ਕਰਨ ਦੇ ਉਦੇਸ਼ ਨੂੰ ਮੁੱਖ ਰੱਖ ਕੇ ਭਾਰਤ ਸਰਕਾਰ ਵੱਲੋਂ `ਸੁਕੰਨਿਆ ਸਮਿਰਧੀ ਯੋਜਨਾ` ਚਲਾਈ ਜਾ ਰਹੀ ਹੈ। ਇਸ ਯੋਜਨਾ ਤਹਿਤ 10 ਸਾਲ ਦੀ ਉਮਰ ਤੱਕ ਦੀ ਲੜਕੀ ਦੇ ਨਾਂ ਤੇ ਡਾਕਖਾਨੇ ਅਤੇ ਬੈਂਕ ਵਿੱਚ ਖਾਤਾ ਖੋਲਿਆ ਜਾ ਸਕਦਾ ਹੈ।

ਸੁਕੰਨਿਆ ਸਮਰਿਧੀ ਯੋਜਨਾ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦਸਿਆ ਕਿ ਲੜਕੀ ਦੇ ਮਾਤਾ ਪਿਤਾ/ਕਾਨੂੰਨੀ ਸਰਪ੍ਰਸਤ ਜੋ ਭਾਰਤ ਦਾ ਨਾਗਰਿਕ ਤੇ ਨਿਵਾਸੀ ਹੈ, ਬੱਚੀ ਦੀ ਤਰਫੋਂ ਖਾਤਾ ਬੈਂਕ/ਡਾਕਖਾਨੇ ਵਿੱਚ ਖੁਲਵਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਦੋ ਲੜਕੀਆਂ ਜਾਂ (ਜੁੜਵਾ ਲੜਕੀਆਂ ਦੇ ਮਾਮਲੇ ਵਿੱਚ ਵੱਧ ਤੋਂ ਵੱਧ ਤਿੰਨ) ਤੱਕ ਦੇ ਖਾਤੇ ਖੋਲੇ ਜਾ ਸਕਦੇ ਹਨ। ਹਰੇਕ ਬੱਚੀ ਲਈ ਵਿਅਕਤੀਗਤ ਖਾਤਾ ਹੋਵੇਗਾ। ਯੋਜਨਾ ਤਹਿਤ ਜਮ੍ਹਾਂ ਰਾਸ਼ੀ ਦੀ ਸੀਮਾ ਘੱਟੋ-ਘੱਟ 1000 ਰੁਪਏ ਪ੍ਰਤੀ ਸਾਲ ਅਤੇ ਵੱਧ ਤੋਂ ਵੱਧ ਡੇਢ ਲੱਖ ਪ੍ਰਤੀ ਸਾਲ ਹੈ। ਖਾਤਾ ਭਾਰਤ ਵਿੱਚ ਕਿਤੇ ਵੀ ਇੱਕ ਪੋਸਟ ਆਫਿਸ/ਬੈਂਕ ਤੋਂ ਦੂਜੇ ਵਿੱਚ ਟ੍ਰਾਂਸਫਰ ਕੀਤਾ ਜਾ ਸਕਦਾ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਭਾਰਤ ਸਰਕਾਰ ਹਰ ਵਿੱਤੀ ਸਾਲ ਲਈ ਵਿਆਜ ਦਰ ਦਾ ਐਲਾਨ ਕਰਦੀ ਹੈ ਅਤੇ ਇਹ ਵਿਆਜ ਦਰ ਸੁਕੰਨਿਆ ਸਮਰਿਧੀ ਯੋਜਨਾ ਤੇ ਵੀ ਲਾਗੂ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇਸ ਯੋਜਨਾ ਤਹਿਤ ਵਿਆਜ ਦੀ ਦਰ ਸਭ ਤੋਂ ਜਿਆਦਾ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਖਾਤੇ ਵਿੱਚ ਰਾਸ਼ੀ ਖਾਤਾ ਖੋਲਣ ਦੀ ਮਿਤੀ ਤੋਂ 15 ਸਾਲ ਤੱਕ ਜਮਾ ਕਰਵਾਈ ਜਾ ਸਕਦੀ ਹੈ ਅਤੇ ਇਸ ਖਾਤੇ ਦੀ ਮਿਆਦ ਖਾਤਾ ਖੋਲਣ ਦੀ ਮਿਤੀ ਤੋਂ 21 ਸਾਲ ਪੂਰੀ ਹੋਣ ਤੱਕ ਹੋਵੇਗੀ। ਖਾਤਾਧਾਰਕ ਖਾਤਾ ਖੁੱਲਣ ਦੀ ਮਿਤੀ ਤੋਂ 21 ਸਾਲ ਪੂਰੇ ਹੋਣ ਤੇ ਜਮ੍ਹਾਂ ਕੀਤੀ ਸਾਰੀ ਰਾਸ਼ੀ ਕਢਵਾ ਸਕਦਾ ਹੈ। ਖਾਤਾਧਾਰਕ ਦੀ ਮੌਤ ਦੀ ਸਥਿਤੀ ਵਿੱਚ ਸਮੇਂ ਤੋਂ ਪਹਿਲਾਂ ਖਾਤਾ ਬੰਦ ਕੀਤਾ ਜਾ ਸਕਦਾ ਹੈ। ਖਾਤਾ ਖੋਲਣ ਦੀ ਮਿਤੀ ਤੋਂ 21 ਸਾਲ ਪੂਰੇ ਹੋਣ ਤੋਂ ਬਾਅਦ ਹੀ ਰਾਸ਼ੀ ਕਢਵਾਉਂਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ। ਬੱਚੀ ਦੀ ਪੜ੍ਹਾਈ ਲਈ ਅੰਸ਼ਿਕ ਰੂਪ ਵਿੱਚ ਰਾਸ਼ੀ ਕਢਵਾਉਣ ਦੀ ਇਜਾਜ਼ਤ ਉਸਦੇ ਦਸਵੀਂ ਪਾਸ ਕਰਨ ਜਾਂ 18 ਸਾਲ ਦੀ ਉਮਰ ਪ੍ਰਾਪਤ ਕਰਨ `ਤੇ ਜੋ ਵੀ ਪਹਿਲਾਂ ਹੋਵੇ ਹੈ। ਖਾਤਾਧਾਰਕ (ਲੜਕੀ) ਨੂੰ ਜੇਕਰ ਕੋਈ ਜਾਨਲੇਵਾ ਬਿਮਾਰੀ ਹੋਂਣ ਦੀ ਸੂਰਤ ਵਿੱਚ ਬਿਨਾਂ ਜੁਰਮਾਨੇ ਦੇ ਸਮੇਂ ਤੋਂ ਪਹਿਲਾਂ ਖਾਤਾ ਬੰਦ ਕਰਵਾਇਆ ਜਾ ਸਕਦਾ ਹੈ।

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਸੁਕੰਨਿਆ ਸਮਰਿਧੀ ਯੋਜਨਾ ਤਹਿਤ ਖਾਤਾਧਾਰਕ ਨੂੰ ਇਨਕਮ ਟੈਕਸ ਐਕਟ ਦੇ ਸੈਕਸ਼ਨ 80-ਸੀ ਤਹਿਤ ਛੋਟ ਹੋਵੇਗੀ। ਇਸ ਸਕੀਮ ਤਹਿਤ ਰਾਸ਼ੀ ਕੈਸ਼/ਚੈੱਕ/ਡਿਮਾਂਡ ਡਰਾਫਟ ਰਾਹੀਂ ਬੈਂਕ ਅਤੇ ਡਾਕਖਾਨੇ ਵਿੱਚ ਜਮਾ ਕਰਵਾਈ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਇਹ ਖਾਤਾ ਖੁਲਵਾਉਣ ਲਈ ਬੱਚੀ ਦਾ ਜਨਮ ਸਰਟੀਫਿਕੇਟ ਜਾਂ ਕੋਈ ਹੋਰ ਵੈਲਿਡ ਦਸਤਾਵੇਜ਼ ਜਿੱਥੋ ਬੱਚੇ ਦੀ ਜਨਮ ਮਿਤੀ ਤਸਦੀਕ ਹੋ ਸਕੇ, ਮਾਤਾ/ਪਿਤਾ/ਕਾਨੂੰਨੀ ਸਰਪ੍ਰਸਤ ਦਾ ਫੋਟੋ ਆਈਡੀ ਪਰੂਫ, ਰਿਹਾਇਸ਼ੀ ਪਤੇ ਦੇ ਸਬੂਤ ਵਜੋਂ ਜਾਂ ਕੋਈ ਹੋਰ ਕੇ.ਵਾਏ.ਸੀ. ਲੋੜੀਦੇ ਹਨ।

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਸੁਕੰਨਿਆ ਸਮਰਿਧੀ ਯੋਜਨਾ ਤਹਿਤ ਜਿਲ੍ਹਾ ਗੁਰਦਾਸਪੁਰ ਵਿੱਚ ਬੈਂਕਾਂ ਰਾਹੀਂ 2892 ਖਾਤੇ ਅਤੇ 2356 ਖਾਤੇ ਡਾਕਖਾਨੇ ਰਾਹੀਂ ਖੋਲੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਹ ਯੋਜਨਾ ਲੜਕੀਆਂ ਦੀ ਭਲਾਈ ਲਈ ਬਹੁਤ ਹੀ ਫਾਇਦੇਮੰਦ ਹੈ ਅਤੇ ਸਾਰੇ ਮਾਪਿਆਂ ਨੂੰ ਆਪਣੀਆਂ ਧੀਆਂ ਦੇ ਸੁਨਿਹਰੀ ਭਵਿੱਖ ਲਈ ਸੁਕੰਨਿਆ ਸਮਰਿਧੀ ਯੋਜਨਾ ਦੇ ਖਾਤੇ ਖੁੱਲ੍ਹਵਾਉਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਇਸ ਯੋਜਨਾ ਦੀ ਵਧੇਰੇ ਜਾਣਕਾਰੀ ਲਈ ਆਪਣੇ ਨੇੜੇ ਦੇ ਡਾਕਘਰ, ਬੈਂਕ ਜਾਂ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਦਫ਼ਤਰਾਂ ਵਿੱਚ ਸੰਪਰਕ ਕੀਤਾ ਜਾ ਸਕਦਾ ਹੈ।

Written By
The Punjab Wire