ਗੁਰਦਾਸਪੁਰ

ਲੋਕ ਨਾਚ ਵਿੱਚ ਗੁਰਦਾਸਪੁਰ ਦੇ ਏਬਲ ਵਿਸ਼ਾਲ ਨੇ ਪਰਚਮ ਲਹਿਰਾਇਆ

ਲੋਕ ਨਾਚ ਵਿੱਚ ਗੁਰਦਾਸਪੁਰ ਦੇ ਏਬਲ ਵਿਸ਼ਾਲ ਨੇ ਪਰਚਮ ਲਹਿਰਾਇਆ
  • PublishedJanuary 31, 2024

ਵਿਧਾਇਕ ਪਾਹੜਾ ਨੇ ਘਰ ਜਾ ਕੇ ਏਬਲ ਵਿਸ਼ਾਲ ਦਾ ਕੀਤਾ ਸਨਮਾਨ

ਗੁਰਦਾਸਪੁਰ, 31 ਜਨਵਰੀ 2024 (ਦੀ ਪੰਜਾਬ ਵਾਇਰ)। ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ, ਜਲੰਧਰ ਵੱਲੋਂ ਬੀਤੇ ਦਿੰਨੀ 10ਵੀਂ ਨੈਸ਼ਨਲ ਡਾਂਸ ਸਪੋਰਟਸ ਚੈਂਪੀਅਨਸ਼ਿਪ ਕਰਵਾਈ ਗਈ। ਜਿਸ ਵਿੱਚ ਗੁਰਦਾਸਪੁਰ ਦੇ ਵਾਰਡ ਨੰਬਰ 29 ਦੇ ਵਸਨੀਕ 7 ਸਾਲਾ ਬੱਚੇ ਏਬਲ ਵਿਸ਼ਾਲ ਪੁੱਤਰ ਵਿਸ਼ਾਲ ਨੇ ਪੰਜਾਬੀ ਲੋਕ ਨਾਚ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ਗੁਰਦਾਸਪੁਰ ਦਾ ਨਾਂ ਰੌਸ਼ਨ ਕੀਤਾ ਹੈ। ਇਹ ਉਪਲਬਧੀ ਹਾਸਲ ਕਰਨ ‘ਤੇ ਹਲਕਾ ਗੁਰਦਾਸਪੁਰ ਤੋਂ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਬੱਚੇ ਏਬਲ ਵਿਸ਼ਾਲ ਨੂੰ ਉਨ੍ਹਾਂ ਦੇ ਗ੍ਰਹਿ ਵਿਖੇ ਸਨਮਾਨਿਤ ਕੀਤਾ | ਇਸ ਦੌਰਾਨ ਉਨ੍ਹਾਂ ਨਾਲ ਵਾਰਡ ਦੀ ਕੌਂਸਲਰ ਮਨਿੰਦਰਬੀਰ ਕੌਰ ਰੰਧਾਵਾ ਵੀ ਮੌਜੂਦ ਸਨ।

ਏਬਲ ਦੇ ਪਿਤਾ ਵਿਸ਼ਾਲ ਨੇ ਦੱਸਿਆ ਕਿ ਉਨ੍ਹਾਂ ਦਾ ਸੱਤ ਸਾਲਾ ਪੁੱਤਰ ਸੇਂਟ ਮੈਰੀ ਸੀਨੀਅਰ ਸੈਕੰਡਰੀ ਸਕੂਲ ਗੁਰਦਾਸਪੁਰ ਵਿੱਚ ਪਹਿਲੀ ਜਮਾਤ ਵਿੱਚ ਪੜ੍ਹਦਾ ਹੈ। ਉਨ੍ਹਾਂ ਦੇ ਪੁੱਤਰ ਨੇ 7 ਜਨਵਰੀ ਨੂੰ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਜਲੰਧਰ ਵੱਲੋਂ ਕਰਵਾਈ ਗਈ 10ਵੀਂ ਨੈਸ਼ਨਲ ਡਾਂਸ ਸਪੋਰਟਸ ਚੈਂਪੀਅਨਸ਼ਿਪ ਵਿੱਚ ਪੰਜਾਬੀ ਲੋਕ ਨਾਚ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ।

ਇਸ ਬੱਚੇ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਵਿਧਾਇਕ ਪਾਹੜਾ ਨੇ ਕਿਹਾ ਕਿ ਜਜਬਾ ਹੋਵੇ ਤਾਂ ਕੋਈ ਵੀ ਟੀਚਾ ਹਾਸਲ ਕੀਤਾ ਜਾ ਸਕਦਾ ਹੈ ਬੱਸ ਉਸ ਨੂੰ ਪ੍ਰਾਪਤ ਕਰਨ ਲਈ ਮਿਹਨਤ ਕੀਤੀ ਜਾਵੇ। ਉਨ੍ਹਾਂ ਪ੍ਰਮਾਤਮਾ ਅੱਗੇ ਅਰਦਾਸ ਵੀ ਕੀਤੀ ਕਿ ਇਹ ਬੱਚਾ ਜ਼ਿੰਦਗੀ ਵਿੱਚ ਹੋਰ ਉਚਾਈਆਂ ਹਾਸਲ ਕਰੇ। ਉਨ੍ਹਾਂ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਬੱਚਿਆਂ ਨੂੰ ਅਜਿਹੇ ਮੁਕਾਬਲਿਆਂ ਵਿੱਚ ਵੀ ਭਾਗ ਲੈਣਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਅੰਦਰ ਛੁਪੇ ਹੁਨਰ ਨੂੰ ਬਾਹਰ ਲਿਆਂਦਾ ਜਾ ਸਕੇ।

Written By
The Punjab Wire