1 ਤੋਂ 3 ਫਰਵਰੀ ਤੱਕ ਕਲਾ ਕੇਂਦਰ ਗੁਰਦਾਸਪੁਰ ਵਿਖੇ ਹੋਣਗੇ ਜ਼ਿਲ੍ਹਾ ਪੱਧਰੀ ਸੰਗੀਤ ਤੇ ਡਾਂਸ ਮੁਕਾਬਲੇ
ਮੁਕਾਬਲੇ ਵਿੱਚ ਭਾਗ ਲੈਣ ਦੇ ਚਾਹਵਾਨ ਆਪਣੇ ਸਕੂਲਾਂ ਰਾਹੀਂ ਜਾਂ ਦਫ਼ਤਰ ਜ਼ਿਲ੍ਹਾ ਸਿੱਖਿਆ ਅਫ਼ਸਰ ਰਾਹੀਂ ਆਪਣੀ ਐਂਟਰੀ ਦਰਜ ਕਰਾ ਸਕਦੇ ਹਨ
ਗੁਰਦਾਸਪੁਰ, 30 ਜਨਵਰੀ 2024 (ਦੀ ਪੰਜਾਬ ਵਾਇਰ ) । ਪੰਜਾਬ ਸਰਕਾਰ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਜ਼ਿਲ੍ਹਾ ਬਾਲ ਭਲਾਈ ਕੌਂਸਲ ਦੇ ਪ੍ਰਬੰਧਾਂ ਹੇਠ ਜ਼ਿਲ੍ਹਾ ਹੈਰੀਟੇਜ ਸੁਸਾਇਟੀ ਦੇ ਸਹਿਯੋਗ ਨਾਲ ਕਲਾ ਕੇਂਦਰ, ਗੁਰਦਾਸਪੁਰ ਵਿਖੇ ਮਿਤੀ 1 ਤੋਂ 3 ਫਰਵਰੀ ਤੱਕ ਜ਼ਿਲ੍ਹਾ ਪੱਧਰੀ ਸੰਗੀਤ ਤੇ ਡਾਂਸ ਮੁਕਾਬਲੇ ਕਰਵਾਏ ਜਾ ਰਹੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਇਨ੍ਹਾਂ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਸੋਲੋ ਡਾਂਸ (ਕਲਾਸੀਕਲ ਅਤੇ ਫੋਕ), ਗਰੁੱਪ ਡਾਂਸ (ਗਿੱਧਾ ਭੰਗੜਾ, ਲੁੱਡੀ, ਸੰਮੀ ਅਤੇ ਝੂਮਰ), ਕੋਰੀਉਗਰਾਫ਼ੀ (ਦੇਸ਼ ਭਗਤੀ, ਵਿਰਸਾ, ਸਭਿਆਚਾਰ, ਸਮਾਜਿਕ ਬੁਰਾਈਆਂ ’ਤੇ ਅਧਾਰਿਤ), ਗਰੁੱਪ ਗੀਤ ਅਤੇ ਸੋਲੋ ਗੀਤ ਅਤੇ ਗ਼ਜ਼ਲ ਦੇ ਮੁਕਾਬਲੇ ਹੋਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਭਾਗ ਲੈਣ ਦੇ ਚਾਹਵਾਨ ਆਪਣੇ ਸਕੂਲਾਂ ਰਾਹੀਂ ਜਾਂ ਜ਼ਿਲ੍ਹਾ ਸਿੱਖਿਆ ਅਫ਼ਸਰ (ਸ.ਸ.) ਗੁਰਦਾਸਪੁਰ ਵਿਖੇ ਸੰਪਰਕ ਕਰ ਸਕਦੇ ਹਨ। ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਗਏ ਗੂਗਲ ਫਾਰਮ https://docs.google.com/forms/d/e/1FAIpQLSfwLCoBtQRBTP6ESt-f-5eIIqS-B44uLKYTFdBm4aoeJD-0NA/viewform?usp=send_form ਨੂੰ ਭਰ ਕੇ ਵੀ ਆਪਣੀ ਐਂਟਰੀ ਦਰਜ ਕਰਾ ਸਕਦੇ ਹਨ।
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਜ਼ਿਲ੍ਹਾ ਪੱਧਰੀ ਸੰਗੀਤ ਤੇ ਡਾਂਸ ਮੁਕਾਬਲਿਆਂ ਵਿੱਚ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਨਗਦ ਰਾਸ਼ੀ ਅਤੇ ਸਰਟੀਫਿਕੇਟ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਮੋਬਾਈਲ ਨੰਬਰ 95012 30200 ਜਾਂ ਗਾਈਡੈਂਸ ਕਾਊਂਸਲਰ ਦੇ ਨੰਬਰ 78885 92634 ਉੱਪਰ ਸੰਪਰਕ ਕੀਤਾ ਜਾ ਸਕਦਾ ਹੈ।