ਸੁਤੰਤਰਤਾ ਸੰਗਰਾਮ ਦੌਰਾਨ ਜਾਨਾਂ ਕੁਰਬਾਨ ਕਰਨ ਵਾਲੇ ਯੋਧਿਆਂ ਨੂੰ 30 ਜਨਵਰੀ ਨੂੰ ਸਵੇਰੇ 11:00 ਵਜੇ ਦਿੱਤੀ ਜਾਵੇਗੀ ਸ਼ਰਧਾਂਜਲੀ
11:00 ਵਜੇ ਸਾਇਰਨ ਵੱਜਣ ਦੇ ਨਾਲ ਹੀ ਹਰ ਵਿਅਕਤੀ ਆਪਣੇ ਨਿੱਜੀ ਕੰਮ ਛੱਡ ਕੇ ਖੜ੍ਹੇ ਹੋ ਕੇ ਦੋ ਮਿੰਟ ਦਾ ਮੋਨ ਧਾਰਨ ਕਰਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਵੇ – ਡਿਪਟੀ ਕਮਿਸ਼ਨਰ
ਗੁਰਦਾਸਪੁਰ, 29 ਜਨਵਰੀ 2024 (ਦੀ ਪੰਜਾਬ ਵਾਇਰ)। ਦੇਸ਼ ਦੇ ਸੁਤੰਤਰਤਾ ਸੰਗਰਾਮ ਦੌਰਾਨ ਆਪਣੀਆਂ ਜਾਨਾਂ ਦੇਸ਼ ਕੌਮ ਲਈ ਵਾਰਨ ਵਾਲੇ ਸ਼ਹੀਦਾਂ ਦੀ ਯਾਦ ਵਿੱਚ ਹਰ ਸਾਲ ਦੀ ਤਰਾਂ ਇਸ ਵਾਰ ਵੀ ਮਿਤੀ 30 ਜਨਵਰੀ ਨੂੰ ਸਵੇਰੇ 11:00 ਵਜੇ ਜ਼ਿਲ੍ਹਾ ਸਦਰ ਮੁਕਾਮ ਗੁਰਦਾਸਪੁਰ ਵਿਖੇ 2 ਮਿੰਟ ਦਾ ਮੋਨ ਧਾਰ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ 30 ਜਨਵਰੀ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਹੋਣ ਵਾਲੇ ਇਸ ਸ਼ਰਧਾਂਜਲੀ ਸਮਾਗਮ ਵਿੱਚ ਸਮੂਹ ਵਿਭਾਗਾਂ ਦੇ ਅਧਿਕਾਰੀ, ਕਰਮਚਾਰੀ, ਲੋਕਾਂ ਦੇ ਨੁਮਾਇੰਦਿਆਂ/ ਸਾਬਕਾ ਫ਼ੌਜੀ ਅਫ਼ਸਰਾਂ ਸਮੇਤ ਜ਼ਿਲ੍ਹਾ ਵਾਸੀ ਸ਼ਾਮਲ ਹੋਣਗੇ।
ਉਨ੍ਹਾਂ ਦੱਸਿਆ ਕਿ ਸਵੇਰੇ 10:45 ਤੱਕ ਇਕੱਤਰਤਾ ਹੋਣ ਤੋਂ ਬਾਅਦ ਠੀਕ 10:55 ਵਜੇ ਪੁਲਿਸ ਜਵਾਨਾਂ ਵੱਲੋਂ ਹਥਿਆਰ ਉੱਲਟੇ ਕਰਕੇ ਸ਼ਹੀਦਾਂ ਨੂੰ ਗਾਰਡ ਆਫ ਆਨਰ ਦਿੱਤਾ ਜਾਵੇਗਾ। ਇਸ ਦੌਰਾਨ ਪੁਲਿਸ ਜਵਾਨਾਂ ਵੱਲੋਂ ਬਿਗਲ ਵਜਾਇਆ ਜਾਵੇਗਾ ਅਤੇ ਠੀਕ 11:00 ਵਜੇ ਤੋਂ 2 ਮਿੰਟ ਲਈ ਮੋਨ ਧਾਰਿਆ ਜਾਵੇਗਾ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਜੋ ਵੀ ਵਿਅਕਤੀ ਇਸ ਸਰਧਾਂਜਲੀ ਸਮਾਗਮ ਵਿੱਚ ਪਹੁੰਚਣ ਦੇ ਸਮਰੱਥ ਹੋਣ ਉਹ ਆਪਣੀ ਹਾਜ਼ਰੀ ਜਰੂਰ ਭਰਨ।
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਅੱਗੇ ਦੱਸਿਆ ਕਿ 30 ਜਨਵਰੀ ਨੂੰ ਠੀਕ 11 ਵਜੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਗੁਰਦਾਸਪੁਰ ਸ਼ਹਿਰ ਅਤੇ ਮਿਲਕ ਪਲਾਂਟ ਗੁਰਦਾਸਪੁਰ ਵਿੱਚ ਇੱਕੋ ਸਮੇਂ ਸਾਇਰਨ ਵੱਜਣਗੇ ਅਤੇ ਸਾਇਰਨ ਸੁਣ ਕੇ ਹਰ ਵਿਅਕਤੀ ਆਪਣਾ ਨਿੱਜੀ ਕੰਮ ਛੱਡ ਕੇ ਖੜੇ ਹੋ ਕੇ ਦੋ ਮਿੰਟ ਦਾ ਮੋਨ ਧਾਰਨ ਕਰਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਵੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਸਦਰ ਮੁਕਾਮ ਦੇ ਨਾਲ ਜ਼ਿਲ੍ਹੇ ਦੀਆਂ ਸਮੂਹ ਤਹਿਸੀਲਾਂ ਵਿੱਚ ਵੀ ਉਸੇ ਸਮੇਂ ਇਹ ਸ਼ਰਧਾਂਜਲੀ ਸਮਾਗਮ ਕਰਵਾਇਆ ਜਾਵੇਗਾ।