ਗੁਰਦਾਸਪੁਰ, 27 ਜਨਵਰੀ 2024 (ਦੀ ਪੰਜਾਬ ਵਾਇਰ)।। ਬੀਐਸਐਫ ਅਤੇ ਐਸਟੀਐਫ ਅੰਮ੍ਰਿਤਸਰ ਨੇ ਭਾਰਤ-ਪਾਕਿਸਤਾਨ ਸਰਹੱਦ ‘ਤੇ ਸਥਿਤ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਡੇਰੀਵਾਲ ਕਿਰਨ ਵਿੱਚ ਇੱਕ ਸ਼ੱਕੀ ਵਿਅਕਤੀ ਦੇ ਘਰ ‘ਤੇ ਸਾਂਝੀ ਛਾਪੇਮਾਰੀ ਕੀਤੀ। ਬੀਐਸਐਫ ਵੱਲੋਂ ਦਿੱਤੀ ਗਈ ਵਿਸ਼ੇਸ਼ ਸੂਚਨਾ ’ਤੇ 25-26 ਜਨਵਰੀ ਦੀ ਦਰਮਿਆਨੀ ਰਾਤ ਨੂੰ ਇਹ ਸਾਂਝੀ ਛਾਪੇਮਾਰੀ ਕੀਤੀ ਗਈ ਸੀ।
ਤਲਾਸ਼ੀ ਦੌਰਾਨ ਘਰ ‘ਚੋਂ ਪਲਾਸਟਿਕ ਦੀਆਂ 6 ਛੋਟੀਆਂ ਡੱਬਿਆ ‘ਚੋਂ 100 ਗ੍ਰਾਮ ਹੈਰੋਇਨ ਅਤੇ .32 ਬੋਰ ਦੇ 13 ਕਾਰਤੂਸ ਬਰਾਮਦ ਹੋਏ | ਇਸ ਤੋਂ ਇਲਾਵਾ ਇਨਪੁਟ ‘ਤੇ ਅਗਲੀ ਕਾਰਵਾਈ ਕਰਦੇ ਹੋਏ ਨੇੜਲੇ ਪਿੰਡ ਉੱਪਲ ‘ਚ ਇਕ ਹੋਰ ਸ਼ੱਕੀ ਵਿਅਕਤੀ ਦੇ ਘਰ ਵੀ ਛਾਪੇਮਾਰੀ ਕੀਤੀ ਗਈ। ਇਸ ਛਾਪੇਮਾਰੀ ਦੌਰਾਨ ਇੱਕ ਬੰਦੂਕ ਕਿਸਮ(ਪੀ.ਏ.ਜੀ) ਸਮੇਤ 10 ਕਾਰਤੂਸ, ਇੱਕ ਪਿਸਤੌਲ ਅਤੇ ਇੱਕ .32 ਬੋਰ ਦੀ ਗੋਲੀ ਬਰਾਮਦ ਕੀਤੀ ਗਈ ਹੈ।
ਬੀਐਸਐਫ ਦੇ ਬੁਲਾਰੇ ਨੇ ਦੱਸਿਆ ਕਿ ਇਸ ਸਾਂਝੀ ਛਾਪੇਮਾਰੀ ਵਿੱਚ ਕੁੱਲ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿਰੋਧੀ ਅਨਸਰਾਂ ਦੀ ਇੱਕ ਹੋਰ ਗੈਰਕਾਨੂੰਨੀ ਕੋਸ਼ਿਸ਼ ਨੂੰ ਬੀਐਸਐਫ ਅਤੇ ਐਸਟੀਐਫ ਅੰਮ੍ਰਿਤਸਰ ਵੱਲੋਂ ਸਾਂਝੇ ਤੌਰ ’ਤੇ ਨਾਕਾਮ ਕਰ ਦਿੱਤਾ ਗਿਆ ਹੈ।
ਇਸ ਸਬੰਧੀ ਕਲਾਨੌਰ ਦੇ ਡੀਐਸਪੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਇਹ ਕਾਰਵਾਈ ਐਸਟੀਐਫ ਅਤੇ ਬੀਐਸਐਫ ਵੱਲੋਂ ਕੀਤੀ ਗਈ ਜਿਸ ਵਿੱਚ ਮਨਜਿੰਦਰ ਸਿੰਘ ਉਰਫ਼ ਮੰਗੂ ਪੁੱਤਰ ਗੁਰਨਾਮ ਸਿੰਘ ਵਾਸੀ ਪਿੰਡ ਉੱਪਲ ਅਤੇ ਗੁਰਪ੍ਰੀਤ ਸਿੰਘ ਉਰਫ਼ ਗੋਪੀ ਪੁੱਤਰ ਗੁਰਨਾਮ ਸਿੰਘ ਵਾਸੀ ਡੇਹਰੀਵਾਲ ਕਿਰਨ ਨੂੰ ਕਾਬੂ ਕੀਤਾ ਗਿਆ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਬੁੱਧਵਾਰ ਰਾਤ ਨੂੰ ਸੀਮਾ ਸੁਰੱਖਿਆ ਬਲ (ਬੀਐਸਐਫ) ਦੇ ਜਵਾਨਾਂ ਨੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਡਰੋਨ ਗਤੀਵਿਧੀ ਦੇਖੀ ਸੀ। ਚੌਕਸ ਸੈਨਿਕਾਂ ਨੇ ਤੁਰੰਤ ਗੋਲੀ ਚਲਾ ਦਿੱਤੀ। ਤਲਾਸ਼ੀ ਮੁਹਿੰਮ ਦੌਰਾਨ ਜਵਾਨਾਂ ਨੂੰ ਹਰੇ ਰੰਗ ਦੀ ਮਿੰਨੀ ਟਾਰਚ ਅਤੇ ਇੱਕ ਪੈਕਟ ਮਿਲਿਆ। ਪੈਕੇਟ ‘ਤੇ ਪੀਲੇ ਰੰਗ ਦੀ ਟੇਪ ਲਪੇਟੀ ਹੋਈ ਸੀ। ਪੈਕੇਟ ਨੂੰ ਖੋਲ੍ਹਣ ‘ਤੇ 531 ਗ੍ਰਾਮ ਹੈਰੋਇਨ ਮਿਲੀ। ਇਹ ਬਰਾਮਦਗੀ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਠੱਠਰਕੇ ਦੇ ਨਾਲ ਲੱਗਦੇ ਇੱਕ ਖੇਤ ਵਿੱਚ ਹੋਈ।