ਗੁਰਦਾਸਪੁਰ

ਗੁਰੂਦਵਾਰਾ ਪਾਤਸ਼ਾਹੀ ਛੇਵੀਂ ਫਗਵਾੜਾ ਵਿਖੇ ਬੇਅਦਬੀ ਦੇ ਬਹਾਨੇ ਕੀਤਾ ਵਿਕਾਸ ਕਪੂਰ ਦਾ ਕਤਲ ਗੰਭੀਰ ਚਿੰਤਾ ਦਾ ਵਿਸ਼ਾ

ਗੁਰੂਦਵਾਰਾ ਪਾਤਸ਼ਾਹੀ ਛੇਵੀਂ ਫਗਵਾੜਾ ਵਿਖੇ ਬੇਅਦਬੀ ਦੇ ਬਹਾਨੇ ਕੀਤਾ ਵਿਕਾਸ ਕਪੂਰ ਦਾ ਕਤਲ ਗੰਭੀਰ ਚਿੰਤਾ ਦਾ ਵਿਸ਼ਾ
  • PublishedJanuary 24, 2024

ਭਾਈ ਚਾਰਕ ਸਾਂਝ ਨੂੰ ਆਂਚ ਨਾ ਆਉਣ ਦੇਵੋ – ਜਮਹੂਰੀ ਅਧਿਕਾਰ ਸਭਾ ਪੰਜਾਬ

ਗੁਰਦਾਸਪੁਰ 24 ਜਨਵਰੀ 2024 (ਦੀ ਪੰਜਾਬ ਵਾਇਰ)। ਜਮਹੂਰੀ ਅਧਿਕਾਰ ਸਭਾ ਪੰਜਾਬ ਨੇ ਬੇਅਦਬੀ ਦੇ ਬਹਾਨੇ ਹੇਠ ਕਤਲ ਕਰਨ ਵਾਲੇ ਰਮਨਦੀਪ ਸਿੰਘ ਮੰਗੂ ਮੱਠ ਉੱਪਰ ਕਤਲ ਦਾ ਕੇਸ ਦਰਜ ਕਰਨ ਅਤੇ ਪੰਜਾਬ ਅੰਦਰ ਲਿੰਚਿਗ ਅਤੇ ਕੱਟੜਤਾ ਦੀ ਮਾਨਸਕਤਾ ਸਿਰਜਣ ਵਾਲੀਆਂ ਅਤੇ ਲੋਕਾਂ ਦਾ ਧਿਆਨ ਬੁਨਿਆਦੀ ਮੁੱਦਿਆਂ ਤੋਂ ਭੜਕਾਉਣ ਵਾਲੀਆਂ ਅਤੇ ਲੋਕਾਈ ਦੀ ਭਾਈਚਾਰਕ ਸਾਂਝ ਨੂੰ ਸੰਨ੍ਹ ਲਾਉਣ ਲਈ ਯਤਨਸ਼ੀਲ ਅਸਲ ਤਾਕਤਾਂ ਨੂੰ ਨੰਗਿਆਂ ਕਰਨ ,ਪੰਜਾਬ ਦੀ ਸਾਂਝੀ ਵਿਰਾਸਤ ਉੱਪਰ ਪਹਿਰਾ ਦੇਣ ਦਾ ਸੱਦਾ ਦਿੱਤਾ ਹੈ।

ਇਸ ਗੱਲ ਦਾ ਖੁਲਾਸਾ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਪ੍ਰਧਾਨ ਪ੍ਰੋ ਜਗਮੋਹਨ ਸਿੰਘ ਜਨਰਲ ਸਕੱਤਰ ਪ੍ਰਿਤਪਾਲ ਸਿੰਘ ਪ੍ਰੈਸ ਸਕੱਤਰ ਅਮਰਜੀਤ ਸ਼ਾਸਤਰੀ ਨੇ ਫਗਵਾੜਾ ਦੇ ਗੁਰਦਵਾਰਾ ਛੇਵੀਂ ਪਾਤਸ਼ਾਹੀ ਵਿਖੇ 16 ਜਨਵਰੀ 2024 ਨੂੰ ਬੇਅਦਬੀ ਬਹਾਨੇ ਇੱਕ ਯਤੀਮ,ਗਰੀਬ ਵਿਕਾਸ ਕਪੂਰ ਵਿਅਕਤੀ ਦੇ ਕਤਲ ਬਾਰੇ ਜਮਹੂਰੀ ਅਧਿਕਾਰ ਸਭਾ ਦੀ ਤੱਥ ਖੋਜ ਰਿਪੋਰਟ ਜਾਰੀ ਕਰਦਿਆਂ ਦਿੱਤਾ। ਆਗੂਆਂ ਨੇ ਕਿਹਾ ਕਿ ਰਮਨਦੀਪ ਸਿੰਘ ਮੰਗੂ ਮੱਠ ਦਾ ਝੂਠ ਸਾਹਮਣੇ ਆ ਗਿਆ ਹੈ ਜਦੋਂ ਉਹ ਇੱਕ ਪਾਸੇ ਆਤਮ ਰੱਖਿਆ ਲਈ ਕੀਤੇ ਵਾਰ ਵਿੱਚ ਵਿਕਾਸ ਕਪੂਰ ਦੀ ਜਾਨ ਚਲੀ ਜਾਣ ਦੀ ਗੱਲ ਕਰਦਾ ਹੈ ਜਦੋਂ ਕਿ ਵੀਡੀਓ ਰਾਹੀ ਕਹਿੰਦਾ ਹੈ ਕਿ “ਬੰਦਾ ਬੇਅਦਬੀ ਕਰਨ ਆਇਆ ਸੀ ਮੈਂ ਮਾਰਤਾ।” ਵੀਡੀਓ ਵਿੱਚ ਵਿਕਾਸ ਕਪੂਰ ਉਸਨੂੰ ਕਿਸੇ ਸੁੱਖੀ ਵੱਲੋਂ ਬੇਅਦਬੀ ਲਈ ਰਕਮ ਦੇਣ ਦੀ ਗੱਲ ਬਾਰੇ ਰਮਨਦੀਪ ਸਿੰਘ ਮੰਗੂ ਮੱਠ ਨੂੰ ਪਤਾ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ। ਇਹ ਆਪਾ ਚਮਕਾਉਣ ਲਈ ਅਤੇ ਵਿਦੇਸ਼ੀ ਸ਼ਰਧਾਲੂਆਂ ਤੋਂ ਪੈਸਾ ਹਾਸਲ ਕਰਨ ਲਈ ਵੀਡੀਓ ਪਾਉਣ ਦਾ ਆਦੀ ਹੈ। ਇਹ ਕਤਲ ਵੀ ਇਸੇ ਮਕਸਦ ਲਈ ਕੀਤਾ ਗਿਆ ਹੈ।

ਜਮਹੂਰੀ ਅਧਿਕਾਰ ਸਭਾ ਪੰਜਾਬ ਨੇ ਰਿਪੋਰਟ ਵਿੱਚ ਨੋਟ ਕੀਤਾ ਹੈ ਕਿ ਕਤਲ ਦੀ ਇਸ ਘਟਨਾ ਨੂੰ ਅੰਜਾਮ ਦਸਵੇਂ ਗੂਰੂ ਗੋਬਿੰਦ ਸਿੰਘ ਦੇ ਗੁਰ ਪੁਰਬ ਦੀ ਪੂਰਬ ਸੰਧਿਆ ਮੌਕੇ ਅਤੇ ਜਲੰਧਰ ਵਿਖੇ 16 ਜਨਵਰੀ ਨੂੰ ਹੋ ਜਾਣ ਜਾ ਰਹੀ ਸੰਯੁਕਤ ਕਿਸਾਨ ਮੋਰਚੇ ਦੀ ਦੇਸ਼ ਪੱਧਰੀ ਕਨਵੈਨਸ਼ਨ ਮੌਕੇ ਦਿੱਤਾ ਗਿਆ ਹੈ ਤਾਂ ਇਸ ਘਟਨਾ ਦੀ ਸਾਜਸ਼ ਵਿੱਚ ਹੋਰ ਤਾਕਤਾਂ ਦੀ ਸ਼ਮੂਲੀਅਤ ਵੀ ਹੋ ਸਕਦੀ ਹੈ। ਰਮਨਦੀਪ ਸਿੰਘ ਮੰਗੂ ਮੱਠ ਜਿਸ ਦਾ ਪਿਛੋਕੜ ਅਪਰਾਧੀ ਹੈ ਅਤੇ ਪੁਲਸ ਮੁਤਾਬਕ ੳਸਦੀ ਰਹਿਣ ਸਹਿਣੀ ਉਸਦੇ ਆਮਦਨ ਸਰੋਤਾਂ ਨਾਲ਼ ਮੇਲ ਨਹੀਂ ਅਤੇ ਉਸ ਦੇ ਡੋਪ ਟੈਸਟ ਵਿੱਚ ਉਹ ਨਸ਼ਿਆਂ ਦਾ ਆਦੀ ਹੋਣਾ ਪਾਇਆ ਗਿਆ ਹੈ। ਪੁਲੀਸ ਨੇ ਘਟਨਾ ਸਥਲ ਉਪਰ ਪਹੁੰਚਣ ਦੀ ਦੇਰੀ ਕਰਕੇ ਅਤੇ ਸੋ੍ਮਣੀ ਗੁਰਦੁਆਰਾ ਪ੍ਬੰਕ ਕਮੇਟੀ ਦੇ ਪ੍ਬੰਧਕਾਂ ਨੇ ਬੇਅਦਬੀ ਦੇ ਸ਼ੱਕੀ ਵਿਅਕਤੀ ਵਿਕਾਸ ਕਪੂਰ ਦੀ ਸੁਰੱਖਿਆ ਦੀ ਜੁੰਮੇਵਾਰੀ ਨਹੀਂ ਨਿਭਾਈ। ਪਿਛਲੇ ਸਮੇਂ ਵਿੱਚ ਬੇਅਦਬੀ ਦੀਆਂ ਘਟਨਾਵਾਂ ਦੇ ਦੋਸ਼ ਵਿੱਚ ਗਰੀਬ ਅਤੇ ਬਹੁਤੇ ਮਾਨਸਕ ਰੋਗੀ ਕਿਸਮ ਦੇ ਵਿਅਕਤੀਆਂ ਉਪਰ ਲਾਕੇ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ ਹੈ ਅਤੇ ਇਹ ਕਿਸੇ ਸਧਾਰਨ ਮਨੁੱਖ ਦੇ ਮਨ ‘ਚੋਂ ਉੱਠੇ ਵਲਵਲਿਆਂ ਤਹਿਤ ਭਾਵਨਾਵਾਂ ਭੜਕਣ ਦੇ ਮਾਮਲੇ ਨਹੀਂ ਹਨ ਬਲਕਿ ਸਾਜ਼ਿਸ਼ ਤਹਿਤ ਅਜਿਹੀਆਂ ਕਾਰਵਾਈਆਂ ਨੂੰ ਅੰਜ਼ਾਮ ਦਿੱਤਾ ਗਿਆ ਹੈ।

ਇਨ੍ਹਾਂ ਘਟਨਾਵਾਂ ਪਿੱਛੇ ਕੰਮ ਕਰਦੀਆਂ ਸ਼ਕਤੀਆਂ ਨੂੰ ਨੰਗੇ ਕਰਨ ਅਤੇ ਉਨ੍ਹਾਂ ਨੂੰ ਸਜ਼ਾਵਾਂ ਦੇਣ ਦੀ ਮੰਗ ਕਰਨ ਦੀ ਲੋੜ ਹੈ। ਮੁੱਠੀ ਭਰ ਲੋਕ ਬੇਅਦਬੀ ਦੀਆਂ ਵਾਰਦਾਤਾਂ ਸਮੇਂ ਸੋਧਾ ਲਾਉਣ ਦੀ ਮਾਨਸਿਕਤਾ ਨੂੰ ਹੱਲਾ ਸ਼ੇਰੀ ਦੇ ਰਹੇ ਹਨ। ਅਤੇ ਦੇਸ਼ ਭਰ ਅੰਦਰ ਭੜਕਾਈ ਜਾ ਰਹੀ ਫ਼ਿਰਕੂ ਪਾਲਬੰਦੀ ਦੀ ਸਿਆਸਤ ਨੂੰ ਪੱਠੇ ਪਾ ਰਹੇ ਹਨ। ਮੁਲਕ ਅੰਦਰ ਗਊ ਰੱਖਿਆ ਦੇ ਨਾਂ ਹੇਠ ਭਗਵਾ ਫਿਰਕਾਪ੍ਰਸਤਾਂ ਵੱਲੋਂ ਪਹਿਲੂ ਖਾਨ ਵਰਗੀਆਂ ਮਾਬ ਲਿੰਚਿੰਗ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਸਭਾ ਨੇ ਪੰਜਾਬ ਦੇ ਸਮੂਹ ਜਮਹੂਰੀ ਤੇ ਇਨਸਾਫ਼ ਪਸੰਦ ਲੋਕਾਂ ਨੂੰ ਲੋਕਾਂ ਦੇ ਬੁਨਿਆਦੀ ਮੁੱਦਿਆਂ ਤੋਂ ਧਿਆਨ ਭਟਕਾਉਣ ਅਤੇ ਦੇਸ਼ ਭਰ ਵਿੱਚ ਫਿਰਕੂ ਜਨੂੰਨੀ ਪਾਲਾਬੰਦੀ ਕਰਨ ਵਾਲੀਆਂ ਤਾਕਤਾਂ ਤੋਂ ਸੁਚੇਤ ਰਹਿਣ ਅਤੇ ਪੰਜਾਬੀਅਤ ਦੀ ਸਾਂਝੀ ਵਿਰਾਸਤ ਉੱਪਰ ਦੇਣ ਦਾ ਸੱਦਾ ਦਿੱਤਾ ਹੈ। ਇਸ ਰਿਪੋਰਟ ਨੂੰ ਪ੍ਰੋ ਜਗਮੋਹਨ ਸਿੰਘ, ਪ੍ਰਿਤਪਾਲ ਸਿੰਘ, ਨਰਭਿੰਦਰ, ਐਡਵੋਕੇਟ ਐਨ ਕੇ ਜੀਤ, ਬੂਟਾ ਸਿੰਘ ਅਤੇ ਐਡਵੋਕੇਟ ਸੁਦੀਪ ਸਿੰਘ ਅਧਾਰਤ ਕਮੇਟੀ ਨੇ ਤੱਥਾਂ ਦੀ ਗੰਭੀਰਤਾ ਨਾਲ ਪੜਤਾਲ ਕਰਨ ਉਪਰੰਤ ਤਿਆਰ ਕਰਨ ਤੋਂ ਬਾਅਦ ਜਾਰੀ ਕੀਤਾ।

Written By
The Punjab Wire