ਕ੍ਰਾਇਮ ਪੰਜਾਬ ਮੁੱਖ ਖ਼ਬਰ

ਵਿਜੀਲੈਂਸ ਬਿਊਰੋ ਵੱਲੋਂ ਸਰਕਾਰੀ ਡਾਕਟਰ, ਉਸ ਦੇ ਸਹਾਇਕ ਸਮੇਤ ਤਿੰਨ ਹੋਰਨਾਂ ਖ਼ਿਲਾਫ਼ ਭ੍ਰਿਸ਼ਟਾਚਾਰ ਦਾ ਕੇਸ ਦਰਜ

ਵਿਜੀਲੈਂਸ ਬਿਊਰੋ ਵੱਲੋਂ ਸਰਕਾਰੀ ਡਾਕਟਰ, ਉਸ ਦੇ ਸਹਾਇਕ ਸਮੇਤ ਤਿੰਨ ਹੋਰਨਾਂ ਖ਼ਿਲਾਫ਼ ਭ੍ਰਿਸ਼ਟਾਚਾਰ ਦਾ ਕੇਸ ਦਰਜ
  • PublishedJanuary 23, 2024

ਰਿਸ਼ਵਤ ਲੈਣ ਦੇ ਦੋਸ਼ ਹੇਠ ਦਰਜਾ-4 ਮੁਲਾਜ਼ਮ ਕੀਤਾ ਗ੍ਰਿਫ਼ਤਾਰ

ਚੰਡੀਗੜ, 23 ਜਨਵਰੀ 2024 (ਦੀ ਪੰਜਾਬ ਵਾਇਰ))। ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਆਪਣੀ ਮੁਹਿੰਮ ਦੌਰਾਨ ਝੂਠੀ ਡਾਕਟਰੀ ਰਿਪੋਰਟ (ਐਮ.ਐਲ.ਆਰ.) ਜਾਰੀ ਕਰਨ ਦੇ ਬਦਲੇ ਰਿਸ਼ਵਤ ਲੈਣ ਦੇ ਦੋਸ਼ ਵਿੱਚ ਇੱਕ ਸਰਕਾਰੀ ਡਾਕਟਰ ਅਤੇ ਉਸਦੇ ਸਹਾਇਕ ਸਮੇਤ ਕੁੱਲ ਪੰਜ ਮੁਲਜ਼ਮਾਂ ਖਿਲਾਫ਼ ਭ੍ਰਿਸ਼ਟਾਚਾਰ ਦਾ ਕੇਸ ਦਰਜ ਕੀਤਾ ਹੈ। ਇਸ ਮਾਮਲੇ ਵਿੱਚ ਇੱਕ ਦਰਜਾ-4 ਮੁਲਾਜ਼ਮ ਨੂੰ ਵਿਚੋਲਾ ਬਣਕੇ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰ ਲਿਆ ਹੈ।

ਇਹ ਪ੍ਰਗਟਾਵਾ ਕਰਦਿਆਂ ਅੱਜ ਇੱਥੇ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਕੁੱਲ ਪੰਜ ਮੁਲਜ਼ਮਾਂ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7, 7-ਏ ਅਤੇ ਆਈਪੀਸੀ ਦੀ ਧਾਰਾ 193, 465, 466, 471, 120-ਬੀ ਤਹਿਤ ਕੇਸ ਦਰਜ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਤਾਇਨਾਤ ਡਾ: ਸ਼ਸ਼ੀ ਭੂਸ਼ਣ, ਉਸ ਦਾ ਸਹਾਇਕ ਰਾਮ ਪ੍ਰਸਾਦ ਉਰਫ ਛੋਟੂ, ਜੋ ਕਿ ਹਸਪਤਾਲ ਵਿੱਚ ਦਰਜਾ-4 ਮੁਲਾਜ਼ਮ ਹੈ, ਤੋਂ ਇਲਾਵਾ ਤਿੰਨ ਆਮ ਵਿਅਕਤੀ ਰੇਖਾ, ਉਸ ਦਾ ਪਿਤਾ ਸ਼ੰਮੀ ਅਤੇ ਮਾਤਾ ਆਸ਼ਾ, ਸਾਰੇ ਵਾਸੀ ਖਟੀਕ ਮੰਡੀ, ਫਿਰੋਜ਼ਪੁਰ ਛਾਉਣੀ, ਸ਼ਾਮਲ ਹਨ।

ਉਨ੍ਹਾਂ ਅੱਗੇ ਦੱਸਿਆ ਕਿ ਇਸ ਸਬੰਧੀ ਇੱਕ ਸ਼ਿਕਾਇਤ ਦੀ ਪੜਤਾਲ ਦੌਰਾਨ ਪਤਾ ਲੱਗਾ ਕਿ ਸ਼ਿਕਾਇਤਕਰਤਾ ਤਰਸੇਮ ਦਾ ਆਪਣੀ ਪਤਨੀ ਰੇਖਾ ਨਾਲ ਝਗੜਾ ਹੋਇਆ ਸੀ, ਜਿਸ ਵਿੱਚ 09.07.2020 ਨੂੰ ਉਸਦੇ ਸਹੁਰਾ ਪਰਿਵਾਰ ਵੱਲੋਂ ਉਸਦੇ ਸੱਜੇ ਹੱਥ ਦੀ ਹੱਡੀ ਅਤੇ ਖੱਬੀ ਲੱਤ ਦੀ ਹੱਡੀ ਤੋੜ ਦਿੱਤੀ ਗਈ ਸੀ। ਇਸ ਸਬੰਧੀ ਉਸ ਦੀ ਪਤਨੀ ਰੇਖਾ, ਸੱਸ ਆਸ਼ਾ, ਸਹੁਰਾ ਸ਼ੰਮੀ ਅਤੇ ਸਾਲਾ ਸੋਨੂੰ ਖ਼ਿਲਾਫ਼ ਥਾਣਾ ਸਿਟੀ ਫਿਰੋਜ਼ਪੁਰ ਵਿੱਚ ਕੇਸ ਦਰਜ ਕੀਤਾ ਗਿਆ ਸੀ।

ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਨੂੰ ਦੱਸਿਆ ਕਿ ਉਸਨੇ ਮਿਤੀ 24.02.2021 ਨੂੰ ਆਪਣੇ ਮੋਬਾਈਲ ਫੋਨ ਦੀ ਐਪਲੀਕੇਸ਼ਨ ਰਾਹੀਂ ਚੈਕ ਕੀਤਾ ਸੀ ਕਿ ਉਸਦੀ ਪਤਨੀ ਰੇਖਾ ਅਤੇ ਉਸਦੇ ਉਕਤ ਪਰਿਵਾਰਕ ਮੈਂਬਰ ਉਕਤ ਦਰਜਾ-4 ਕਰਮਚਾਰੀ ਰਾਮ ਪ੍ਰਸਾਦ ਉਰਫ ਛੋਟੂ ਨੂੰ ਰਿਸ਼ਵਤ ਦੇ ਰਹੇ ਸਨ, ਜਿਸ ਨੇ ਅੱਗੇ ਡਾ. ਸ਼ਸ਼ੀ ਭੂਸ਼ਣ ਨੂੰ ਉਹ ਰਿਸ਼ਵਤ ਸੌਂਪਣੀ ਸੀ ਤਾਂ ਜੋ ਤਰਸੇਮ (ਸ਼ਿਕਾਇਤਕਰਤਾ) ਉਪਰ ਝੂਠਾ ਤੇ ਫ਼ਰਜ਼ੀ ਕੇਸ ਦਰਜ ਕਰਵਾਕੇ ਉਸਨੂੰ ਉਲਝਾਇਆ ਜਾ ਸਕੇ। ਮੁਲਜ਼ਮ ਛੋਟੂ ਇਸ ਮਾਮਲੇ ਵਿੱਚ ਉਕਤ ਡਾਕਟਰ ਲਈ ਰਿਸ਼ਵਤ ਲੈਣ ਅਤੇ ਉਸਨੂੰ ਅੱਗੇ ਦੇਣ ਲਈ ਗੱਲਬਾਤ ਰਾਹੀਂ ਵਿਚੋਲੇ ਦੀ ਭੂਮਿਕਾ ਨਿਭਾ ਰਿਹਾ ਸੀ।

ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਝੂਠੀ ਐੱਮ.ਐੱਲ.ਆਰ. ਦੇ ਆਧਾਰ ’ਤੇ ਉਕਤ ਤਰਸੇਮ ਅਤੇ ਉਸ ਦੇ ਪਿਤਾ ਰਫੀਕ ਖਿਲਾਫ ਪੁਲਸ ਕੇਸ ਦਰਜ ਕਰਵਾ ਦਿੱਤਾ ਗਿਆ। ਪੜਤਾਲ ਦੌਰਾਨ ਸਿਵਲ ਹਸਪਤਾਲ ਫਿਰੋਜ਼ਪੁਰ ਤੋਂ ਪ੍ਰਾਪਤ ਰਿਕਾਰਡ ਅਨੁਸਾਰ ਉਕਤ ਐੱਮ.ਐੱਲ.ਆਰ. ਜਾਅਲੀ ਪਾਈ ਗਈ। ਸ਼ਿਕਾਇਤਕਰਤਾ ਨੇ ਰਾਮ ਪ੍ਰਸਾਦ ਛੋਟੂ ਅਤੇ ਡਾ: ਸ਼ਸ਼ੀ ਭੂਸ਼ਣ ਸਮੇਤ ਆਪਣੇ ਸਹੁਰੇ ਪਰਿਵਾਰ ਦੇ ਉਕਤ ਮੈਂਬਰਾਂ ਵਿਰੁੱਧ ਸਬੂਤ ਵਜੋਂ ਵਿਜੀਲੈਂਸ ਬਿਊਰੋ ਨੂੰ ਇੱਕ ਸੀਡੀ ਸੌਂਪੀ ਜਿਸ ਵਿੱਚ ਉਕਤ ਮੁਲਜ਼ਮਾਂ ਤੋਂ ਮੋਟੀ ਰਿਸ਼ਵਤ ਲੈ ਕੇ ਜਾਅਲੀ ਮੈਡੀਕਲ ਸਰਟੀਫਿਕੇਟ ਜਾਰੀ ਕਰਨ ਦਾ ਝੂਠ ਸਾਬਤ ਹੋ ਗਿਆ।

ਉਨ੍ਹਾਂ ਅੱਗੇ ਦੱਸਿਆ ਕਿ ਵਿਜੀਲੈਂਸ ਰੇਂਜ ਫਿਰੋਜ਼ਪੁਰ ਵੱਲੋਂ ਤਫਤੀਸ਼ ਦੇ ਆਧਾਰ ’ਤੇ ਉਕਤ ਸਾਰੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਕਰਮਚਾਰੀ ਰਾਮ ਪ੍ਰਸਾਦ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਬਾਕੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਬਿਊਰੋ ਵੱਲੋਂ ਛਾਪੇਮਾਰੀ ਜਾਰੀ ਹੈ ਅਤੇ ਕੇਸ ਦੀ ਅਗਲੇਰੀ ਜਾਂਚ ਚੱਲ ਰਹੀ ਹੈ।

Written By
The Punjab Wire