ਅੰਮ੍ਰਿਤ ਕਾਲ ਵੇਲੇ ਸਬਜੀ ਮੰਡੀ ਤੋਂ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਰਮਨ ਬਹਿਲ ਨੇ ਕੀਤਾ ਆਗਾਜ
ਸਮੁੱਚੇ ਦੇਸ਼ ‘ਚ ਬਣਿਆ ਵੱਡੇ ਤਿਉਹਾਰ ਵਰਗਾ ਮਾਹੌਲ-ਰਮਨ ਬਹਿਲ
ਗੁਰਦਾਸਪੁਰ, 22 ਜਨਵਰੀ 2024 (ਦੀ ਪੰਜਾਬ ਵਾਇਰ)। ਅਯੋਧਿਆ ਵਿਖੇ ਸ੍ਰੀ ਰਾਮ ਚੰਦਰ ਜੀ ਦੀ ਮੂਰਤੀ ਸਥਾਪਨਾ ਦੇ ਪ੍ਰਾਣ ਪ੍ਰਤਿਸ਼ਠਾ ਸਮਾਗਮ ਨੂੰ ਲੈ ਕੇ ਅੱਜ ਸਮੁੱਚੇ ਜ਼ਿਲ੍ਹੇ ਅੰਦਰ ਜਸ਼ਨਾਂ ਦਾ ਮਾਹੌਲ ਹੈ ਜਿਸ ਦੇ ਚਲਦਿਆਂ ਅੱਜ ਸਵੇਰੇ ਅੰਮ੍ਰਿਤ ਕਾਲ ਵੇਲੇ ਗੁਰਦਾਸਪੁਰ ਦੀ ਸਬਜੀ ਮੰਡੀ ਵਿਚ ਕਰਵਾਏ ਗਏ ਬੇਹੱਦ ਆਕਰਸ਼ਿਤ ਸਮਾਗਮ ਵਿਚ ਪਹੁੰਚ ਕੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਨੇ ਇਸ ਇਤਿਹਾਸਿਕ ਕੇ ਸ਼ੁਭ ਦਿਹਾੜੇ ਦੀ ਸਭ ਨੂੰ ਵਧਾਈ ਦਿੱਤੀ।
ਇਸ ਮੌਕੇ ਸਬਜੀ ਮੰਡੀ ਆੜਤੀ ਅਤੇ ਫੜੀ ਯੂਨੀਅਨ ਵੱਲੋਂ ਮੰਡੀ ਵਿਚ ਪ੍ਰਭਾਵ ਸ਼ਾਲੀ ਸਮਾਗਮ ਕਰਵਾਇਆ ਗਿਆ ਜਿਸ ਦੌਰਾਨ ਸ੍ਰੀ ਰਾਮ ਦੇ ਭਗਤਾਂ ਦੀ ਸ਼ਰਧਾ ਅਤੇ ਪ੍ਰਬੰਧਾਂ ਨੇ ਗੁਰਦਾਸਪੁਰ ਦੀ ਉਕਤ ਸਬਜੀ ਮੰਡੀ ਨੂੰ ਹੀ ਅਯੋਧਿਆ ‘ਚ ਮਨਾਏ ਜਾ ਰਹੇ ਜਸ਼ਨਾਂ ਦੇ ਰੰਗ ਵਿਚ ਰੰਗ ਦਿੱਤਾ। ਇਸ ਮੌਕੇ ਰਮਨ ਬਹਿਲ ਅਤੇ ਹੋਰ ਸਖਸ਼ੀਅਤਾਂ ਨੇ ਪ੍ਰਭੂ ਰਾਮ ਚੰਦਰ ਜੀ ਪੂਜਾ ਅਰਚਨਾ ਦੇ ਨਾਲ ਇਸ ਪਵਿੱਤਰ ਦਿਹਾੜੇ ਦੀਆਂ ਖੁਸ਼ੀਆਂ ਮਨਾਉਣ ਦੀ ਸ਼ੁਰੂਆਤ ਕੀਤੀ ਜਿਸ ਦੇ ਬਾਅਦ ਪੂਰੇ ਦਿਨ ਗੁਰਦਾਸਪੁਰ ਸ਼ਹਿਰ ਸਮੇਤ ਆਸ ਪਾਸ ਇਲਾਕੇ ਵਿਚ ਜਸ਼ਨਾਂ ਦਾ ਮਾਹੌਲ ਰਿਹਾ।
ਰਮਨ ਬਹਿਲ ਨੇ ਕਿਹਾ ਕਿ ਅੱਜ ਦਾ ਦਿਨ ਰਹਿੰਦੀ ਦੁਨੀਆ ਤੱਕ ਯਾਦ ਰੱਖਿਆ ਜਾਵੇਗਾ ਕਿਉਂਕਿ ਭਗਵਾਨ ਰਾਮ ਚੰਦਰ ਜੀ ਆਪਣੇ ਜਨਮ ਅਸਥਾਨ ਅਯੋਧਿਆ ਦੀ ਪਵਿੱਤਰ ਧਰਤੀ ਦੇ ਬਿਰਾਮਮਾਨ ਹੋ ਰਹੇ ਹਨ। ਉਨਾਂ ਕਿਹਾ ਕਿ ਸਮੁੱਚੇ ਦੇਸ਼ ਵਿਚ ਅੱਜ ਖੁਸ਼ੀਆਂ ਅਤੇ ਇਕ ਵੱਡੇ ਤਿਉਹਾਰ ਵਰਗਾ ਮਾਹੌਲ ਹੈ ਜਿਸ ਤਹਿਤ ਸਿਰਫ ਹਿੰਦੂ ਭਾਈਚਾਰੇ ਦੇ ਲੋਕ ਹੀ ਨਹੀਂ ਸਗੋ ਸਾਰੇ ਧਰਮਾਂ ਦੇ ਲੋਕ ਇਸ ਦਿਨ ਦੀਆਂ ਖੁਸ਼ੀਆਂ ਮਨਾ ਰਹੇ ਹਨ।
ਅੱਜ ਦੇ ਸਮਾਗਮ ਦੌਰਾਨ ਸਬਜੀ ਮੰਡੀ ਵਿਚ ਲੰਗਰ ਵੀ ਲਗਾਏ ਗਏ ਜਿਸ ਦੌਰਾਨ ਹਰੇਕ ਤਰਾਂ ਦੇ ਪਕਵਾਨ ਦਾ ਸ਼ਰਧਾਲੂਆਂ ਤੇ ਮੰਡੀ ਵਿਚ ਆਏ ਲੋਕਾਂ ਨੇ ਆਨੰਦ ਮਾਣਿਆ। ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਭਾਰਤ ਭੂਸ਼ਣ ਸ਼ਰਮਾ, ਯੂਨੀਅਨ ਦੇ ਪ੍ਰਧਾਨ ਰਵੀ ਮਹਾਜਨ, ਕਮਲ ਮਹਾਜਨ ਚੇਅਰਮੈਨ, ਕਮਲ ਅਬਰੋਲ ਮਿੰਟੂ, ਗੋਲਡੀ ਮਹਾਜਨ, ਮਿੰਟਾ ਤੁਲੀ, ਮਨੋਜ ਤੁਲੀ, ਪਵਨ ਕੁਮਾਰ, ਵਿਜੇ ਕੁਮਾਰ, ਧਰਮਪਾਲ ਤੁਲੀ, ਸੁਮਿਤ, ਬੂਟਾ ਹੰਸ, ਅਜੇ, ਕਰਨ ਅਤੇ ਗਗਨ ਆਦਿ ਮੌਜੂਦ ਸਨ।