ਐਸ.ਜੀ.ਪੀ.ਸੀ ਦੀਆਂ ਵੋਟਾਂ ਲਈ 18 ਅਤੇ 21 ਜਨਵਰੀ ਨੂੰ ਲਗਾਏ ਜਾਣਗੇ ਵਿਸ਼ੇਸ਼ ਕੈਂਪ- ਡਿਪਟੀ ਕਮਿਸ਼ਨਰ
ਗੁਰਦਾਸਪੁਰ, 15 ਜਨਵਰੀ 2024 (ਦੀ ਪੰਜਾਬ ਵਾਇਰ)। ਕਮਿਸ਼ਨਰ, ਗੁਰਦੁਆਰਾ ਚੋਣਾਂ, ਪੰਜਾਬ ਵੱਲੋਂ ਜਾਰੀ ਕੀਤੇ ਗਏ ਰਿਵਾਈਜ਼ਡ ਸ਼ਡਿਊਲ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਬੋਰਡ) ਦੀਆਂ ਵੋਟਾਂ ਬਣਾਉਣ ਦਾ ਕੰਮ ਮਿਤੀ 29.02.2024 ਤੱਕ ਮੁਕੰਮਲ ਕੀਤਾ ਜਾਣਾ ਹੈ। ਜਿਸ ਦੇ ਚਲਦੇ ਤੇਜੀ ਲਿਆਉਣ ਲਈ ਜਿਲ੍ਹਾ ਗੁਰਦਾਸਪੁਰ ਅੰਦਰ ਵਿਸ਼ੇਸ਼ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਉਕਤ ਜਾਣਕਾਰੀ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਨੇ ਦਿੰਦੇ ਹੋਏ ਦੱਸਿਆ ਕਿ ਇਹ ਕੈਂਪ 18 ਜਨਵਰੀ 2024 (ਵੀਰਵਾਰ) ਅਤੇ 21 ਜਨਵਰੀ 2024 (ਐਤਵਾਰ) ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਲੱਗਣਗੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇੰਨ੍ਹਾ ਸਪੈਸ਼ਲ ਕੈਂਪਾਂ ਦੌਰਾਨ ਪਟਵਾਰੀਆਂ ਅਤੇ ਬੀ.ਐਲ.ਓਜ਼. ਵੱਲੋਂ ਆਪਣੇ ਏਰੀਏ ਵਿਚ ਡੋਰ ਟੂ ਡੋਰ ਜਾ ਕੇ ਯੋਗ ਬਿਨੈਕਾਰਾ ਪਾਸੋਂ ਫਾਰਮ ਪ੍ਰਾਪਤ ਕੀਤੇ ਜਾਣਗੇ। ਸਪੈਸ਼ਲ ਕੈਂਪ ਦੀ ਸਮਾਪਤੀ ਉਪਰੰਤ ਪਟਵਾਰੀਆਂ ਵੱਲੋਂ ਆਪਣੇ ਏਰੀਏ ਦੇ ਬੀ.ਐਲ.ਓਜ਼. ਪਾਸੋਂ ਫਾਰਮ ਇੱਕਤਰ ਕਰਕੇ ਸਬੰਧਤ ਰਿਵਾਈਜ਼ਿੰਗ ਅਥਾਰਟੀਜ਼ ਪਾਸ ਜਮ੍ਹਾ ਕਰਵਾਏ ਜਾਣਗੇ ।