Close

Recent Posts

ਗੁਰਦਾਸਪੁਰ ਪੰਜਾਬ

ਡਿਪਟੀ ਕਮਿਸ਼ਨਰ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਬਣਾਉਣ ਲਈ ਲੱਗੇ ਵਿਸ਼ੇਸ਼ ਕੈਂਪਾਂ ਦਾ ਜਾਇਜਾ

ਡਿਪਟੀ ਕਮਿਸ਼ਨਰ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਬਣਾਉਣ ਲਈ ਲੱਗੇ ਵਿਸ਼ੇਸ਼ ਕੈਂਪਾਂ ਦਾ ਜਾਇਜਾ
  • PublishedJanuary 15, 2024

29 ਫਰਵਰੀ ਤੱਕ ਕਰਵਾਈ ਜਾ ਸਕਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਲਈ ਰਜਿਸਟਰੇਸ਼ਨ

ਗੁਰਦਾਸਪੁਰ, 15 ਜਨਵਰੀ 2024 (ਦੀ ਪੰਜਾਬ ਵਾਇਰ)। ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਬਣਾਉਣ ਲਈ ਲੱਗੇ ਵਿਸ਼ੇਸ਼ ਕੈਂਪਾਂ ਦਾ ਜਾਇਜਾ ਲਿਆ ਗਿਆ।  ਪਿੰਡ ਗਹੋਤ ਪੋਕਰ, ਚਾਵਾ ਅਤੇ ਨੌਸ਼ਿਹਰਾ ਵਿਖੇ ਲੱਗੇ ਵਿਸ਼ੇਸ਼ ਕੈਂਪਾਂ ਦੌਰਾਨ ਪਹੁੰਚ ਕੇ ਡਿਪਟੀ ਕਮਿਸ਼ਨਰ ਨੇ ਵੋਟਾ ਬਣਵਾਉਣ ਆਏ ਵਿਅਕਤੀਆਂ ਨਾਲ ਗੱਲਬਾਤ ਕੀਤੀ ਅਤੇ ਨਾਲ ਹੀ ਉਨ੍ਹਾਂ ਨੇ ਪਟਵਾਰੀਆਂ ਅਤੇ ਹੋਰ ਸਬੰਧਿਤ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਸਬੰਧੀ ਵੋਟਰ ਰਜਿਸਟਰੇਸ਼ਨ ਦੇ ਕੰਮ ਨੂੰ ਮਿਸ਼ਨ ਮੋਡ ’ਤੇ ਕੀਤਾ ਜਾਵੇ।

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਐੱਸ.ਜੀ.ਪੀ.ਸੀ. ਚੋਣਾਂ ਤਹਿਤ ਵੋਟਾਂ ਦੀ ਰਜਿਸਟਰੇਸ਼ਨ ਦਾ ਕੰਮ 29 ਫਰਵਰੀ 2024 ਤੱਕ ਚੱਲੇਗਾ।  ਉਨ੍ਹਾਂ ਸਬੰਧਿਤ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਲੋਕਾਂ ਨੂੰ ਫਾਰਮ ਜਮ੍ਹਾਂ ਕਰਵਾਉਣ ਵਿੱਚ ਕੋਈ ਦਿੱਕਤ ਪੇਸ਼ ਨਹੀਂ ਆਉਣੀ ਚਾਹੀਦੀ। ਉਨ੍ਹਾਂ ਕਿਹਾ ਕਿ ਪਟਵਾਰੀਆਂ ਅਤੇ ਹੋਰ ਸਬੰਧਤ ਕਰਮਚਾਰੀਆਂ ਨੂੰ ਸਾਰੇ ਪਿੰਡਾਂ/ਮੁਹੱਲਿਆਂ ਵਿੱਚ ਪਹੁੰਚ ਕਰਨੀ ਚਾਹੀਦੀ ਹੈ ਤਾਂ ਜੋ ਕੋਈ ਵੀ ਯੋਗ ਵੋਟਰ ਵੋਟ ਬਣਾਉਣ ਤੋਂ ਵਾਂਝਾ ਨਾ ਰਹਿ ਜਾਵੇ।  ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਐੱਸ.ਡੀ.ਐੱਮਜ਼ ਅਤੇ ਹੋਰ ਸੀਨੀਅਰ ਅਧਿਕਾਰੀਆਂ ਵੱਲੋਂ  ਵੀ ਨਿਯਮਤ ਤੌਰ ’ਤੇ ਇਸ ਪ੍ਰਕਿਰਿਆ ਦੀ ਨਜ਼ਰਸਾਨੀ ਕੀਤੀ ਜਾ ਰਹੀ ਹੈ।  ਉਨ੍ਹਾਂ ਕਿਹਾ ਕਿ ਜੇਕਰ ਵੋਟਰਾਂ ਨੂੰ ਆਪਣੀ ਵੋਟ ਰਜਿਸਟਰਡ ਕਰਾਉਣ ਵਿੱਚ ਕੋਈ ਮੁਸ਼ਕਲ ਆਉਂਦੀ ਹੈ ਜਾਂ ਉਨ੍ਹਾਂ ਨੂੰ ਕੋਈ ਜਾਣਕਾਰੀ ਚਾਹੀਦੀ ਹੈ ਤਾਂ ਉਹ ਜ਼ਿਲ੍ਹਾ ਪ੍ਰਸ਼ਾਸਨ ਦੇ ਹੈਲਪ ਲਾਈਨ ਨੰਬਰ 1800-180-1852 ਜਾਂ ਚੋਣ ਕਮਿਸ਼ਨ ਦੇ ਹੈਲਪ ਲਾਈਨ ਨੰਬਰ 1950 ਉੱਪਰ ਸੰਪਰਕ ਕਰ ਸਕਦੇ ਹਨ।

ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਦਿਹਾਤੀ ਖੇਤਰ ਦੇ ਵੋਟਰ ਆਪਣੇ ਆਪ ਨੂੰ ਵੋਟਰ ਵਜੋਂ ਰਜਿਸਟਰਡ ਕਰਨ ਲਈ ਫਾਰਮ ਪਟਵਾਰੀਆਂ ਪਾਸ ਜਮ੍ਹਾਂ ਕਰਵਾ ਸਕਦੇ ਹਨ ਅਤੇ ਸ਼ਹਿਰੀ ਖੇਤਰ ਵਿੱਚ ਨਗਰ ਕੌਂਸਲ ਜਾਂ ਸਥਾਨਕ ਅਥਾਰਟੀ ਦੇ ਕਰਮਚਾਰੀ ਜਿਨ੍ਹਾਂ ਨੂੰ ਸਬੰਧਿਤ ਖੇਤਰ ਦੀ ਸੋਧ ਅਥਾਰਟੀ ਵਲੋਂ ਨਾਮਜ਼ਦ ਕੀਤਾ ਗਿਆ ਹੈ ਪਾਸ ਫਾਰਮ ਜਮ੍ਹਾ ਕਰਵਾ ਸਕਦੇ ਹਨ।

ਉਨ੍ਹਾਂ ਕਿਹਾ ਕਿ ਇਹ ਫਾਰਮ ਜ਼ਿਲ੍ਹਾ ਪ੍ਰਸ਼ਾਸਨ ਦੀ ਵੈਬਸਾਈਟ https://gurdaspur.nic.in/ ’ਤੇ ਵੀ ਉਪਲੱਬਧ ਹਨ। ਉਨ੍ਹਾਂ ਕਿਹਾ ਕਿ ਯੋਗ ਵੋਟਰ ਵੈਬਸਾਈਟ ਤੋਂ ਫਾਰਮ ਡਾਊਨਲੋਡ ਕਰਕੇ ਆਪਣੇ ਪਟਵਾਰੀ ਪਾਸ ਨਿਰਧਾਰਿਤ ਸਮੇਂ ਅੰਦਰ ਜਮ੍ਹਾਂ ਕਰਵਾਏ ਜਾ ਸਕਦੇ ਹਨ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਐਸ.ਜੀ.ਪੀ.ਸੀ. ਚੋਣ ਪ੍ਰਕਿਰਿਆ ਸਬੰਧੀ ਵੋਟਰ ਸੂਚੀਆਂ ਦੀ ਤਿਆਰੀ ਅਤੇ ਛਪਾਈ ਦਾ ਕੰਮ 01 ਮਾਰਚ 2024 ਤੋਂ 20 ਮਾਰਚ 2024 ਤੱਕ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ 21 ਮਾਰਚ 2024 ਨੂੰ ਮੁੱਢਲੀ ਈ-ਰੋਲ ਪ੍ਰਕਾਸ਼ਿਤ ਕੀਤੀ ਜਾਵੇਗੀ।  ਉਨ੍ਹਾਂ ਅੱਗੇ ਦੱਸਿਆ ਕਿ 11 ਅਪ੍ਰੈਲ 2024 ਤੱਕ ਦਾਅਵੇ ਅਤੇ ਇਤਰਾਜ਼ ਜਮ੍ਹਾ ਕਰਵਾਏ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ 3 ਮਈ 2024 ਨੂੰ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ ਕਰ ਦਿੱਤੀ ਜਾਵੇਗੀ।      

ਇਸ ਮੌਕੇ ਉਨ੍ਹਾਂ ਨਾਲ ਤਹਿਸੀਲਦਾਰ ਗੁਰਦਾਸਪੁਰ ਰਾਜਵਿੰਦਰ ਕੌਰ ਅਤੇ ਤਹਿਸੀਲਦਾਰ ਚੋਣਾਂ ਮਨਜਿੰਦਰ ਸਿੰਘ ਬਾਜਵਾ ਵੀ ਹਾਜ਼ਰ ਸਨ।     

Written By
The Punjab Wire