ਗੁਰਦਾਸਪੁਰ ਪੰਜਾਬ ਮੁੱਖ ਖ਼ਬਰ

ਡਿਊਟੀ ਦੌਰਾਨ ਹਾਦਸੇ ਦਾ ਸ਼ਿਕਾਰ ਹੋਏ ਭਾਰਤੀ ਫ਼ੌਜ ਦੇ ਜਵਾਨ ਗੁਰਪ੍ਰੀਤ ਸਿੰਘ ਦਾ ਉਸ ਦੇ ਜੱਦੀ ਪਿੰਡ `ਚ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ

ਡਿਊਟੀ ਦੌਰਾਨ ਹਾਦਸੇ ਦਾ ਸ਼ਿਕਾਰ ਹੋਏ ਭਾਰਤੀ ਫ਼ੌਜ ਦੇ ਜਵਾਨ ਗੁਰਪ੍ਰੀਤ ਸਿੰਘ ਦਾ ਉਸ ਦੇ ਜੱਦੀ ਪਿੰਡ `ਚ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ
  • PublishedJanuary 13, 2024

ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਪੰਜਾਬ ਸਰਕਾਰ ਤਰਫ਼ੋਂ ਸ਼ਰਧਾਂਜਲੀ ਦਿੱਤੀ

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ, ਐੱਸ.ਐੱਸ.ਪੀ. ਹਰੀਸ਼ ਦਾਯਮਾ ਅਤੇ ਭਾਰਤੀ ਫ਼ੌਜ ਦੇ ਅਧਿਕਾਰੀਆਂ ਨੇ ਵੀ ਸ਼ਰਧਾਂਜਲੀ ਭੇਂਟ ਕੀਤੀ

ਕਾਹਨੂੰਵਾਨ/ਗੁਰਦਾਸਪੁਰ, 13 ਜਨਵਰੀ 2024 (ਦੀ ਪੰਜਾਬ ਵਾਇਰ )। ਸਰਹੱਦੀ ਜਿਲਾ ਗੁਰਦਾਸਪੁਰ ਦੇ ਪਿੰਡ ਭੈਣੀ ਖਾਦਰ ਦੇ ਜੰਮਪਲ ਅਤੇ ਭਾਰਤੀ ਫੌਜ ਦੀ 18 ਆਰ.ਆਰ. 73 ਫੀਲਡ ਰੈਜ਼ੀਮੈਂਟ ਦੇ ਸਿਪਾਹੀ ਗੁਰਪ੍ਰੀਤ ਸਿੰਘ ਜਿਸ ਦੀ ਬੀਤੇ ਦਿਨ ਡਿਊਟੀ ਦੌਰਾਨ ਕਰਦੇ ਗਸਤ ਕਰਦੇ ਸਮੇਂ ਵਾਪਰੇ ਇੱਕ ਹਾਦਸੇ ਦੌਰਾਨ ਮੌਤ ਹੋ ਗਈ ਸੀ, ਅੱਜ ਉਸ ਦਾ ਪਿੰਡ ਭੈਣੀ ਖਾਦਰ ਵਿਖੇ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਮੌਕੇ ਭਾਰਤੀ ਫ਼ੌਜ ਦੇ ਜਵਾਨਾਂ ਨੇ ਆਰਮੀ ਦੇ ਪ੍ਰੋਟੋਕਾਲ ਤਹਿਤ ਆਪਣੇ ਸਾਥੀ ਨੂੰ ਸ਼ਰਧਾਂਜਲੀ ਦਿੱਤੀ।

ਸ਼ਹੀਦ ਗੁਰਪ੍ਰੀਤ ਸਿੰਘ

ਅੱਜ ਸਵੇਰੇ ਜਿਉਂ ਹੀ ਸੈਨਾ ਦੀ ਇੱਕ ਟੁਕੜੀ ਕਰਨਲ ਸੌਰਵ ਸਿੰਘ ਅਤੇ ਫਸਟ ਕਰਨਲ ਵਿਕਾਸ ਕੁਮਾਰ ਤਿਵਾਰੀ ਦੀ ਅਗਵਾਈ ਵਿੱਚ ਫ਼ੌਜੀ ਜਵਾਨ ਗੁਰਪ੍ਰੀਤ ਸਿੰਘ ਦੀ ਤਿਰੰਗੇ ਝੰਡੇ ਵਿੱਚ ਲਪੇਟੀ ਹੋਈ ਮ੍ਰਿਤਕ ਦੇਹ ਉਸਦੇ ਘਰ ਪੁੱਜੀ ਤਾਂ ਪੂਰਾ ਪਿੰਡ ਭਾਰਤ ਮਾਤਾ ਦੀ ਜੈ ਨਾਲ ਨਾਅਰਿਆਂ ਨਾਲ ਗੂੰਜ ਉੱਠਿਆ ਹੈ। ਗੁਰਪ੍ਰੀਤ ਸਿੰਘ ਦੀ ਮਾਤਾ ਲਖਵਿੰਦਰ ਕੌਰ ਵੱਲੋਂ ਆਪਣੇ ਨੌਜਵਾਨ ਗੁਰਪ੍ਰੀਤ ਸਿੰਘ ਦੀ ਮ੍ਰਿਤਕ ਦੇਹ ਨੂੰ ਮੋਢਾ ਦੇ ਕੇ ਸ਼ਮਸ਼ਾਨ ਘਾਟ ਤੱਕ ਲਿਆਂਦਾ, ਜਿੱਥੇ ਉਸ ਦਾ ਹਜ਼ਾਰਾਂ ਨਮ ਅੱਖਾਂ ਦੇ ਸਾਹਮਣੇ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ।

ਸ਼ਹੀਦ ਦੀ ਮਾਤਾ ਲਖਵਿੰਦਰ ਕੌਰ ਨੇ ਦੱਸਿਆ ਕੇ ਗੁਰਪ੍ਰੀਤ ਸਿੰਘ ਪਿਛਲੇ 6 ਸਾਲ ਤੋਂ ਸੇਵਾ ਨਿਭਾ ਰਿਹਾ ਸੀ, ਜੋ ਕਿ ਇਸ ਸਮੇਂ ਜੰਮੂ ਕਸ਼ਮੀਰ ਦੇ ਜ਼ਿਲ੍ਹਾ ਬਾਰਾਮੂਲਾ ਵਿਖੇ ਤਾਇਨਾਤ ਸੀ। ਬੀਤੇ ਦਿਨ ਗੁਰਪ੍ਰੀਤ ਸਿੰਘ ਫ਼ੌਜੀ ਟੁਕੜੀ ਸਮੇਤ ਗੁਲਮਰਗ ਵਿਖੇ ਪਹਾੜੀ ਇਲਾਕੇ ਵਿੱਚ ਗਸ਼ਤ ਕਰ ਰਿਹਾ ਸੀ ਅਤੇ ਇਸੇ ਦੌਰਾਨ ਉਹ ਪੈਰ ਤਿਲਕਣ ਕਾਰਨ ਹਾਦਸੇ ਦਾ ਸ਼ਿਕਾਰ ਹੋ ਗਿਆ।

ਜਵਾਨ ਗੁਰਪ੍ਰੀਤ ਸਿੰਘ ਦੇ ਅੰਤਿਮ ਸੰਸਕਾਰ ਦੇ ਦੌਰਾਨ ਪੰਜਾਬ ਸਰਕਾਰ ਤਰਫ਼ੋਂ ਵੱਲੋਂ ਕੈਬਨਿਟ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਨੇ ਸ਼ਰਧਾਂਜਲੀ ਭੇਂਟ ਕੀਤੀ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸ. ਜਗਰੂਪ ਸਿੰਘ ਸੇਖਵਾਂ, ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ, ਐੱਸ.ਐੱਸ.ਪੀ. ਗੁਰਦਾਸਪੁਰ ਸ੍ਰੀ ਹਰੀਸ਼ ਦਾਯਮਾ, ਐੱਸ.ਡੀ.ਐੱਮ. ਅਮਨਦੀਪ ਕੌਰ ਘੁੰਮਣ, ਨਾਇਬ ਤਹਿਸੀਲਦਾਰ ਸੁਖਵਿੰਦਰ ਸਿੰਘ ਨੇ ਮ੍ਰਿਤਕ ਜਵਾਨ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।

ਇਸ ਮੌਕੇ ਕੈਬਿਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਜਵਾਨ ਗੁਰਪ੍ਰੀਤ ਸਿੰਘ ਦੇ ਨਾਂ ਤੇ ਪਿੰਡ ਵਿੱਚ ਖੇਡ ਸਟੇਡੀਅਮ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਜਦੋਂ ਹੀ ਭਾਰਤੀ ਫ਼ੌਜ ਵੱਲੋਂ ਸਾਰੀ ਕਾਗਜ਼ੀ ਕਾਰਵਾਈ ਮੁਕੰਮਲ ਹੋ ਕੇ ਪਹੁੰਚ ਜਾਵੇਗੀ ਤਾਂ ਪੰਜਾਬ ਸਰਕਾਰ ਵੱਲੋਂ ਪੀੜ੍ਹਤ ਪਰਿਵਾਰ ਦੀ ਸਰਕਾਰ ਦੀ ਨੀਤੀ ਤਹਿਤ ਹਰ ਤਰ੍ਹਾਂ ਨਾਲ ਮਦਦ ਕੀਤੀ ਜਾਵੇਗੀ।

ਇਸ ਮੌਕੇ ਅੱੈਸ.ਪੀ. ਨਵਜੋਤ ਸਿੰਘ, ਕੁਲਵੰਤ ਸਿੰਘ ਭੈਣੀ ਖਾਦਰ, ਠਾਕੁਰ ਬਲਰਾਜ ਸਿੰਘ, ਸਰਪੰਚ ਆਫਤਾਬ ਸਿੰਘ ਕਾਹਨੂੰਵਾਨ, ਮਨਿੰਦਰ ਪਾਲ ਸਿੰਘ ਘੁੰਮਣ, ਤਰਸੇਮ ਸਿੰਘ ਕਾਹਨੂੰਵਾਨ, ਜ਼ਿਲ੍ਹਾ ਸੈਨਿਕ ਭਲਾਈ ਵਿਭਾਗ ਗੁਰਦਾਸਪੁਰ ਦੇ ਕੈਪਟਨ ਸਕੱਤਰ ਸਿੰਘ, ਸੂਬੇਦਾਰ ਮੇਜਰ ਰੁਪਿੰਦਰ ਸਿੰਘ, ਸੁਪਰਡੈਂਟ ਸੁਦੇਸ਼ ਕੁਮਾਰ, ਵਰਿੰਦਰ ਵਿੱਕੀ, ਜਸਪਾਲ ਸਿੰਘ ਭੰਦੇਰ ਚੇਅਰਮੈਨ ਮਾਰਕੀਟ ਕਮੇਟੀ ਕਾਹਨੂੰਵਾਨ ਅਤੇ ਮੋਹਣ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਕਾਦੀਆਂ ਤੋਂ ਇਲਾਵਾ ਵੱਡੀ ਗਿਣਤੀ `ਚ ਇਲਾਕੇ ਦੇ ਲੋਕ ਅਤੇ ਰਿਸ਼ਤੇਦਾਰ ਹਾਜ਼ਰ ਸਨ।

Written By
The Punjab Wire