ਦਸੰਬਰ 2018 ਵਿੱਚ ਦਰਜ ਹੋਇਆ ਸੀ ਮਾਮਲਾ
ਗੁਰਦਾਸਪੁਰ, 12 ਜਨਵਰੀ 2024 (ਦੀ ਪੰਜਾਬ ਵਾਇਰ)। ਗੁਰਦਾਸਪੁਰ ਪੁਲੀਸ ਵੱਲੋਂ ਪੰਜ ਸਾਲ ਪਹਿਲਾਂ ਦਰਜ ਇੱਕ ਮਾਮਲੇ ਵਿੱਚ ਮਾਨਯੋਗ ਅਦਾਲਤ ਨੇ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਅਤੇ ਸਾਬਕਾ ਮੁੱਖ ਸੰਸਦੀ ਸਕੱਤਰ ਗੁਰਬਚਨ ਸਿੰਘ ਬੱਬੇਹਾਲੀ ਸਹਿਤ 10 ਵਿਅਕਤੀਆਂ ਨੂੰ ਬਾਇੱਜ਼ਤ ਬਰੀ ਕਰ ਦਿੱਤਾ ਹੈ ।
ਗੁਰਬਚਨ ਸਿੰਘ ਬੱਬੇਹਾਲੀ ਤੋਂ ਇਲਾਵਾ ਹੋਰ ਜਿਨ੍ਹਾਂ ਨੂੰ ਬਰੀ ਕੀਤਾ ਗਿਆ ਹੈ ਉਨ੍ਹਾਂ ਵਿੱਚ ਨਗਰ ਸੁਧਾਰ ਟਰੱਸਟ, ਗੁਰਦਾਸਪੁਰ ਦੇ ਸਾਬਕਾ ਚੇਅਰਮੈਨ ਸਤੀਸ਼ ਕੁਮਾਰ ਡਿੰਪਲ, ਮਿਲਕ ਪਲਾਂਟ, ਗੁਰਦਾਸਪੁਰ ਦੇ ਸਾਬਕਾ ਚੇਅਰਮੈਨ ਅਮਰਜੋਤ ਸਿੰਘ ਬੱਬੇਹਾਲੀ, ਹੀਰਾ ਸਿੰਘ, ਰੂਪ ਲਾਲ, ਰਜਿੰਦਰ ਸਿੰਘ, ਪੁਸ਼ਪਿੰਦਰ ਸਿੰਘ, ਦਲੀਪ ਚੰਦ, ਸੁਰੇਸ਼ ਕੁਮਾਰ, ਥੁੜਾ ਰਾਮ ਸ਼ਾਮਲ ਹਨ । ਇਨ੍ਹਾਂ ਸਭ ਖਿਲਾਫ 18 ਦਸੰਬਰ 2018 ਨੂੰ ਸਿਟੀ ਪੁਲੀਸ ਸਟੇਸ਼ਨ, ਗੁਰਦਾਸਪੁਰ ਵਿੱਚ ਮਾਮਲਾ ਦਰਜ ਕੀਤਾ ਗਿਆ ਸੀ ।
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਰਦਾਰ ਬੱਬੇਹਾਲੀ ਨੇ ਦੋਸ਼ ਲਗਾਉਂਦੇ ਹੋਏ ਦੱਸਿਆ ਕਿ ਕਾਂਗਰਸ ਸਰਕਾਰ ਵੱਲੋਂ ਉਨ੍ਹਾਂ ਖਿਲਾਫ ਰਾਜਨੀਤਿਕ ਰੰਜਿਸ਼ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਜਿਸ ਵਿੱਚ ਉਹ ਸਾਫ ਬਰੀ ਹੋਏ ਹਨ । ਮਾਨਯੋਗ ਅਦਾਲਤ ਨੇ ਉਨ੍ਹਾਂ ਨੂੰ ਸਾਰੇ ਦੋਸ਼ਾਂ ਤੋਂ ਨਿਰਦੋਸ਼ ਪਾਉਂਦਿਆਂ ਫੈਸਲਾ ਦਿੱਤਾ ਹੈ । ਸਰਦਾਰ ਬੱਬੇਹਾਲੀ ਨੇ ਕਿਹਾ ਕਿ ਉਨ੍ਹਾਂ ਹਮੇਸ਼ਾਂ ਨਿਆਂ ਪ੍ਰਣਾਲੀ ਤੇ ਭਰੋਸਾ ਜਤਾਇਆ ਹੈ । ਸੱਚਾਈ ਅਤੇ ਬੇਗੁਨਾਹੀ ਦੀ ਸਦਾ ਹੀ ਜਿੱਤ ਹੁੰਦੀ ਹੈ ।