ਗੁਰਦਾਸਪੁਰ ਪੰਜਾਬ

ਚੇਅਰਮੈਨ ਜਗਰੂਪ ਸਿੰਘ ਸੇਖਵਾਂ ਨੇ ਧਾਰੀਵਾਲ ਸ਼ਹਿਰ ਦੀਆਂ ਸਮੱਸਿਆਵਾਂ ਦੇ ਹੱਲ ਲਈ ਅਧਿਕਾਰੀਆਂ ਨਾਲ ਮੀਟਿੰਗ ਕੀਤੀ

ਚੇਅਰਮੈਨ ਜਗਰੂਪ ਸਿੰਘ ਸੇਖਵਾਂ ਨੇ ਧਾਰੀਵਾਲ ਸ਼ਹਿਰ ਦੀਆਂ ਸਮੱਸਿਆਵਾਂ ਦੇ ਹੱਲ ਲਈ ਅਧਿਕਾਰੀਆਂ ਨਾਲ ਮੀਟਿੰਗ ਕੀਤੀ
  • PublishedJanuary 8, 2024

ਸ਼ਹਿਰ ਦੀ ਟਰੈਫਿਕ ਸਮੱਸਿਆ ਨੂੰ ਹੱਲ ਕਰਨ ਲਈ ਵਿਸ਼ੇਸ਼ ਜ਼ੋਰ ਦਿੱਤਾ ਜਾਵੇਗਾ – ਸੇਖਵਾਂ

ਕੂੜੇ ਦੇ ਡੰਪ ਦਾ ਮਸਲਾ ਹੱਲ ਕਰਨ ਲਈ ਜਲਦ ਸ਼ੁਰੂ ਹੋਵੇਗਾ ਪ੍ਰੋਜੈਕਟ – ਸੇਖਵਾਂ

ਧਾਰੀਵਾਲ/ਗੁਰਦਾਸਪੁਰ, 8 ਜਨਵਰੀ 2024 (ਦੀ ਪੰਜਾਬ ਵਾਇਰ )। ਜ਼ਿਲ੍ਹਾ ਯੋਜਨਾ ਕਮੇਟੀ ਗੁਰਦਾਸਪੁਰ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਜਨਰਲ ਸਕੱਤਰ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਕਿਹਾ ਹੈ ਕਿ ਧਾਰੀਵਾਲ ਸ਼ਹਿਰ ਦੇ ਸਰਬਪੱਖੀ ਵਿਕਾਸ ਦੇ ਨਾਲ ਇੱਥੇ ਟਰੈਫ਼ਿਕ ਅਤੇ ਕੂੜੇ ਦੇ ਡੰਪ ਦੀ ਸਮੱਸਿਆ ਨੂੰ ਹੱਲ ਕਰਨ ਵਿਸ਼ੇਸ਼ ਯਤਨ ਕੀਤੇ ਜਾਣਗੇ।

ਧਾਰੀਵਾਲ ਵਿਖੇ ਸ਼ਹਿਰ ਦੀਆਂ ਸਮੱਸਿਆਵਾਂ ਦੇ ਹੱਲ ਲਈ ਸਿਵਲ ਤੇ ਪੁਲਿਸ ਵਿਭਾਗ ਦੇ ਅਧਿਕਾਰੀਆਂ ਨਾਲ ਗੱਲ ਕਰਦਿਆਂ ਚੇਅਰਮੈਨ ਜਗਰੂਪ ਸਿੰਘ ਸੇਖਵਾਂ ਨੇ ਕਿਹਾ ਕਿ ਧਾਰੀਵਾਲ ਸ਼ਹਿਰ ਵਿੱਚ ਦਿਨੋ-ਦਿਨ ਟਰੈਫ਼ਿਕ ਦੀ ਸਮੱਸਿਆ ਵਧਦੀ ਜਾ ਰਹੀ ਹੈ ਜਿਸ ਨੂੰ ਹੱਲ ਕਰਨ ਪੁਲਿਸ ਵਿਭਾਗ ਦੇ ਟਰੈਫ਼ਿਕ ਵਿੰਗ ਦੇ 10 ਮੁਲਾਜ਼ਮ ਧਾਰੀਵਾਲ ਸ਼ਹਿਰ ਵਿੱਚ ਤਾਇਨਾਤ ਕਰਨ ਲਈ ਉੱਚ ਅਧਿਕਾਰੀਆਂ ਨਾਲ ਰਾਬਤਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਟਰੈਫ਼ਿਕ ਪੁਲਿਸ ਦੇ ਇਹ ਮੁਲਾਜ਼ਮ ਸ਼ਹਿਰ ਵਿੱਚ ਟਰੈਫ਼ਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਆਪਣੀ ਡਿਊਟੀ ਨਿਭਾਉਣਗੇ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਵੱਲੋਂ ਧਾਰੀਵਾਲ ਸ਼ਹਿਰ ਵਿੱਚ ਵਾਹਨਾਂ ਦੀ ਪਾਰਕਿੰਗ ਲਈ ਤਿੰਨ ਥਾਵਾਂ ਨਿਰਧਾਰਿਤ ਕੀਤੀਆਂ ਜਾਣਗੀਆਂ ਤਾਂ ਜੋ ਸੜਕਾਂ ਕਿਨਾਰੇ ਵਾਹਨਾਂ ਦੀ ਪਾਰਕਿੰਗ ਰੁਕ ਸਕੇ।

ਚੇਅਰਮੈਨ ਜਗਰੂਪ ਸਿੰਘ ਸੇਖਵਾਂ ਨੇ ਅੱਗੇ ਕਿਹਾ ਕਿ ਸ਼ਹਿਰ ਦੀ ਸਬਜ਼ੀ ਮੰਡੀ ਨੂੰ ਮਾਰਕਿਟ ਕਮੇਟੀ ਧਾਰੀਵਾਲ ਵਿਖੇ ਸ਼ਿਫ਼ਟ ਕੀਤਾ ਜਾਵੇਗਾ ਅਤੇ ਓਥੇ ਸਬਜ਼ੀ ਮੰਡੀ ਲਈ ਨਵਾਂ ਸ਼ੈੱਡ ਬਣਾ ਕੇ ਤਿਆਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਗਲੇ ਹਫ਼ਤੇ ਸਬਜ਼ੀ ਦੀਆਂ ਦੁਕਾਨਾਂ ਓਥੇ ਸ਼ਿਫ਼ਟ ਹੋਣ ਨਾਲ ਵੀ ਸ਼ਹਿਰ ਦੀ ਟਰੈਫ਼ਿਕ ਸਮੱਸਿਆ ‘ਚ ਸੁਧਾਰ ਹੋਵੇਗਾ।

ਚੇਅਰਮੈਨ ਜਗਰੂਪ ਸਿੰਘ ਸੇਖਵਾਂ ਨੇ ਅੱਗੇ ਕਿਹਾ ਕਿ ਧਾਰੀਵਾਲ ਸ਼ਹਿਰ ਵਿੱਚ ਕੂੜੇ ਦੇ ਡੰਪ ਦੀ ਸਮੱਸਿਆ ਨੂੰ ਹੱਲ ਕਰਨ ਲਈ ਵੀ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕੂੜੇ ਦੇ ਹੱਲ ਲਈ 72 ਲੱਖ ਰੁਪਏ ਮਨਜ਼ੂਰ ਹੋ ਗਏ ਹਨ ਅਤੇ ਇਸ ਪ੍ਰੋਜੈਕਟ ਦਾ ਟੈਂਡਰ ਹੋ ਚੁੱਕਾ ਹੈ ਅਤੇ ਟੈਕਨੀਕਲ ਬਿੱਡ ਮਨਜ਼ੂਰੀ ਲਈ ਮੁੱਖ ਦਫ਼ਤਰ ਵਿਖੇ ਭੇਜੀ ਗਈ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਸੀਵਰੇਜ ਦੀ ਸਮੱਸਿਆ ਦੇ ਹੱਲ ਲਈ ਵੀ ਯਤਨ ਕੀਤੇ ਜਾਣਗੇ। ਸ. ਸੇਖਵਾਂ ਨੇ ਕਿਹਾ ਕਿ ਧਾਰੀਵਾਲ ਸ਼ਹਿਰ ਕਾਦੀਆਂ ਵਿਧਾਨ ਸਭਾ ਹਲਕਾ ਅਤੇ ਗੁਰਦਾਸਪੁਰ ਜ਼ਿਲ੍ਹੇ ਦਾ ਪ੍ਰਮੁੱਖ ਸ਼ਹਿਰ ਹੈ ਅਤੇ ਇਸਦੇ ਸਰਬਪੱਖੀ ਵਿਕਾਸ ਅਤੇ ਇੱਥੋਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਲਈ ਰਾਜ ਸਰਕਾਰ ਵਚਨਬੱਧ ਹੈ।

Written By
The Punjab Wire